ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ

*ਫੇਸਬੁੱਕ ਖਾਤੇ 'ਤੇ ਪੋਸਟ ਪਾ ਕੇ ਇੰਟੈਲੀਜੈਂਸ ਦੇ ਸੂਬਾ ਮੁਖੀ ਤੇੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਦੀ ਨਿਯੁਕਤੀ 'ਤੇ ਸਵਾਲ ਉਠਾਇਆ

*ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਵਿਚ ਨਿਆਂ ਨਾ ਮਿਲਣ ਲਈ ਇਹੀ ਦੋਵੇਂ ਅਧਿਕਾਰੀ ਜ਼ਿੰਮੇਵਾਰ

   *ਕੁੰਵਰ ਵਿਜੈ ਪ੍ਰਤਾਪ ਦੇ ਟਵੀਟ ਮਗਰੋਂ ਵਿਰੋਧੀਆਂ ਨੇ ਘੇਰੀ ‘ਆਪ’ ਸਰਕਾਰ                

ਅੰਮ੍ਰਿਤਸਰ ਟਾਈਮਜ਼ ਬਿਊਰੋ                               

ਅੰਮਿ੍ਤਸਰ-ਅੰਮਿ੍ਤਸਰ ਦੇ ਹਲਕਾ ਉੱਤਰੀ ਤੋਂ 'ਆਪ' ਵਿਧਾਇਕ ਤੇ ਸਾਬਕਾ ਆਈਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਨੂੰ ਘੇਰਿਆ ਹੈ, ਜਿਨ੍ਹਾਂ ਵਲੋਂ ਆਪਣੇ ਫੇਸਬੁੱਕ ਖਾਤੇ 'ਤੇ ਪੋਸਟ ਪਾ ਕੇ ਇੰਟੈਲੀਜੈਂਸ ਦੇ ਸੂਬਾ ਮੁਖੀ ਤੇੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਦੀ ਨਿਯੁਕਤੀ 'ਤੇ ਸਵਾਲ ਉਠਾਇਆ ਹੈ। ਆਪਣੇ ਫੇਸਬੁੱਕ ਖਾਤੇ 'ਤੇ ਉਨ੍ਹਾਂ ਦੀ ਇਹ ਪੋਸਟ ਸਿਆਸੀ ਹਲਕਿਆਂ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ ਜਿਸ ਨੂੰ ਬਾਅਦ 'ਚ ਉਨ੍ਹਾਂ ਵਲੋਂ ਹਟਾ ਦਿੱਤਾ ਗਿਆ । ਉਨ੍ਹਾਂ ਆਪਣੇ ਫੇਸਬੁੱਕ ਖਾਤੇ 'ਤੇ ਬਿਨਾਂ ਉਕਤ ਅਧਿਕਾਰੀਆਂ ਦਾ ਨਾਂ ਲਿਖੇ ਦੋਵਾਂ ਦੀ ਨਿਯੁਕਤੀ 'ਤੇ ਇਤਰਾਜ਼ ਕੀਤਾ ਹੈ, ਇਨ੍ਹਾਂ ਵਿਚੋਂ ਬੀਤੇ 25 ਮਾਰਚ ਨੂੰ ਸਰਕਾਰ ਵਲੋਂ 1988 ਬੈਚ ਦੇ ਆਈਪੀਐਸ. ਅਧਿਕਾਰੀ ਪ੍ਰਬੋਧ ਕੁਮਾਰ ਨੂੰ ਖੁਫੀਆ ਵਿਭਾਗ ਦਾ ਵਿਸੇਸ਼ ਸੂਬਾ ਮੁਖੀ ਨਿਯੁਕਤ ਕੀਤਾ ਸੀ ਜਦੋਂ ਕਿ 1997 ਬੈਚ ਦੇ ਅਧਿਕਾਰੀ ਤੇ ਜਲੰਧਰ ਦੇ ਆਈਜੀ. ਨੂੰ ਬੀਤੇ ਦਿਨ ਹੀ ਅੰਮਿ੍ਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਅਪੀਲ 'ਤੇ ਉਨ੍ਹਾਂ ਪਾਰਟੀ ਨੂੰ ਉਕਤ ਦੋ ਅਧਿਕਾਰੀਆਂ ਦੀ ਨਿਯੁਕਤੀ 'ਤੇ ਪੁਨਰ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਵਿਚ ਸਿਆਸੀ ਪਰਿਵਾਰਾਂ ਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਗਾਇਆ ਸੀ ।ਉਨ੍ਹਾਂ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸਹੀ ਜਾਂਚ ਨਾ ਹੋਣ ਦੇ ਰੋਸ ਵਜੋਂ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਸੀ ।ਜਿਹੜੇ ਅਫ਼ਸਰਾਂ ਨੇ ਸਿਆਸੀ ਪਰਿਵਾਰਾਂ ਨੂੰ ਬਚਾਇਆ ਸੀ, ਅੱਜ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਵਿਚ ਨਿਆਂ ਨਾ ਮਿਲਣ ਲਈ ਇਹੀ ਦੋਵੇਂ ਅਧਿਕਾਰੀ ਜ਼ਿੰਮੇਵਾਰ ਸਨ ।ਉਨ੍ਹਾਂ ਕਿਹਾ ਕਿ ਉਸ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਿਚ ਤੀਜੇ ਨੰਬਰ 'ਤੇ ਸਨ ਜਦੋਂ ਕਿ ਪਹਿਲੇ ਨੰਬਰ 'ਤੇ ਉਹ ਸਨ, ਜਿਨ੍ਹਾਂ ਨੂੰ ਹੁਣ ਖੁਫੀਆ ਵਿਭਾਗ ਦਾ ਮੁਖੀ ਲਾਇਆ ਗਿਆ ਅਤੇ ਦੂਜੇ ਨੰਬਰ ਵਾਲੇ ਨੂੰ ਅੰਮਿ੍ਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ । ਉਨ੍ਹਾਂ ਆਪਣੀ ਇਸ ਵਿਵਾਦਿਤ ਪੋਸਟ ਵਿਚ ਜਿਸ ਵਿਚ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਬਾਅਦ ਵਿਚ ਹਟਾ ਲਿਆ ਗਿਆ ਪਰ ਉਦੋਂ ਤੱਕ ਇਹ ਕਈ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਚੁੱਕੀ ਸੀ । ਉਨ੍ਹਾਂ ਆਪਣੀ ਪੋਸਟ ਵਿਚ ਇਹ ਵੀ ਲਿਖਿਆ ਸੀ ਕਿ ਬੇਅਦਬੀ ਮਾਮਲੇ 'ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਤੇ ਜਿਨ੍ਹਾਂ ਲੋਕਾਂ ਨੇ ਇਸ ਮੁੱਦੇ 'ਤੇ ਸਿਆਸਤ ਕੀਤੀ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਹੈ ਅਤੇ ਦੋ ਵੱਡੇ ਪਰਿਵਾਰ ਰਾਜਨੀਤੀ ਤੋਂ ਲਾਂਭੇ ਹੋ ਗਏ ਹਨ । ਦੱਸਣਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਆਪਣੇ ਅੰਦਰ ਦੱਬੇ ਪਏ ਰੋਹ ਨੂੰ ਦਬਾ ਨਹੀਂ ਸਕੇ, ਜਿਸ ਕਰਕੇ ਉਨ੍ਹਾਂ ਆਪਣੀ ਹੀ ਸਰਕਾਰ ਤੇ ਸੁਆਲ ਖੜ੍ਹੇ ਕਰ ਦਿੱਤੇ। ਪਤਾ ਲੱਗਾ ਹੈ ਕਿ ਆਪਦੀ ਸੀਨੀਅਰ ਲੀਡਰਸ਼ਿਪ ਨੇ ਕੁੰਵਰ ਵਿਜੈ ਪ੍ਰਤਾਪ ਦੀ ਇਸ ਰਵੱਈਏ ਦਾ ਸਖ਼ਤ ਨੋਟਿਸ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣੇ ਫੇਸ ਬੁੱਕ ਖਾਤੇ 'ਤੇ ਇਕ ਹੋਰ ਪੋਸਟ ਪਾਈ ਜਿਸ ਵਿਚ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਅਸਤੀਫਾ ਦਿਵਸ ਹੈ, ਉਨ੍ਹਾਂ ਪੁਲਿਸ ਦੀ ਨੌਕਰੀ ਤੋਂ 9 ਅਪ੍ਰੈਲ ਨੂੰ ਅਸਤੀਫਾ ਦਿੱਤਾ ਸੀ ਤੇ ਇਹ ਪੰਜਾਬ ਦੇ ਲੋਕਾਂ ਖਾਤਰ ਸੀ ।

