ਡਰਗ ਲਈ ਪੈਸੇ ਨਾ ਮਿਲਣ 'ਤੇ ਨਸ਼ੇੜੀ ਵਲੋਂ  ਪਿਓ ਦਾ ਕਤਲ 

ਡਰਗ ਲਈ ਪੈਸੇ ਨਾ ਮਿਲਣ 'ਤੇ ਨਸ਼ੇੜੀ ਵਲੋਂ  ਪਿਓ ਦਾ ਕਤਲ 

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ  :  ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿਚ, ਜਿਥੇ ਇਕ ਨਸ਼ੇੜੀ ਨੇ ਆਪਣੇ ਪਿਓ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਦਾ ਪਿਓ ਉਸ ਨੂੰ ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਸੀ ਦਿੰਦਾ। ਜੰਡਿਆਲਾ ਗੁਰੂ ਦੇ ਡੀ.ਐੱਸ.ਪੀ. ਸੁਖਵਿੰਦਰਪਾਲ ਸਿੰਘ ਨੇ  ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਮ੍ਰਿਤਕ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜੰਡਿਆਲਾ ਗੁਰੂ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਨਰੈਣਗੜ੍ਹ ਦੇ ਗੰਦੇ ਨਾਲੇ ਵਿਚੋਂ ਮਿਲਣ 'ਤੇ ਮ੍ਰਿਤਕ ਦੇ ਲੜਕੇ ਰਮਨਦੀਪ ਸਿੰਘ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਤਰਸਿੱਕਾ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਦੌਰਾਨ ਪਾਇਆ ਗਿਆ ਕਿ ਹਰਬੰਸ ਸਿੰਘ ਦਾ ਕਤਲ ਉਸ ਦੇ ਵੱਡੇ ਲੜਕੇ ਸਤਨਾਮ ਸਿੰਘ ਜੋ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਅਕਸਰ ਆਪਣੇ ਪਿਓ ਕੋਲਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਪਰ ਪਿਓ ਆਪਣੇ ਲੜਕੇ ਨੂੰ ਇਸ ਗੱਲ ਤੋਂ ਰੋਕਦਾ ਸੀ।

ਕੁਝ ਦਿਨ ਪਹਿਲਾਂ ਹੀ ਸਤਨਾਮ ਸਿੰਘ ਨੇ ਆਪਣੇ ਪਿਤਾ ਦੀ ਸਿਲਾਈ ਮਸ਼ੀਨ ਵੇਚ ਕੇ ਨਸ਼ਾ ਕੀਤਾ ਸੀ ਅਤੇ ਰਾਤ ਨੂੰ ਸਤਨਾਮ ਸਿੰਘ ਆਪਣੇ ਪਿਤਾ ਨੂੰ ਮਸ਼ੀਨ ਵਾਪਸ ਦਿਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਮੋਟਰਸਾਈਕਲ ਦੇ ਬਿਠਾ ਕੇ ਲੈ ਗਿਆ ਸੀ, ਜਦ ਹਰਬੰਸ ਸਿੰਘ ਨੂੰ ਆਪਣੇ ਲੜਕੇ ਸਤਨਾਮ ਸਿੰਘ ਤੋਂ ਪਤਾ ਲੱਗਾ ਕਿ ਉਸ ਦੀ ਸਿਲਾਈ ਮਸ਼ੀਨ ਉਸ ਨੇ ਵੇਚ ਕੇ ਨਸ਼ੇ ਦੀ ਪੂਰਤੀ ਕਰ ਲਈ ਸੀ ਤਾਂ ਦੋਵਾਂ ਵਿਚਕਾਰ ਤਕਰਾਰ ਹੋ ਗਈ, ਜਿਸ 'ਤੇ ਸਤਨਾਮ ਸਿੰਘ ਨੇ ਆਪਣੇ ਪਿਓ ਨੂੰ ਪਿੰਡ ਨਰੈਣਗੜ੍ਹ ਦੇ ਬਾਹਰਵਾਰ ਸੜਕ ਦੇ ਨਾਲ ਜਾਂਦੇ ਗੰਦੇ ਨਾਲੇ ਵਿਚ ਡੁਬੋ ਕੇ ਮਾਰ ਦਿੱਤਾ ਸੀ। ਥਾਣਾ ਤਰਸਿੱਕਾ ਦੀ ਪੁਲਸ ਟੀਮ ਵੱਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮ੍ਰਿਤਕ ਦੇ ਲੜਕੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।