ਕਾਂਗਰਸ ਵਲੋਂ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ,ਬਗਾਵਤ ਸ਼ੁਰੂ

ਕਾਂਗਰਸ ਵਲੋਂ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ,ਬਗਾਵਤ ਸ਼ੁਰੂ

*ਚੰਨੀ ਚਮਕੌਰ ਸਾਹਿਬ ਤੋਂ ਹੀ ਲੜਨਗੇ ਚੋਣ , ਨਵਜੋਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਰੰਧਾਵਾ , ਓਮ ਪ੍ਰਕਾਸ਼ ਸੋਨੀ , ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਗੁਰਕੀਰਤ ਸਿੰਘ ਕੋਟਲੀ, ਰਾਜਾ ਵੜਿੰਗ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਆਦਿ  ਦਾ ਨਾਂਅ ਵੀ ਸ਼ਾਮਿਲ                            * 4 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ , ਕੈਪਟਨ ਦੇ ਕਰੀਬੀਆਂ ਨੂੰ ਵੀ ਮਿਲੀ ਟਿਕਟ

* ਟਿਕਟਾਂ ਕੱਟੇ ਜਾਣ ਤੋਂ ਖਫ਼ਾ ਕਈ ਆਗੂਆਂ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ             

 ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਸਹਿਮਤੀ-ਕਾਂਗਰਸ ਵਲੋਂ ਬੀਤੇ ਸਨਿਚਰਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਖਰਕਾਰ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ । ਕਾਂਗਰਸ ਨੇ ਆਪਣੀ ਪਹਿਲੀ ਸੂਚੀ '117 ਵਿਧਾਨ ਸਭਾ ਸੀਟਾਂ ਵਿਚੋਂ 86 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਕਾਂਗਰਸ ਵਲੋਂ ਐਲਾਨੀ ਗਈ ਪਹਿਲੀ 'ਹਾਈ ਪ੍ਰੋਫਾਈਲ ਸੂਚੀ' ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਚੰਨੀ ਵਜ਼ਾਰਤ ਦੇ ਤਕਰੀਬਨ ਸਾਰੇ ਮੰਤਰੀਆਂ ਦੇ ਨਾਂਅ ਵੀ ਸ਼ਾਮਿਲ ਹਨ । ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਤੋਂ ਇਲਾਵਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਵਿਜੈ ਇੰਦਰ ਸਿੰਗਲਾ, ਗੁਰਕੀਰਤ ਸਿੰਘ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ, ਸੁਖਬਿੰਦਰ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿਲਜੀਆਂ, ਤਿ੍ਪਤ ਰਾਜਿੰਦਰ ਸਿੰਘ ਬਾਜਵਾ ਅਤੇ ਰਣਦੀਪ ਸਿੰਘ ਨਾਭਾ ਦਾ ਨਾਂਂ ਵੀ ਸ਼ਾਮਿਲ ਹੈ ।