ਦੂਸਰੇ ਪਾਸੇ ਪ੍ਰਮੁੱਖ ਵਿਰੋਧੀ ਧਿਰਾਂ ਨੇ ਆਪਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੱਲੋਂ ਉੱਚ ਅਫ਼ਸਰਾਂ ਦੀ ਤਾਇਨਾਤੀ ਤੇ ਚੁੱਕੇ ਸੁਆਲਾਂ ਨੂੰ ਲੈ ਕੇ ਆਪ ਪਾਰਟੀ ਸਰਕਾਰ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਬਹਿਬਲ ਕਲਾਂ, ਬਰਗਾੜੀ ਕੇਸਾਂ ਨੂੰ ਲੈ ਕੇ ਆਪਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।  ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਵੱਲੋਂ ਉਠਾਈ ਉਂਗਲ ਨੇ ਪੰਜਾਬੀਆਂ ਦੇ ਮਨਾਂ ਵਿਚ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ ਕਿ ਸਰਕਾਰ ਦਾ ਕਥਿਤ ਦੋਸ਼ੀਆਂ ਨਾਲ ਕੋਈ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਲੁਧਿਆਣਾ ਤੋਂ ਆਪਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕੁੰਵਰ ਵਿਜੈ ਪ੍ਰਤਾਪ ਖ਼ਿਲਾਫ਼ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਪੁਲੀਸ ਵਿੱਚੋਂ ਆਏ ਹਨ ਅਤੇ ਹੋ ਸਕਦਾ ਹੈ ਕਿ ਨਵੀਂ ਤਾਇਨਾਤੀ ਵਾਲੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਕੋਈ ਨਿੱਜੀ ਰੰਜਿਸ਼ ਹੋਵੇ। 

ਭਗਵੰਤ ਮਾਨ ਸਥਿਤੀ ਸਪੱਸ਼ਟ ਕਰਨ: ਖਹਿਰਾ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਅਤੇ ਇਸ ਮਾਮਲੇ ਤੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਨੂੰ ਮੌਜੂਦਾ ਕਾਰਜਾਂ ਤੋਂ ਤੁਰੰਤ ਤਬਦੀਲ ਕਰਨਾ ਚਾਹੀਦਾ ਹੈ।