ਡੇਰੇ ਵਿਚ ਚੱਲ ਰਿਹੈ ਪੱਥਰੀ ਕੱਢਣ ਦਾ ਪਖੰਡ, ਇਲਾਕਾ ਵਾਸੀਆਂ ਨੇ ਜਥੇਦਾਰ ਨੂੰ ਦਿੱਤਾ ਮੰਗ-ਪੱਤਰ

ਡੇਰੇ ਵਿਚ ਚੱਲ ਰਿਹੈ ਪੱਥਰੀ ਕੱਢਣ ਦਾ ਪਖੰਡ, ਇਲਾਕਾ ਵਾਸੀਆਂ ਨੇ ਜਥੇਦਾਰ ਨੂੰ ਦਿੱਤਾ ਮੰਗ-ਪੱਤਰ

                            ਮਾਮਲੇ ਦੀ ਕਰਵਾਈ ਜਾਵੇਗੀ ਜਾਂਚ- ਸਿੰਘ ਸਾਹਿਬ                     

  ਅੰਮ੍ਰਿਤਸਰ ਟਾਈਮਜ਼

 ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਜਾਂਦਿਆਂ ਰਸਤੇ ਵਿੱਚ ਝੱਜ ਚੌਕ ਤੋਂ ਪਹਿਲਾਂ ਬਣੇ ਇਕ  ਡੇਰੇ ਦੇ ਪ੍ਰਬੰਧਕ ਬਾਬੇ ਵੱਲੋਂ ਮਨਮਤੀਆਂ ਕਰਾਮਾਤਾਂ ਨਾਲ ਪੱਥਰੀ ਕੱਢਣ ਤੇ ਹੋਰ ਬਿਮਾਰੀਆਂ ਠੀਕ ਕਰਨ ਦੇ ਢਕਵੰਜ ਨੂੰ ਰੋਕਣ ਲਈ  ਇਲਾਕਾ ਵਾਸੀਆਂ ਦੇ ਵੱਡੇ ਇਕੱਠ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ।

ਇਲਾਕਾ ਵਾਸੀਆਂ ਸਤਨਾਮ ਸਿੰਘ, ਜਸਵੰਤ ਸਿੰਘ, ਰੁਪਿੰਦਰ ਸਿੰਘ ਸੰਦੋਆ, ਮਨਦੀਪ ਸਿੰਘ, ਜਗਵਿੰਦਰ ਸਿੰਘ, ਸੁਲੱਖਣ ਸਿੰਘ, ਗੁਰਭਾਗ ਸਿੰਘ, ਸਿਮਰਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਕਮਲ ਸਿੰਘ ਮਾਨ, ਜਗਵੀਰ ਸਿੰਘ ਆਦਿ ਵੱਲੋਂ ਆਪਣੇ ਦਸਤਖਤ ਕਰਕੇ ਸਿੰਘ ਸਾਹਿਬ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਨਾਮ ਉਨ੍ਹਾਂ ਦੇ ਸਹਾਇਕ ਨੂੰ ਦਿੱਤੇ ਇਸ ਮੰਗ ਪੱਤਰ ਵਿਚ ਦੋਸ਼ ਲਗਾਇਆ ਗਿਆ ਕਿ ਉਕਤ ਗੁਰਦੁਆਰਾ ਸਾਹਿਬ ਕਮ ਡੇਰੇ ਦੇ ਨਾਂ ਹੇਠ ਮੁੱਖ ਪ੍ਰਬੰਧਕ ਬਾਬੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਕਰਾਮਾਤਾਂ ਰਾਹੀਂ ਗੁਮਰਾਹ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਬਾਬੇ ਵੱਲੋਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪੱਥਰੀ ਕੱਢਣ ਦੇ ਮਿੱਥੇ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਨਮਤੀਆਂ ਕਰਾਮਾਤਾਂ ਕੀਤੀਆਂ ਜਾਂਦੀਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਬਾਬੇ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਉਕਤ ਗੁਰਦੁਆਰਾ ਕਮ ਡੇਰੇ ਦੀ ਉਸਾਰੀ ਕਰਵਾਈ ਗਈ ਸੀ, ਜਿਸ ਨੂੰ ਉਹ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਿਹਾ ਹੈ ਜਦ ਕਿ ਸਾਡੇ ਇਲਾਕੇ ਦੇ ਨੇੜੇ ਤੇੜੇ ਪੈਂਦੇ ਪਿੰਡਾਂ ਵਿੱਚ ਦੋ ਗੁਰਦੁਆਰੇ ਪਹਿਲਾਂ ਹੀ ਸੁਸ਼ੋਭਿਤ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਇਸ ਗੁਰਦੁਆਰਾ ਕਮ ਡੇਰੇ ਅੰਦਰ ਹੋ ਰਹੀਆਂ ਮਨਮਤੀ ਕਾਰਵਾਈਆਂ ਬੰਦ ਕਰਵਾ ਕੇ ਇੱਥੇ ਗੁਰਮਤਿ ਮਰਿਆਦਾ ਬਹਾਲ ਕਰਵਾਈ ਜਾਵੇ।

ਜਦੋਂ ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਮਸਲਾ ਆਇਆ ਹੈ ਅਤੇ ਉਹ ਇਸ ਦੀ ਜਾਂਚ ਕਰਵਾਉਣਗੇ ਤੇ ਗੁਰਮਤਿ ਵਿਰੋਧੀ ਕਾਰਵਾਈਆਂ ਕਿਸੇ ਵੀ ਹਾਲ ਵਿੱਚ ਨਹੀਂ ਹੋਣ ਦਿੱਤੀਆਂ ਜਾਣਗੀਆਂ।