ਪਾਰਟੀ ਵਲੋਂ ਜਾਰੀ ਸੂਚੀ ਮੁਤਾਬਿਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਹੀ ਚੋਣ ਲੜਨਗੇ।  ਆਦਮਪੁਰ ਤੋਂ  ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨਿਆ ਗਿਆ ਜੋ ਬਸਪਾ ਵਿਚ ਸੀਨੀਅਰ ਪ੍ਰਧਾਨ ਰਹਿ ਚੁਕੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੰਮਿ੍ਤਸਰ ਪੂਰਬੀਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਅਤੇ ਓ.ਪੀ. ਸੋਨੀ ਅੰਮਿ੍ਤਸਰ ਸੈਂਟਰਲ ਤੋਂ ਉਮੀਦਵਾਰ ਐਲਾਨਿਆ ਗਿਆ।  ਬਾਕੀ ਉਮੀਦਵਾਰਾਂ ਕੁਲਜੀਤ ਸਿੰਘ ਨਾਗਰਾ ਨੂੰ ਫ਼ਤਹਿਗੜ੍ਹ ਸਾਹਿਬ , ਸੁਖਵਿੰਦਰ ਸਿੰਘ ਡੈਨੀ ਨੂੰ ਜੰਡਿਆਲਾ ਗੁਰੂ , ਸੰਗਤ ਸਿੰਘ ਗਿਲਜੀਆਂ ਨੂੰ ਟਾਂਡਾ ਉੜਮੁੜ ਰਾਜ ਕੁਮਾਰ ਵੇਰਕਾ ਅੰਮਿ੍ਤਸਰ ਪੱਛਮੀ, ਰਾਣਾ ਗੁਰਜੀਤ ਸਿੰਘ ਕਪੂਰਥਲਾ, ਤਿ੍ਪਤ ਰਜਿੰਦਰ ਸਿੰਘ ਬਾਜਵਾ ਫ਼ਤਹਿਗੜ੍ਹ ਚੂੜੀਆਂ, ਪਰਗਟ ਸਿੰਘ ਜਲੰਧਰ ਕੈਂਟ, ਗੁਰਕੀਰਤ ਸਿੰਘ ਕੋਟਲੀ ਖੰਨਾ, ਭਾਰਤ ਭੂਸ਼ਣ ਆਸ਼ੂ ਲੁਧਿਆਣਾ ਪੱਛਮੀ, ਰਾਜਾ ਵੜਿੰਗ ਗਿੱਦੜਬਾਹਾਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ,ਰਜ਼ੀਆ ਸੁਲਤਾਨਾ ਮਲੇਰਕੋਟਲਾ, ਵਿਜੈ ਇੰਦਰ ਸਿੰਗਲਾ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈੈ।ਕਾਂਗਰਸ ਦੀ ਸੂਚੀ ਮੁਤਾਬਿਕ ਬ੍ਰਹਮ ਮਹਿੰਦਰਾ ਦੀ ਥਾਂ 'ਤੇ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ ।ਪਾਰਟੀ ਵਲੋਂ 'ਇਕ ਪਰਿਵਾਰ ਇਕ ਟਿਕਟ' ਦੇ ਸਿਧਾਂਤ ਮੁਤਾਬਿਕ ਬ੍ਰਹਮ ਮਹਿੰਦਰਾ ਜੋ ਕਿ ਪਟਿਆਲਾ ਦਿਹਾਤੀ ਤੋਂ ਕਾਂਗਰਸ ਵਿਧਾਇਕ ਹਨ, ਹੁਣ ਚੋਣ ਨਹੀਂ ਲੜਨਗੇ 

 ਕੈਪਟਨ ਦੇ ਕਰੀਬੀਆਂ ਨੂੰ ਵੀ ਟਿਕਟ

 ਸੂਚੀ ਵਿਚ ਸਭ ਤੋਂ ਦਿਲਚਸਪ ਗੱਲ ਉਨ੍ਹਾਂ ਵਿਧਾਇਕਾਂ ਨੂੰ ਟਿਕਟ ਦੇਣਾ ਹੈ ਜਿਨ੍ਹਾਂ ਤੋਂ ਮੰਤਰੀ ਦਾ ਅਹੁਦਾ ਸਿਰਫ ਇਸ ਲਈ ਲਿਆ ਗਿਆ, ਕਿਉਂਕਿ ਉਹ ਕੈਪਟਨ ਦੇ ਕਰੀਬੀ ਸਨ । ਇਨ੍ਹਾਂ ਵਿਚ ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਨਾਭਾ ਤੋਂ ਸਾਧੂ ਸਿੰਘ ਧਰਮਸੋਤ, ਮੁਹਾਲੀ ਤੋਂ ਬਲਬੀਰ ਸਿੰਘ ਸਿੱਧੂ ਅਤੇ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਿਲ ਹਨ ।ਇੱਥੋਂ ਤੱਕ ਕਿ ਕੈਪਟਨ ਦੇ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਨੂੰ ਵੀ ਦਾਖਾ ਤੋਂ ਟਿਕਟ ਦਿੱਤੀ ਗਈ ।

