ਪੰਜਾਬ 'ਚ 41 ਫ਼ੀਸਦੀ ਨਸ਼ੇੜੀ ਚਿੱਟੇ ਦਾ ਕਰਦੇ ਨੇ ਸੇਵਨ

ਪੰਜਾਬ 'ਚ 41 ਫ਼ੀਸਦੀ ਨਸ਼ੇੜੀ ਚਿੱਟੇ ਦਾ ਕਰਦੇ ਨੇ ਸੇਵਨ

ਪੰਜਾਬੀ 8 ਕਰੋੜ ਦੀ  ਰੋਜ਼ਾਨਾ ਡਕਾਰਦੇ ਨੇ ਸ਼ਰਾਬ

 * ਪਿਛਲੇ 2 ਦਹਾਕਿਆਂ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ                  ਹੋਇਆ               

 ਵਿਸ਼ੇਸ਼ ਰਿਪੋਰਟ 

 ਪੰਜਾਬ ਵਿਚ ਹਰ ਰੋਜ਼ 2-3 ਨੌਜਵਾਨਾਂ ਦੀਆਂ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਹ ਤਾਂ ਸਿਰਫ਼ ਉਨ੍ਹਾਂ ਮੌਤਾਂ ਦਾ ਜ਼ਿਕਰ ਹੁੰਦਾ ਹੈ ਜੋ ਮੀਡੀਆ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਜੱਗ ਜ਼ਾਹਰ ਹੁੰਦੀਆਂ ਹਨ। ਬਹੁਤ ਸਾਰੀਆਂ ਨਸ਼ਿਆਂ ਕਾਰਨ ਹੋਈਆਂ ਮੌਤਾਂ ਸਬੰਧੀ ਮਾਪੇ ਨਾਮੋਸ਼ੀ ਅਤੇ ਸਮਾਜਿਕ ਬਦਨਾਮੀ ਤੋਂ ਬਚਣ ਲਈ ‘ਹਾਰਟ ਅਟੈਕ ਨਾਲ ਹੋਈ ਮੌਤ’ ਦੱਸ ਦਿੰਦੇ ਹਨ। ਹਸਪਤਾਲਾਂ ਵਿਚ ਨਸ਼ਿਆਂ ਕਾਰਨ ਹੋਈਆਂ ਮੌਤਾਂ, ਝਾੜੀਆਂ, ਖੋਲਿਆਂ, ਜਨਤਕ ਬਾਥਰੂਮਾਂ ਜਾਂ ਫਿਰ ਸੜਕਾਂ ਕੰਢੇ ਮਿਲਦੀਆਂ ਬਹੁਤ ਸਾਰੀਆਂ ਲਾਸ਼ਾਂ ਦੇ ਅੰਕੜੇ ਇਸ ਤੋਂ ਵੱਖਰੇ ਹਨ। ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੇ ਭਰਵਾਂ ਇਕੱਠ ਕਰ ਕੇ ਨਸ਼ਾ ਵੇਚਣ ਵਾਲਿਆਂ ਦਾ ਸੋਸ਼ਲ ਬਾਈਕਾਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸੋਧਣ ਦੀ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਵੱਲੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁੱਖਧਾਰਾ ਵਿਚ ਲਿਆਉਣ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਦਾ ਬੀੜਾ ਵੀ ਚੁੱਕਿਆ ਹੈ। ਇਸ ਸਭ ਕੁਝ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਸ਼ਰੇਆਮ ਚਿੱਟਾ ਵੇਚ ਰਹੀਆਂ ਔਰਤਾਂ ਅਤੇ ਮਰਦਾਂ ਦੀਆਂ ਮੂਵੀਆਂ ਸਾਹਮਣੇ ਆਉਣ ਨਾਲ ਨਸ਼ਿਆਂ ਵਿਚ ਗਰਕਦੀ ਜਵਾਨੀ ਤੇ ਤਸਕਰਾਂ ਦੇ ਬੁਲੰਦ ਹੌਸਲੇ ਸਮਾਜ ਦੀ ਚਿੰਤਾਜਨਕ ਅਤੇ ਕੋਝੀ ਤਸਵੀਰ ਪੇਸ਼ ਕਰਦੇ ਹਨ।

