ਪੰਜਾਬ  ਚੋਣਾਂਂ ਲਈ ਮੁੱਖ ਮੰਤਰੀ ਦੀ ਕੁਰਸੀ ਦੇ 6 ਦਾਅਵੇਦਾਰਾਂ ਦਾ ਮੁਕਾਬਲਾ 

 ਪੰਜਾਬ  ਚੋਣਾਂਂ ਲਈ ਮੁੱਖ ਮੰਤਰੀ ਦੀ ਕੁਰਸੀ ਦੇ 6 ਦਾਅਵੇਦਾਰਾਂ ਦਾ ਮੁਕਾਬਲਾ 

 ਅੰਮ੍ਰਿਤਸਰ ਟਾਈਮਜ਼

ਜਲੰਧਰ:ਸੱਤਾਧਾਰੀ ਕਾਂਗਰਸ ਵਿੱਚ ਮੁਖ ਮੰਤਰੀ ਅਹੁਦੇ ਲਈ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੈ।ਪਰ ਹਾਲਾਤ ਚਰਨਜੀਤ ਸਿੰਘ ਚੰਨੀ ਦੇ ਪੱਖ਼ ਵਿੱਚ ਜ਼ਿਆਦਾ ਲੱਗ ਰਹੇ ਹਨ। ਚਰਨਜੀਤ ਸਿੰਘ ਚੰਨੀ ਦਲਿਤ ਤੇ ਸਿਖ ਭਾਈਚਾਰੇ ਨਾਲ ਸਬੰਧਤ ਆਗੂ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਦਲਿਤ ਵਰਗ ਵਿੱਚ ਚੰਗੀ ਧਾਕ ਜਮਾ ਲਈ ਹੈ।ਜੱਟ ਸਿੱਖ ਵੋਟ ਤੇ ਦਲਿਤ ਵੋਟ  ਦਾ ਚੰਨੀ ਨੂੰ ਲਾਹਾ ਮਿਲ ਸਕਦਾ ਹੈ।ਕਿਸਾਨਾਂ ਦੀਆਂ ਕੁਝ ਮੰਗਾਂ ਮੰਨਣ, ਬਿਜਲੀ ਤੇ ਪੈਟਰੋਲ -ਡੀਜ਼ਲ ਸਸਤੇ ਕਰਨ ਵਰਗੇ ਫ਼ੈਸਲਿਆਂ ਦਾ ਚੰਨੀ ਨੂੰ ਫਾਇਦਾ ਮਿਲ ਸਕਦਾ ਹੈ।ਆਮ ਲੋਕਾਂ ਦੀ ਮੁੱਖ ਮੰਤਰੀ ਤੱਕ ਪਹੁੰਚ ਬਣਾਉਣ ਅਤੇ ਮੁੱਖ ਮੰਤਰੀ ਦੀ ਆਮ ਆਦਮੀ ਵਾਲੀ ਦਿੱਖ ਬਣਾ ਕੇ ਚੰਨੀ 'ਆਪ' ਦੇ ਏਜੰਡੇ ਨੂੰ ਟੱਕਰ ਦੇਣ ਦੇ ਸਮਰੱਥ ਹੋ ਸਕਦੇ ਹਨ।ਮੋਦੀ ਦੀ ਫੇਰੀ ਦੌਰਾਨ ਪੰਜਾਬ ਪੱਖ਼ੀ ਸਟੈਂਡ ਲੈਣ ਅਤੇ ਚੋਣਾਂ ਦੌਰਾਨ ਆਪਣੇ ਰਿਸ਼ਤੇਦਾਰਾਂ ਖ਼ਿਲਾਫ਼ ਕੇਂਦਰੀ ਏਜੰਸੀ ਈਡੀ ਦੇ ਛਾਪਿਆਂ ਨੇ ਚੰਨੀ ਦੇ ਕੱਦ ਨੂੰ ਹੋਰ ਉਭਾਰਿਆ ਹੈ।

ਨਵਜੋਤ ਸਿੱਧੂ, ਸੁਨੀਲ ਜਾਖ਼ੜ ਅਤੇ ਮਨੀਸ਼ ਤਿਵਾੜੀ ਵਰਗੇ ਕਾਂਗਰਸੀ ਆਗੂਆਂ ਦੇ ਵਿਰੋਧ ਦਾ ਮਾੜਾ ਅਸਰ ਪੈ ਸਕਦਾ ਹੈ। ਰਵਾਇਤੀ ਆਗੂਆਂ ਦਾ ਕਾਟੋ-ਕਲੇਸ਼ ਵੀ ਵੱਡੀ ਸਮੱਸਿਆ ਹੈ।ਆਮ ਆਦਮੀ ਬਣਨ ਦੇ ਚੱਕਰ ਵਿੱਚ ਕਈ ਵਾਰ ਓਵਰ ਹੋ ਜਾਣਾ ਅਤੇ ਹਰ ਆਮ ਕੰਮ ਨੂੰ ਕਰਦੇ ਹੋਣ ਦਾ ਚੰਨੀ ਦਾ ਦਾਅਵਾ ਵਿਰੋਧੀਆਂ ਦੇ ਮਜ਼ਾਕ ਦਾ ਪਾਤਰ ਵੀ ਬਣਦਾ ਹੈ।