ਇੰਗਲੈਂਡ ਵਿੱਚ ਪਹਿਲੀ ਦਸਤਾਰਧਾਰੀ ਬੀਬੀ ਕੌਂਸਲਰ ਬਣੀ ਕਮਲਪ੍ਰੀਤ
ਲੇਬਰ ਪਾਰਟੀ ਵੱਲੋਂ ਚੋਣ ਲੜ ਕੇ ਪ੍ਰਧਾਨ ਮੰਤਰੀ ਦੇ ਹਮਾਇਤੀ ਨੂੰ ਵੱਡੇ ਫਰਕ ਨਾਲ ਹਰਾਇਆ
ਅੰਮ੍ਰਿਤਸਰ ਟਾਈਮਜ਼
ਲੁਧਿਆਣਾ: ਪੰਜਾਬ ਦੀ ਜੰਮਪਲ ਕਮਲਪ੍ਰੀਤ ਕੌਰ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਹਲਕੇ ਵਿੱਚ ਉਸ ਦੇ ਹਮਾਇਤੀ ਨੂੰ ਕਰਾਰੀ ਹਾਰ ਦੇ ਕੇ ਪਹਿਲੀ ਵਾਰ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਮੋਗਾ ਜ਼ਿਲ੍ਹੇ ਨਾਲ ਸਬੰਧਤ ਕਮਲਪ੍ਰੀਤ ਕੌਰ ਪਿਛਲੇ ਦੋ ਦਹਾਕਿਆਂ ਤੋਂ ਇੰਗਲੈਂਡ ਸਥਿਤ ਹਿਲਿੰਗਡੌਨ ਬਰੋ ਵਿੱਚ ਰਹਿ ਰਹੀ ਹੈ। ਕੋਲਮਪ੍ਰੀਤ ਨੇ ਵੁੱਡ ਐਂਡ ਵਾਰਡ ਤੋਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸਮਰਥਕ ਨੂੰ 1100 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਸ ਚੋਣ ਵਿੱਚ ਕਮਲਪ੍ਰੀਤ ਸਮੇਤ ਲੇਬਰ ਪਾਰਟੀ ਦੇ ਚਾਰ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਇਤਿਹਾਸ ਸਿਰਜਿਆ ਹੈ।
ਲੰਡਨ ਵਿੱਚ ਪਹਿਲੀ ਦਸਤਾਰਧਾਰੀ ਕੌਂਸਲਰ ਬਣਨ ਦਾ ਮਾਣ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਿੱਖਿਆ ਹਾਸਲ ਕਰਨ ਮਗਰੋਂ ਇੰਗਲੈਂਡ ਚਲੀ ਗਈ ਸੀ, ਜਿੱਥੇ ਉਸ ਨੇ ਯੂਨੀਵਰਸਿਟੀ ਕਾਲਜ ਲੰਡਨ ਅਤੇ ਕੁਈਨਮੈਰੀ ਯੂਨੀਵਰਸਿਟੀ, ਲੰਡਨ ਤੋਂ ਉੱਚ ਸਿੱਖਿਆ ਹਾਸਲ ਕੀਤੀ। ਪੱਤਰਕਾਰ ਤੇ ਲੇਖਿਕਾ ਕਮਲਪ੍ਰੀਤ ਕੌਰ ਦਾ ਆਪਣੇ ਹਲਕੇ ਵਿੱਚ ਕਾਫ਼ੀ ਮਾਣ-ਸਤਿਕਾਰ ਹੈ। ਉਹ ਟਾਈਮਜ਼ ਆਫ ਇੰਡੀਆ ਵਿਚ ਨਿਊਜ਼ ਐਡੀਟਰ ਰਹੀ ਹੈ ਤੇ ਹੁਣ ਆਕਾਸ਼ ਰੇਡੀਓ ਤੇ ਟੀਵੀ ਇੰਗਲੈਂਡ ਦੀ ਮੁੱਖ ਪ੍ਰਬੰਧਕ ਵਜੋਂ ਕਾਰਜਸ਼ੀਲ ਹੈ।
ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਕੋਮਲਪ੍ਰੀਤ ਨੂੰ ਸਿੱਖ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਲੋਕਾਂ ਦੀ ਹਮਾਇਤ ਮਿਲੀ ਹੈ। ਉਸ ਦੀ ਜਿੱਤ ’ਤੇ ਇੰਗਲੈਂਡ ਵਸਦੇ ਭਾਰਤੀ ਭਾਈਚਾਰੇ ਨੇ ਖੁਸ਼ੀ ਮਨਾਈ ਹੈ। ਲੁਧਿਆਣਾ ਵਾਸੀ ਉਸ ਦੇ ਚਚੇਰੇ ਭਰਾ ਜਸਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਕਮਲਪ੍ਰੀਤ ਕੌਰ ਦੀ ਜਿੱਤ ਨਾਲ ਸਿਰਫ਼ ਪਰਿਵਾਰ ਜਾਂ ਪੰਜਾਬ ਦਾ ਹੀ ਨਹੀਂ, ਸਗੋਂ ਇੰਗਲੈਂਡ ਵਸਦੇ ਸਮੁੱਚੇ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਨੂੰ ਵੱਖ ਵੱਖ ਸਭਾ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਆ ਗਿਆ ਹੈ।
Comments (0)