ਭਾਈ ਭਿਓਰਾ ਦੀ ਜ਼ਮਾਨਤ ਪਟੀਸ਼ਨ ਪੰਜਾਬ ਹਾਈਕੋਰਟ ਵਲੋਂ  ਰੱਦ…

ਭਾਈ ਭਿਓਰਾ ਦੀ ਜ਼ਮਾਨਤ ਪਟੀਸ਼ਨ ਪੰਜਾਬ ਹਾਈਕੋਰਟ ਵਲੋਂ  ਰੱਦ…

 ਦਿੱਲੀ ਵਿਚ ਹੋਣ ਵਾਲੇ ਅਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਦੀ  ਮੰਗੀ ਸੀ ਇਜਾਜ਼ਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਜੇਲ ਵਿਚ ਬੰਦ ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਭਿਓਰਾ ਨੇ 29 ਅਕਤੂਬਰ ਨੂੰ ਦਿੱਲੀ ਵਿਚ ਹੋਣ ਵਾਲੇ ਅਪਣੀ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ।

ਬੇਅੰਤ ਸਿੰਘ ਕਤਲ ਕੇਸ ਅਤੇ ਬੁੜੈਲ ਜੇਲ ਬ੍ਰੇਕ ਕੇਸ ਵਿਚ ਸਜ਼ਾਯਾਫ਼ਤਾ ਪਰਮਜੀਤ ਭਿਓਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਭਤੀਜੀ ਦੇ ਵਿਆਹ ਲਈ ਛੇ ਘੰਟਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦੱਸ ਦਈਏ ਕਿ, ਭਿਓਰਾ ਬੇਅੰਤ ਸਿੰਘ ਕਤਲ ਕਾਂਡ ਦਾ ਮੁਲਜ਼ਮ ਹੈ।

ਦਾਇਰ ਪਟੀਸ਼ਨ ਵਿਚ ਭਿਓਰਾ ਨੇ ਕਿਹਾ ਕਿ ਉਸ ਦੀ ਭਤੀਜੀ ਦਾ ਵਿਆਹ 29 ਅਕਤੂਬਰ ਨੂੰ ਦਿੱਲੀ ਵਿਚ ਹੈ ਜਿਸ ਵਿਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ। ਇਸ ਲਈ ਉਸ ਨੂੰ 29 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤਕ ਛੇ ਘੰਟਿਆਂ ਲਈ ਪੈਰੋਲ ਦਿਤੀ ਜਾਵੇ।

ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਧਮਾਕੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਦਾ ਸਹਿਯੋਗੀ ਸੀ ਅਤੇ ਉਨ੍ਹਾਂ ਉਤੇ ਦੋਸ਼ ਸੀ ਕਿ ਉਨ੍ਹਾਂ ਨੇ ਕਤਲ ਵਿਚ ਵਰਤੀ ਗਈ ਕਾਰ ਖ਼ਰੀਦੀ ਸੀ। ਭਾਈ ਭਿਓਰਾ ਨੂੰ 1997 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤੱਕ ਬੁੜੈਲ ਜੇਲ ਵਿਚ ਰਹੇ।

ਜਿਹੜੇ ਚਾਰ ਕੈਦੀ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸੀ ਉਨ੍ਹਾਂ ਵਿਚ ਭਾਈ ਭਿਓਰਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਮਾਰਚ 2006 ਵਿਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਭਾਈ ਭਿਓਰਾ ਨੂੰ ਕਦੇ ਵੀ ਨਿਯਮਤ ਪੈਰੋਲ ਨਹੀਂ ਦਿਤੀ ਗਈ। ਉਨ੍ਹਾਂ ਨੂੰ ਦੋ ਸਾਲ ਸੱਤ ਮਹੀਨੇ ਤੋਂ ਵੱਧ ਰਿਮੀਸ਼ਨ ਮਿਲੀ ਹੈ। ਜਿਸ ਨੂੰ ਮਿਲਾ ਕੇ ਉਨ੍ਹਾਂ ਦੀ ਸਜ਼ਾ 24 ਸਾਲ ਤੋਂ ਵੱਧ ਬਣਦੀ ਹੈ।