ਬੇਅਦਬੀ ਅਤੇ ਡਰੱਗਜ਼ ਕੇਸਾਂ ਦੇ ਮਾਮਲਿਆਂ ਵਿੱਚ ਠੋਸ ਕਾਰਵਾਈ ਨਾ ਕਰ ਪਾਉਣਾ ਚੰਨੀ ਲਈ ਮਹਿੰਗਾ ਸਾਬਤ ਹੋ ਸਕਦਾ ਹੈ।ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਸਟਾਰ ਖਿਡਾਰੀ ਤੇ ਐਂਟਰਟੇਨਮੈਂਟ ਜਗਤ ਦੀ ਵੱਡੀ ਹਸਤੀ ਹੋਣ ਕਾਰਨ ਪੰਜਾਬ ਤੋਂ ਬਾਹਰ ਵੀ ਚੰਗੀ ਪਛਾਣ ਰੱਖਦੇ ਹਨ।ਉਹ ਵੀ ਕਾਂਗਰਸ ਦੇ ਮੁਖ ਮੰਤਰੀ ਚਿਹਰੇ ਵਜੋਂ ਸਿਆਸੀ ਮੈਦਾਨ ਵਿਚ ਹਨ।ਪੰਜਾਬ ਮਾਡਲ, ਕਰਤਾਰਪੁਰ ਲਾਂਘਾ ਖੋਲ੍ਹਣ ਵਿੱਚ ਭੂਮਿਕਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਹੁਣ ਕਾਰਨ ਉਨ੍ਹਾਂ ਦੀ ਪੰਜਾਬੀਆਂ ਤੇ ਹਾਈਕਮਾਂਡ ਵਿਚ ਖ਼ਾਸ ਪ੍ਰਭਾਵ ਹੈ।ਡਰੱਗਜ਼ ਮਾਫ਼ੀਆ ਅਤੇ ਬੇਅਦਬੀ ਕੇਸਾਂ ਵਿੱਚ ਇਨਸਾਫ਼ ਦੇ ਲਈ ਸਟੈਂਡ ਦਾ ਸਿੱਧੂ ਨੂੰ ਲਾਹਾ ਮਿਲ ਸਕਦਾ ਹੈ।

 

ਨਵਜੋਤ ਸਿੱਧੂ ਦੇ ਬੜਬੋਲਾਪਣ ਅਤੇ ਛੇਤੀ ਹੀ ਗੁੱਸੇ ਵਿੱਚ ਆ ਕੇ ਅਸਤੀਫ਼ਾ ਦੇਣ ਦੇ ਸੁਭਾਅ ਨੇ ਉਨ੍ਹਾਂ ਦਾ ਲੋਕਾਂ ਵਿੱਚ ਵੱਕਾਰ ਘਟਾਇਆ ਹੈ। ਸਿੱਧੂ ਦਾ ਟੀਮ ਵਰਕ ਦੀ ਬਜਾਇ ਸਿੰਗਲ ਆਰਮੀ ਵਾਂਗ ਕੰਮ ਕਰਨ ਦਾ ਤਰੀਕਾ ਕਾਂਗਰਸ ਨੂੰ ਹੀ ਕਸੂਤਾ ਫਸਾਉਂਦਾ ਰਿਹਾ ਹੈ।ਪੰਜਾਬ ਕਾਂਗਰਸ ਦੀ ਰਵਾਇਤੀ ਲੀਡਰਸ਼ਿਪ ਵਿੱਚੋਂ ਬਹੁਗਿਣਤੀ ਦਾ ਸਿੱਧੂ ਤੋਂ ਫ਼ਾਸਲਾ ਉਨ੍ਹਾਂ ਲਈ ਨੈਗੇਟਿਵ ਪੱਖ਼ ਹੋ ਸਕਦਾ ਹੈ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਹਨ। ਇਸ ਦਾ ਖੁਲਾਸਾ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਹਨ।ਸੁਖ਼ਬੀਰ ਬਾਦਲ ਇੱਕ ਸਿਆਸੀ ਆਗੂ ਦੇ ਨਾਲ ਨਾਲ ਚੋਣ ਅਮਲ ਦੇ ਸਮਰੱਥ ਮੈਨੇਜਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਲੀਡਰਿਸ਼ਪ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਕੋਈ ਚੁਣੌਤੀ ਵੀ ਨਹੀਂ ਹੈ।ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਜੱਟ ਸਿੱਖ ਤੇ ਦਲਿਤ ਵੋਟ ਬੈਂਕ ਦਾ ਕੌਬੀਨੇਸ਼ਨ ਬਣਾ ਸਕਦਾ ਹੈ।ਅਕਾਲੀ ਦਲ ਦਾ ਸਮੁੱਚੇ ਪੰਜਾਬ ਵਿੱਚ ਮਜ਼ਬੂਤ ਢਾਂਚਾ ਅਤੇ ਜ਼ਾਬਤਾਬੱਧ ਕਾਡਰ ਹੋਣਾ, ਬਹੁਕੌਣੀ ਮੁਕਾਬਲੇ ਵਿੱਚ ਲਾਹੇਵੰਦ ਹੋ ਸਕਦਾ ਹੈ।ਸੰਯੁਕਤ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਅਕਾਲੀਆਂ ਦਾ ਮੁੜ ਅਕਾਲੀ ਦਲ ਵਿਚ ਵਾਪਸ ਆਉਣਾ ਤੇ ਟਿਕਟਾਂ ਦੀ ਵੰਡ ਵੇਲੇ ਬਗਾਵਤ ਨਾ ਹੋਣਾ ਸਾਰਥਕ ਪੱਖ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਵਿੱਚ ਇੱਕ ਸਮਾਂਤਰ ਸੱਤਾ ਅਤੇ ਢਾਂਚਾ ਹੈ, ਇਸ ਉੱਤੇ ਅਕਾਲੀ ਦਲ ਦੇ ਕਬਜ਼ੇ ਦਾ ਵੀ ਫਾਇਦਾ ਹੋ ਸਕਦਾ ਹੈ।ਸੁਖਬੀਰ ਬਾਦਲ, ਅਕਾਲੀ ਦਲ ਨੂੰ ਨਿੱਜੀ ਕੰਪਨੀ ਵਾਂਗ ਚਲਾਉਣ ਅਤੇ ਸੱਤਾ ਦੇ ਜ਼ੋਰ ਨਾਲ ਆਪਣੇ ਕਾਰੋਬਾਰ ਵਧਾਉਣ ਦੇ ਇਲਜ਼ਾਮਾਂ ਤੋਂ ਖਹਿੜਾ ਨਾ ਛੁਡਾ ਪਾ ਰਹੇ।ਅਕਾਲੀ ਦਲ ਦੀ ਸੱਤਾ ਦੌਰਾਨ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਨਾ ਹੋਣਾ ਅਤੇ ਰੇਤ, ਡਰੱਗਜ਼, ਕੇਬਲ ਤੇ ਟਰਾਂਸਪੋਰਟ ਮਾਫ਼ੀਆ ਦੀ ਸਰਗਰਮੀ ਦੇ ਇਲਜ਼ਾਮ ਵੀ ਪਿੱਛਾ ਕਰਨ ਤੋਂ ਨਹੀਂ ਹਟੇ।ਸਬਸਿਡੀਆਂ ਵਾਲੇ ਐਲਾਨਾਂ ਤੋਂ ਬਿਨਾਂ ਏਜੰਡੇ ਵਿੱਚ ਕੁਝ ਖਾਸ ਨਵਾਂ ਪ੍ਰੋਗਰਾਮ ਨਾ ਦੇ ਸਕਣਾ ਅਤੇ ਪੰਜਾਬ ਦੇ ਰਵਾਇਤੀ ਤੇ ਪੰਥਕ ਮੁੱਦਿਆਂ ਨੂੰ ਚੋਣ ਮੁੱਦੇ ਨਾ ਬਣਾ ਸਕਣਾ ਉਨ੍ਹਾਂ ਦੇ ਖਿਲਾਫ਼ ਜਾ ਸਕਦਾ ਹੈ।