ਅਤੀਤ ਦੇ ਪੰਨਿਆਂ ’ਤੇ ਜੇਕਰ ਨਜ਼ਰ ਮਾਰਦੇ ਹਾਂ ਤਾਂ ਰਵਾਇਤੀ ਪਾਰਟੀਆਂ ਨੇ ਚੋਣਾਂ ਸਮੇਂ ਨਸ਼ੇ ਨੂੰ ਮੁੱਦਾ ਜ਼ਰੂਰ ਬਣਾਇਆ ਪਰ ਇਹ ਮੁੱਦਾ ਸੱਤਾ ਪ੍ਰਾਪਤੀ ਲਈ ਸਾਧਨ ਹੀ ਬਣਿਆ ਹੈ। ਪਿਛਲੀ ਸਰਕਾਰ ਸਮੇਂ ਸ਼ੰਭੂ ਬੈਰੀਅਰ ਲਾਗੇ ਖੰਨਾ ਦੇ ਨੇੜੇ, ਬਾਦਲ ਪਿੰਡ ਵਿਚ ਧੜੱਲੇ ਨਾਲ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵਿੱਚੋਂ ਲੱਖਾਂ ਲੀਟਰ ਸ਼ਰਾਬ ਫੜੀ ਗਈ ਅਤੇ ਇਹ ਕੇਸ ਅਣਪਛਾਤੇ ਵਿਅਕਤੀਆਂ ’ਤੇ ਪਾ ਦੇਣਾ ਲੋਕਤੰਤਰ ਦਾ ਘਾਣ ਹੀ ਸੀ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ 137 ਲੋਕਾਂ ਦੀ ਮੌਤ ਨਾਲ ਮਚੀ ਹਾਹਾਕਾਰ ਨੂੰ ਵੀ ਸਿਆਸੀ ਲਾਰਿਆਂ, ਵਾਅਦਿਆਂ ਅਤੇ ਮਾਇਆਜਾਲ ਰਾਹੀਂ ਠੱਲ੍ਹ ਪਾਈ ਗਈ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 2 ਦਹਾਕਿਆਂ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿਚ 41 ਫ਼ੀਸਦੀ ਨਸ਼ੇੜੀ ਚਿੱਟੇ ਦਾ ਸੇਵਨ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰਤੀ ਨਸ਼ੇੜੀ ਔਸਤ ਖ਼ਰਚਾ1300 ਰੁਪਏ ਰੋਜ਼ਾਨਾ ਹੈ। ਰੋਜ਼ਾਨਾ 5.20 ਲੱਖ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੁੱਲ੍ਹਦੇ ਹਨ ਅਤੇ ਪੰਜਾਬੀ 8 ਕਰੋੜ ਦੀ ਸ਼ਰਾਬ ਰੋਜ਼ਾਨਾ ਡਕਾਰ ਜਾਂਦੇ ਹਨ। ਇਹੀ ਨਹੀਂ, 13.70 ਕਰੋੜ ਰੋਜ਼ਾਨਾ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ਦੇ ਲੇਖੇ ਲੱਗਦੇ ਹਨ। ਸ਼ਰਾਬ ਪੀਣ ਵਾਲਿਆਂ ’ਚੋਂ 13 ਫ਼ੀਸਦੀ ਹੈਪੇਟਾਈਟਿਸ-ਸੀ ਅਤੇ 20 ਫ਼ੀਸਦੀ ਹੈਪੇਟਾਈਟਿਸ-ਬੀ ਦੀ ਲਪੇਟ ਵਿਚ ਆਏ ਹੋਏ ਹਨ। ਸੱਤਰ ਹਜ਼ਾਰ ਸ਼ਰਾਬੀਆਂ ਦੇ ਲਿਵਰ ਖ਼ਰਾਬ ਹੋ ਗਏ ਹਨ। ਹਰ ਪਿੰਡ ਵਿਚ ਸ਼ਰਾਬੀਆਂ ਦੀਆਂ ਮੌਤਾਂ ਕਾਰਨ ਔਸਤ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਨਸ਼ਿਆਂ ਕਾਰਨ ਹੀ 60 ਫ਼ੀਸਦੀ ਦੁਰਘਟਨਾਵਾਂ, 90 ਫ਼ੀਸਦੀ ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69 ਫ਼ੀਸਦੀ ਬਲਾਤਕਾਰ, 74 ਫ਼ੀਸਦੀ ਡਕੈਤੀਆਂ, 80 ਫ਼ੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਅਤੇ ਹੋਰ ਜੁਰਮਾਂ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬ ਦੇ ਅੰਦਾਜ਼ਨ 39.22 ਲੱਖ ਪਰਿਵਾਰਾਂ ਵਿੱਚੋਂ ਕੋਈ ਵਿਰਲਾ ਪਰਿਵਾਰ ਹੀ ਨਸ਼ਿਆਂ ਦੇ ਸੇਕ ਤੋਂ ਬਚਿਆ ਹੈ।

 ਸਾਡੇ ਅੱਗੇ ਗੰਭੀਰ ਚਿੰਤਾਜਨਕ ਪ੍ਰਸ਼ਨ ਹੈ ਕਿ ਨਸ਼ਿਆਂ ਦੇ ਦੈਂਤ ਨੂੰ ਕਾਬੂ ਕਰ ਕੇ ਨਸ਼ਿਆਂ ਕਾਰਨ ਬਲਦੇ ਸਿਵਿਆਂ ਦੀ ਪ੍ਰਚੰਡ ਅੱਗ ’ਤੇ ਕਿੰਜ ਕਾਬੂ ਪਾਇਆ ਜਾ ਸਕਦਾ ਹੈ? ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਬਿਨਾਂ ਸਿਆਸੀ ਦ੍ਰਿੜ੍ਹ ਇੱਛਾ ਸ਼ਕਤੀ ਦੇ ਇਸ ਗੰਭੀਰ ਸਮੱਸਿਆ ’ਤੇ ਕਾਬੂ ਪਾਉਣਾ ਸੰਭਵ ਹੀ ਨਹੀਂ ਹੈ। ਮਾਪਿਆਂ ਨੂੰ ਗੰਭੀਰ ਹੋ ਕੇ ਇਹ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਰਮਾਇਆ ਉਨ੍ਹਾਂ ਦੀਆਂ ਫੁੱਲੀਆਂ ਜੇਬਾਂ ਨਹੀਂ ਹਨ ਸਗੋਂ ਅਸਲ ਸਰਮਾਇਆ ਉਨ੍ਹਾਂ ਦੀ ਔਲਾਦ ਹੈ। ਔਲਾਦ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਗਿਆਨ ਦੇਣ ਦੇ ਨਾਲ-ਨਾਲ ਭਵਿੱਖ ਪ੍ਰਤੀ ਉਸਾਰੂ ਸੋਚ ਦਾ ਧਾਰਨੀ ਬਣਾਉਣ ਲਈ ਮਾਪਿਆਂ ਨੂੰ ਆਪ ਰੋਲ ਮਾਡਲ ਬਣਨਾ ਚਾਹੀਦਾ ਹੈ। 

 

ਮੋਹਨ ਸ਼ਰਮਾ