ਸੁਨੀਲ ਜਾਖੜ ਨਹੀਂ ਲੜਨਗੇ ਚੋਣ

 ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਚੋਣ ਨਹੀਂ ਲੜਨਗੇ ।ਜਾਖੜ ਦੀ ਰਵਾਇਤੀ ਸੀਟ ਮੰਨੀ ਜਾਂਦੀ ਅਬੋਹਰ ਤੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਿੱਤੀ ਗਈ ਹੈ । 

ਕਾਂਗਰਸ ਵਿਚ ਉੱਠੀਆਂ ਬਗ਼ਾਵਤੀ ਸੁਰਾਂ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਨਾਲ ਪਾਰਟੀ ਅੰਦਰ ਬਗ਼ਾਵਤੀ ਸੁਰਾਂ ਪੈਦਾ ਹੋ ਗਈਆਂ ਹਨ।  ਬਗ਼ਾਵਤ ਦੀ ਪਹਿਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਹੋਈ ਹੈ ਜਿਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਨੇ ਹਲਕਾ ਬੱਸੀ ਪਠਾਣਾ ਤੋਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹਲਕਾ ਆਦਮਪੁਰ ਅਤੇ ਜਲੰਧਰ ਕੇਂਦਰੀ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਕੇਪੀ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਆਗਾਮੀ ਚੋਣਾਂ ਜ਼ਰੂਰ ਲੜਨਗੇ ਪ੍ਰੰਤੂ ਪਹਿਲਾਂ ਸਮਰਥਕਾਂ ਨਾਲ ਮੀਟਿੰਗ ਕਰਨਗੇ। ਮੋਗਾ ਤੋਂ ਟਿਕਟ ਨਾ ਮਿਲਣ ਮਗਰੋਂ ਵਿਧਾਇਕ ਹਰਜੋਤ ਕਮਲ ਨੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਵੀ ਭਾਜਪਾ ਵਿਚ ਚਲੇ ਗਏ ਹਨ। ਮਾਨਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ਮਗਰੋਂ ਟਕਸਾਲੀ ਕਾਂਗਰਸੀ ਗਾਗੋਵਾਲ ਪਰਿਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤਲਵੰਡੀ ਸਾਬੋ ਤੋਂ ਟਿਕਟ ਦੇ ਦਾਅਵੇਦਾਰ ਅਤੇ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ । ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਹਨ । ਹਲਕਾ ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਦੀ ਟਿਕਟ ਕੱਟੀ ਗਈ ਹੈ। ਹੁਣ ਉਹ ਆਖ ਰਹੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ ਅਤੇ ਉਹ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ। ਆਪਵਿਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਜਗਤਾਰ ਜੱਗਾ ਨੂੰ ਵੀ ਰਾਏਕੋਟ ਤੋਂ ਟਿਕਟ ਨਹੀਂ ਮਿਲੀ ਹੈ ਜਦਕਿ ਪਾਰਟੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਲੜਕੇ ਕਾਮਿਲ ਅਮਰ ਸਿੰਘ ਨੂੰ ਉਥੋਂ ਉਮੀਦਵਾਰ ਬਣਾਇਆ ਹੈ। ਜੱਗਾ ਨੂੰ ਆਸ ਹੈ ਕਿ ਪਾਰਟੀ ਜਗਰਾਓਂ ਜਾਂ ਗਿੱਲ ਹਲਕੇ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ। ਜਲੰਧਰ ਕੇਂਦਰੀ ਹਲਕੇ ਤੋਂ ਪਾਰਟੀ ਨੇ ਰਾਜਿੰਦਰ ਬੇਰੀ ਨੂੰ ਉਮੀਦਵਾਰ ਐਲਾਨਿਆ ਹੈ ਜਿੱਥੋਂ ਦੂਸਰੇ ਨੰਬਰ ਦੇ ਦਾਅਵੇਦਾਰ ਮੇਅਰ ਜਗਦੀਸ਼ ਰਾਜਾ ਨੇ ਵੀ ਆਪਣੇ ਹਮਾਇਤੀ ਕੌਂਸਲਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਹ ਆਖ ਰਹੇ ਹਨ ਕਿ ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਪਾਰਟੀ ਨੇ ਰਾਜਿੰਦਰ ਬੇਰੀ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸੇ ਤਰ੍ਹਾਂ ਹੋਰ ਹਲਕਿਆਂ ਵਿਚ ਵੀ ਬਾਗ਼ੀ ਸੁਰ ਖੜ੍ਹੇ ਹੋ ਗਏ ਹਨ ਜਿਨ੍ਹਾਂ ਨੂੰ ਠੱਲ੍ਹਣ ਲਈ ਹਾਲੇ ਕਾਂਗਰਸ ਨੇ ਕੋਈ ਕੋਸ਼ਿਸ਼ਾਂ ਸ਼ੁਰੂ ਨਹੀਂ ਕੀਤੀਆਂ ਹਨ। ਟਿਕਟਾਂ ਕੱਟੇ ਜਾਣ ਪਿੱਛੋਂ ਵਿਧਾਇਕ ਅਜੈਬ ਸਿੰਘ ਭੱਟੀ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ।