 ਕਿਸਾਨਾਂ ਦੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਚੁਣਿਆ ਹੋਇਆ ਹੈ।  ਤਿੰਨ ਖੇਤੀ ਕਾਨੂੰੰਨਾਂ ਖ਼ਿਲਾਫ਼ ਲੜੇ ਗਏ ਸੰਘਰਸ਼ ਦੇ ਪ੍ਰਮੁੱਖ ਆਗੂ ਹੋਣ ਕਾਰਨ ਉਹ ਰਵਾਇਤੀ ਸਿਆਸਤ ਤੇ ਸਥਾਪਤੀ ਖ਼ਿਲਾਫ਼ ਚਿਹਰੇ ਬਣੇ ਹਨ।ਰਾਜੇਵਾਲ ਨੂੰ ਕਿਸਾਨ ਅੰਦੋਲਨ ਨੂੰ ਅਥਾਹ ਸਮਰਥਨ ਦੇਣ ਵਾਲੀਆਂ ਧਿਰਾਂ ਅਤੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੀਆਂ ਧਿਰਾਂ ਦਾ ਫਾਇਦਾ ਮਿਲ ਸਕਦਾ ਹੈ।ਉਹ ਪਹਿਲੀ ਵਾਰ ਚੋਣ ਲੜ ਰਹੇ ਹਨ।ਕਿਸਾਨ ਅੰਦੋਲਨ ਵਿੱਚ ਸ਼ਾਮਲ ਪੰਜਾਬ ਦੀ ਵੱਡੇ ਕਾਡਰ ਵਾਲੀਆਂ ਜਥੇਬੰਦੀਆਂ ਦਾ ਚੋਣਾਂ ਤੋਂ ਬਾਹਰ ਰਹਿਣਾ ਨੁਕਸਾਨ ਕਰ ਸਕਦਾ ਹੈ। ਕਿਸਾਨ ਮੋਰਚੇ ਦੌਰਾਨ ਪੰਥ ਦੀ ਨਰਾਜਗੀ ,ਸਿਰਫ ਯੂਨੀਅਨ ਮੈਂਬਰਾਂ ਵਿਚ ਟਿਕਟ ਵੰਡ ਸੰਯੁਕਤ ਕਿਸਾਨ ਮੋਰਚੇ ਦਾ ਨੁਕਸਾਨ ਕਰ ਸਕਦੀ ਹੈ।ਮੋਰਚੇ ਕੋਲ ਜ਼ਾਬਤਾਬੱਧ ਕਾਡਰ, ਚੋਣਾਂ ਲਈ ਲੋੜੀਂਦਾ ਫੰਡ ਅਤੇ ਢਾਂਚਾ ਨਾ ਹੋਣਾ ਮੋਰਚੇ ਦੀ ਕਮਜ਼ੋਰੀ ਸਾਬਿਤ ਹੋ ਸਕਦਾ ਹੈ।ਰਵਾਇਤੀ ਪਾਰਟੀਆਂ ਨਾਲ ਜੁੜੀ ਕਿਸਾਨੀ ਦੀ ਵੋਟ ਵੰਡੇ ਜਾਣ ਦਾ ਖ਼ਦਸ਼ਾ ਅਤੇ ਸ਼ਹਿਰੀ ਖੇਤਰਾਂ ਅਤੇ ਸਮਾਜ ਦੇ ਗੈਰ ਕਿਸਾਨੀ ਵਰਗ ਤੋਂ ਸਮਰਥਨ ਮਿਲਣ ਵਿੱਚ ਮੁਸ਼ਕਲ ਹੈ।       ਆਪ ਪਾਰਟੀ ਵਲੋਂ ਹਾਸਰਸ ਕਲਾਕਾਰ ਭਗਵੰਤ ਮਾਨ ਮੁਖ ਮੰਤਰੀ ਦੇ ਉਮੀਦਵਾਰ ਹਨ। ਉਹ ਤੇਜ਼ ਤਰਾਰ ਕੰਪਨੇਰ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਤੇ ਖਾਸਕਰ ਨੌਜਵਾਨਾਂ ਵਿੱਚ ਚੰਗੀ ਅਪੀਲ ਹੈ।ਭਗਵੰਤ ਮਾਨ ਕਰੀਬ ਦੋ ਦਹਾਕੇ ਤੋਂ ਸਿਆਸਤ ਵਿੱਚ ਹਨ, ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਦਾਗ ਨਹੀਂ ਹੈ।ਭਗਵੰਤ ਮਾਨ ਮਾਲਵੇ ਖਿੱਤੇ ਦੇ ਆਮ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹਨ, ਜਿਸ ਖਿੱਤੇ ਤੇ ਭਾਈਚਾਰੇ ਦਾ ਪੰਜਾਬ ਦੀ ਸੱਤਾ ਉੱਤੇ ਹਮੇਸ਼ਾ ਹੀ ਕਬਜ਼ਾ ਰਿਹਾ ਹੈ।ਕੇਜਰੀਵਾਲ ਦਾ ਦਿੱਲੀ ਮਾਡਲ  ਪੰਜਾਬ ਵਿੱਚ ਭਗਵੰਤ ਲਈ ਆਕਸੀਜਨ  ਹੈ।