 ਉਧਰ ਟਿਕਟ ਦੀ ਦੌੜ ਵਿਚ ਸ਼ਾਮਿਲ ਸਾਧੂ ਸਿੰਘ ਧਰਮਸੋਤ ਦੇ ਦਾਮਾਦ ਕੁਲਦੀਪ ਸਿੰਘ ਸਿੱਧੂਪਰ ਨੇ ਵੀ  ਕਾਂਗਰਸ ਦਾ ਸਾਥ ਛੱਡਦਿਆਂ ਭਾਜਪਾ ਵਿਚ ਸ਼ਮੂਲੀਅਤ ਕਰ ਲਈ।

ਹਲਕਾ ਗੜ੍ਹਸ਼ੰਕਰ ਤੋਂ  ਆਗੂ ਬੀਬੀ ਨਿਮਿਸ਼ਾ ਮਹਿਤਾ ਨੇ ਟਿਕਟ ਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ ਵਿਚ ਭਾਜਪਾ 'ਵਿਚ ਸ਼ਮੂਲੀਅਤ ਕੀਤੀ ।ਇਸੇ ਤਰ੍ਹਾਂ ਹਲਕੇ ਤੋਂ 2 ਵਾਰ ਵਿਧਾਇਕ ਰਹੇ ਲਵ ਕੁਮਾਰ ਗੋਲਡੀ ਨੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਛੱਡਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ ।ਕਾਂਗਰਸ ਨੂੰ ਅੰਮਿ੍ਤਸਰ ਦਿਹਾਤੀ ਤੋਂ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀ: ਮੀਤ ਪ੍ਰਧਾਨ ਤੇ ਸਾਬਕਾ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਆਗੂ ਪ੍ਰਦੀਪ ਸਿੰਘ ਭੁੱਲਰ, ਅਟਾਰੀ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਰਤਨ ਸਿੰਘ ਸੋਹਲ ਅਟਾਰੀ, ਪਰਮਜੀਤ ਸਿੰਘ ਪੰਮਾ ਰੰਧਾਵਾ, ਤੇਜਿੰਦਰਪਾਲ ਸਿੰਘ ਮਾਨ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਕੇ ਭਾਜਪਾ ਨਾਲ ਹੱਥ ਮਿਲਾ ਲਿਆ । ਜਿਨ੍ਹਾਂ ਨੂੰ ਚੁੱਘ ਨੇ ਪਾਰਟੀ ਵਿਚ ਸ਼ਾਮਿਲ ਕੀਤਾ ।ਇਸ ਦੌਰਾਨ ਉਕਤ ਕਾਂਗਰਸੀ ਆਗੂਆਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰਤੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ । 

   ਸਿੱਧੂ ਦੀ ਕਾਂਗਰਸ ਵਿਚ ਚੱਲੀ ਸਰਦਾਰੀ

   ਕਾਂਗਰਸ ਵਲੋਂ ਐਲਾਨੀ ਸੂਚੀ ਜੋ ਕਿ ਪਾਰਟੀ ਦੀ ਸਾਂਝੀ ਅਗਵਾਈ ਸਿੱਧੂ, ਚੰਨੀ ਅਤੇ ਸੁਨੀਲ ਜਾਖੜ ਦੀ ਜ਼ੋਰ ਅਜ਼ਮਾਇਸ਼ ਵੀ ਸੀ, ਵਿਚ ਸਿੱਧੂ ਦੀ ਸਰਦਾਰੀ ਹੀ ਚਲਦੀ ਨਜ਼ਰ ਆਈ । ਸੂਚੀ ਵਿਚ ਸਿੱਧੂ ਦੀ ਪਸੰਦ ਦੇ ਕਈ ਉਮੀਦਵਾਰਾਂ ਨੂੰ ਥਾਂ ਮਿਲੀ । ਜਿਨ੍ਹਾਂ ਵਿਚ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਤੋਂ ਇਲਾਵਾ 'ਆਪ' ਤੋਂ ਕਾਂਗਰਸ ਵਿਚ ਆਉਣ ਵਾਲੀ ਰੁਪਿੰਦਰ ਰੂਬੀ ਅਤੇ ਰਜਿੰਦਰ ਕੌਰ ਭੱਠਲ ਦਾ ਨਾਂਅ ਸ਼ਾਮਿਲ ਹੈ । ਹਾਲਾਂਕਿ ਕਾਂਗਰਸ ਵਲੋਂ ਸੂਚੀ ਨੂੰ ਸੰਤੁਲਿਤ ਰੱਖਣ ਅਤੇ ਬਗਾਵਤੀ ਸੇਕ ਤੋਂ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਿੱਧੂ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਸੂਚੀ ਵਿਚ ਸ਼ਾਮਿਲ ਕਰਵਾਉਣ ਤੋਂ ਇਲਾਵਾ ਆਪਣੇ ਨਾਪਸੰਦ ਦਾਅਵੇਦਾਰਾਂ ਨੂੰ ਬਾਹਰ ਰੱਖਣ 'ਚ ਵੀ ਕਾਮਯਾਬ ਰਹੇ । ਫਿਰ ਭਾਵੇਂ ਉਹ ਸ੍ਰੀ ਹਰਿਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਹੋਣ ਜਾਂ ਫਿਰ ਆਦਮਪੁਰ ਸੀਟ ਦੇ ਮਹਿੰਦਰ ਸਿੰਘ ਕੇ.ਪੀ. । ਦੂਜੇ ਪਾਸੇ ਮੁੱਖ ਮੰਤਰੀ ਚੰਨੀ ਨਾ ਤਾਂ ਆਦਮਪੁਰ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਟਿਕਟ ਦਿਵਾ ਸਕੇ ਅਤੇ ਨਾ ਹੀ ਆਪਣੇ ਭਰਾ ਡਾ. ਮਨੋਹਰ ਸਿੰਘ ਦੀ ਦਾਅਵੇਦਾਰੀ ਨੂੰ ਪੁਖਤਾ ਕਰ ਸਕੇ । ਹਾਲਾਂਕਿ ਉਨ੍ਹਾਂ ਦੇ ਭਰਾ ਦੀ ਦਾਅਵੇਦਾਰੀ ਪਾਰਟੀ ਦੇ 'ਇਕ ਪਰਿਵਾਰ, ਇਕ ਟਿਕਟ' 'ਤੇ ਵੀ ਖਰੀ ਨਹੀਂ ਉਤਰਦੀ ।  ਸਿੱਧੂ ਨੇ ਸੁਲਤਾਨਪੁਰ ਲੋਧੀ ਤੋਂ ਮੰਤਰੀ ਰਾਣਾ ਗੁਰਜੀਤ ਦੇ ਵਿਰੋਧੀ ਨਵਤੇਜ ਚੀਮਾ, ਰਾਏਕੋਟ ਤੋਂ 'ਆਪ' ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਵਿਧਾਇਕ ਜਗਤਾਰ ਜੱਗਾ ਦੀ ਥਾਂ 'ਤੇ ਸ਼ਾਮਿਲ ਅਮਰ ਸਿੰਘ ਅਤੇ ਬਠਿੰਡਾ ਦਿਹਾਤੀ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਰੋਧੀ ਹਰਵਿੰਦਰ ਲਾਡੀ ਨੂੰ ਟਿਕਟ ਦਿਵਾਉਣ ਵਿਚ ਵੀ ਕਾਮਯਾਬ ਹੋ ਗਏ ।ਸਿੱਧੂ ਵਲੋਂ ਪਾਰਟੀ ਵਿਚ ਸ਼ਾਮਿਲ ਕੀਤੇ ਗਏ ਸਿੱਧੂ ਮੂਸੇਵਾਲਾ ਨੂੰ ਵੀ ਮਾਨਸਾ ਤੋਂ ਟਿਕਟ ਦਿੱਤਾ ਗਿਆ । 