ਸ਼ਰਾਬ ਪੀਕੇ ਜਨਤਕ ਸਮਾਗਮਾਂ ਵਿੱਚ ਚਲੇ ਜਾਣ ਦੇ ਇਲਜ਼ਾਮਾਂ ਕਾਰਨ ਵਿਰੋਧੀ ਆਗੂ ਉਨ੍ਹਾਂ ਨੂੰ ਇੱਕ ਨਸ਼ੇੜੀ ਵਾਂਗ ਭੰਡਦੇ ਹਨ।ਕਾਂਗਰਸ ਅਤੇ ਅਕਾਲੀ ਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚਾ ਓਨਾ ਮਜ਼ਬੂਤ ਨਾ ਹੋਣਾ ਵੀ ਉਨ੍ਹਾਂ ਲਈ ਦਿੱਕਤ ਪੈਦਾ ਕਰੇਗਾ।ਪਾਰਟੀ ਦਾ ਅਧਾਰ ਕੇਵਲ ਮਾਲਵੇ ਵਿੱਚ ਹੋਣਾ, ਮਾਝੇ ਅਤੇ ਦੁਆਬੇ ਦੀ ਹਾਰ ਕਾਰਨ ਹੀ ਪਿਛਲੀ ਵਾਰ 20 ਸੀਟਾਂ ਉੱਤੇ ਸਿਮਟ ਗਏ ਸਨ।ਕਾਮੇਡੀਅਨ ਹੋਣ ਕਾਰਨ  ਉਹ ਪੂਰੇ ਪੰਜਾਬੀਆਂ ਦੀ ਪਸੰਦ ਨਹੀਂ ਬਣ ਸਕੇ। ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਵੱਲੋਂ ਇਕੱਠੇ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ । ਭਾਵੇਂ ਇਨ੍ਹਾਂ ਪਾਰਟੀਆਂ ਨੇ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਹੈ। ਭਾਜਪਾ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ।ਫਿਲਹਾਲ ਇਨ੍ਹਾਂ ਤਿੰਨੇ ਪਾਰਟੀਆਂ ਵਿੱਚ ਸਿਰਫ਼ ਕੈਪਟਨ ਅਮਰਿੰਦਰ ਹੀ ਉਹ ਪ੍ਰਮੁੱਖ ਚਿਹਰਾ ਨਜ਼ਰ ਆਉਂਦੇ ਹਨ ਜੋ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੋ ਸਕਦਾ ਹੈ।ਹਾਲਾਂਕਿ ਭਾਜਪਾ ਸਿਖ ਚਿਹਰਾ ਮੁਖ ਮੰਤਰੀ ਲਈ ਲਭ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਹਨ। ਭਾਵੇਂ 2004 ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਵਿੱਚ ਪੰਜਾਬ ਵਿਧਾਨ ਸਭਾ ਤੋਂ ਮਤਾ ਪਾਸ ਕਰਵਾਉਣਾ ਹੋਵੇ ਜਾਂ ਫਿਰ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦਾ ਵਿਰੋਧ ਕਰਦੇ ਹੋਏ ਸੰਸਦ ਤੇ ਆਪਣੀ ਹੀ ਪਾਰਟੀ ਤੋਂ ਅਸਤੀਫਾ ਦੇਣ ਹੋਵੇ, ਉਹ ਆਪਣੇ ਬੇਬਾਕ ਅੰਦਾਜ਼ ਤੇ ਵਿਚਾਰਾਂ ਲਈ ਜਾਣੇ ਜਾਂਦੇ ਹਨ।ਰਾਸ਼ਟਰਵਾਦ ਅਤੇ ਪਾਕਿਸਤਾਨ ਨੂੰ ਘੇਰਨ ਦੇ ਮੁੱਦੇ 'ਤੇ ਉਹ ਭਾਰਤੀ ਜਨਤਾ ਪਾਰਟੀ ਤੋਂ ਇੱਕ ਕਦਮ ਅੱਗੇ ਨਜ਼ਰ ਆਉੰਦੇ ਰਹੇ ਹਨ ਜੋ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਵਿੱਚ ਪੋਪੂਲਰ ਬਣਾਉਂਦਾ ਹੈ।ਉਨ੍ਹਾਂ ਦੀ ਸਭ ਤੋ ਵੱਡੀ ਖਾਮੀ ਉਨ੍ਹਾਂ ਦਾ ਪਿਛਲੇ ਸਾਢੇ ਚਾਰ ਸਾਲ ਦਾ ਕਾਰਜਕਾਲ ਹੈ ਜਿਸ ਬਾਰੇ ਜ਼ਿਆਦਾਤਰ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਹੈ ਕਿ ਕੈਪਟਨ ਅਮਰਿੰਦਰ ਕੋਲ ਲੋਕਾਂ ਦੀ ਪਹੁੰਚ ਨਹੀਂ ਸੀ ਅਤੇ ਉਨ੍ਹਾਂ ਨੇ ਆਮ ਲੋਕਾਂ ਦੇ ਕੰਮਾਂ ਨੂੰ ਤਰਜੀਹ ਨਹੀਂ ਦਿੱਤੀ।ਭਾਜਪਾ ਨੂੰ ਤਿੰਨ ਖੇਤੀ ਕਾਨੂੰਨਾਂ ਸੰਸਦ ਵਿੱਚ ਪਾਸ ਕਰਨ ਕਾਰਨ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਪਸੰਦ ਨਹੀਂ ਕੀਤਾ ਜਾਂਦਾ ਹੈ।ਕਾਂਗਰਸ ਵਿੱਚ ਕੈਪਟਨ ਖਿਲਾਫ ਬਗਾਵਤ ਤੋਂ ਬਾਅਦ ਜਦੋਂ ਉਨ੍ਹਾਂ ਨੇ ਭਾਜਪਾ ਦੇ ਨਾਲ ਹੱਥ ਮਿਲਾਇਆ ਤੇ ਸਾਢੇ ਚਾਰ ਸਾਲ ਦੀ 'ਮਾੜੀ' ਕਾਰਗੁਜ਼ਾਰੀ ਦੇ ਨਾਲ-ਨਾਲ ਉਨ੍ਹਾਂ 'ਤੇ 'ਕਿਸਾਨ ਵਿਰੋਧੀਆਂ' ਨਾਲ ਯਾਰੀ ਪਾਉਣ ਦੀ ਤੋਹਮਤ ਵੀ ਲਗ ਗਈ।ਜਦਕਿ ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਇਸ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ।ਸੂਤਰਾਂ ਦਾ ਮੰਨਣਾ ਹੈ ਕਿ ਭਾਜਪਾ ਪਾਪੂਲਰ ਨਵਾਂ ਸਿਖ ਚਿਹਰਾ ਲਭ ਰਹੀ ਹੈ।ਹਾਲੇ ਤਕ ਉਸਨੂੰ ਕਾਮਯਾਬੀ ਨਹੀਂ ਮਿਲੀ।