 ਕਾਂਗਰਸ ਦੇ ਉਮੀਦਵਾਰ

ਕਾਂਗਰਸ ਦੇ 86 ਉਮੀਦਵਾਰਾਂ ਵਿਚੋਂ ਸਿਰਫ਼ 16 ਨਵੇਂ ਹਨ। ਕਾਂਗਰਸ ਪੰਜਾਬ ਵਿਚ ਬਹੁਗਿਣਤੀ ਨੌਜਵਾਨ ਚਿਹਰਿਆਂ ਨੂੰ ਸਾਹਮਣੇ ਨਹੀਂ ਲਿਆ ਸਕੀ।  ਬਗਾਵਤ ਘਟ ਹੋਵੇ ਇਸੇ ਲਈ ਸਥਿਤੀ ਲਗਭਗ ਪਹਿਲਾਂ ਵਾਲੀ  ਬਣੀ ਰਹੀ। ਪਰ ਦਲਬਦਲੀਆਂਂ ਤੇ ਬਗਾਵਤ ਦਾ ਰੁਝਾਨ ਜਾਰੀ ਹੈ।ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਪਾਰਟੀ ਇਸ ਤਾਕ ਵਿਚ ਸੀ/ਹੈ ਕਿ ਜਿਹੜੇ ਵਿਧਾਇਕਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲਦੀ, ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਕਰ ਲਿਆ ਜਾਵੇ। ਭਾਜਪਾ ਵੀ ਕਾਂਗਰਸੀ ਆਗੂਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਟਿਕਟ ਨਾ ਮਿਲਣ ਤੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਹੈ। ਪਾਰਟੀ ਨੇ ਚਾਰ ਵਿਧਾਇਕਾਂ ਅਜੈਬ ਸਿੰਘ ਭੱਟੀ, ਬਲਵਿੰਦਰ ਸਿੰਘ ਲਾਡੀ, ਹਰਜੋਤ ਕਮਲ ਅਤੇ ਨੱਥੂ ਰਾਮ ਨੂੰ ਟਿਕਟ ਨਹੀਂ ਦਿੱਤੀ। ਇਨ੍ਹਾਂ ਵਿਚੋਂ ਬਲਵਿੰਦਰ ਸਿੰਘ ਲਾਡੀ ਕੁਝ ਦਿਨਾਂ ਲਈ ਭਾਜਪਾ ਵਿਚ ਸ਼ਾਮਿਲ ਹੋਇਆ ਸੀ ਪਰ ਫਿਰ ਕਾਂਗਰਸ ਵਿਚ ਪਰਤ ਆਇਆ।ਅਕਾਲੀ ਬਸਪਾ ਗਠਜੋੜ,ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅਤੇ ਸੰਯੁਕਤ ਸਮਾਜ ਮੋਰਚੇ ਦਰਮਿਆਨ ਹੋਣ ਵਾਲੇ ਬਹੁਕੋਣੀ ਮੁਕਾਬਲਿਆਂ ਵਿਚ ਬਹੁਤੀਆਂ ਸੀਟਾਂ ਦਾ ਫ਼ੈਸਲਾ ਵੋਟਾਂ ਦੇ ਬਹੁਤ ਘੱਟ ਅੰਤਰ ਤੇ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਆਪਵੀ ਜ਼ਿਆਦਾਤਰ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਹਨ। ਦਿਹਾਤੀ ਇਲਾਕਿਆਂ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕ੍ਰਮਵਾਰ ਆਪ’, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਨੂੰ ਖ਼ੋਰਾ ਲਗਾਉਣਗੇ।