ਸਿਧੂ ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਦੇਣ ਤੋਂ ਪਛੜੇ

ਸਿਧੂ ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਦੇਣ ਤੋਂ ਪਛੜੇ

* ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਵਿਚ ਘਮਸਾਣ ਜਾਰੀ

*ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਭਾਰੀ ਫੁਟ

 *ਸਿਧੂ ਬੋਲਿਆ ਕਿ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਿਹਾ, ਪੰਜਾਬ ਦੇ ਨਿਜ਼ਾਮ ਨੂੰ ਬਦਲਣ ਲਈ ਜੂਝ ਰਿਹਾਂ 

*ਸਿੱਧੂ, ਚੰਨੀ ਤੇ ਜਾਖੜ’ ਦੀ ਤਿੱਕੜੀ ’ਤੇ ਦਾਅ ਖੇਡੇਗੀ ਕਾਂਗਰਸ 

ਅੰਮ੍ਰਿਤਸਰ ਟਾਈਮਜ਼ 

 ਜਲੰਧਰ:ਪੰਜਾਬ ਵਿਚ ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਿਚ ਤਾਂ ਇਹ ਕੁਰਸੀ ਦੀ ਜੰਗ ਕੁਝ ਜ਼ਿਆਦਾ ਹੀ ਤੇਜ਼ ਨਜ਼ਰ ਆ ਰਹੀ ਹੈ। ਇਹ ਲੜਾਈ ਦੂਸਰੀਆਂ ਪਾਰਟੀਆਂ ਨਾਲ ਨਹੀਂ, ਸਗੋਂ ਮੁੱਖ ਤੌਰ 'ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਹੋਈ ਹੈ। ਭਾਵੇਂ ਇਸ ਲੜਾਈ ਵਿਚਕਾਰ ਆਪਣਾ-ਆਪਣਾ ਦਾਅ ਲਾਉਣ ਦੀਆਂ ਕੋਸ਼ਿਸ਼ਾਂ ਵਿਚ ਸੁਨੀਲ ਜਾਖੜ, ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ ਅਤੇ ਕਈ ਹੋਰ ਵਿਅਕਤੀ ਵੀ ਸ਼ਾਮਿਲ ਹਨ। ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ,ਰਵਨੀਤ ਬਿਟੂ ਨੇ ਸਿਧੂ ਵਿਰੁਧ ਮੋਰਚਾ ਖੋਲਿਆ ਹੋਇਆ ਹੈ।ਮਨੀਸ਼ ਤਿਵਾੜੀ ਨੂੰ ਚੰਨੀ ਤੇ ਸਿਧੂ ਮੁਖ ਮੰਤਰੀ ਦੇ ਚਿਹਰੇ ਵਜੋਂ ਦੋਵੇਂ ਪਸੰਦ ਨਹੀਂ।ਇਸ ਬਾਰੇ ਉਹ ਅਖਬਾਰਾਂ ਵਿਚ ਪਹਿਲਾਂ ਹੀ ਬਿਆਨ ਦੇ ਚੁਕੇ ਹਨ।

ਸਿਧੂ ਹੁਣ ਪੰਜਾਬ ਕਾਂਗਰਸ ਵਿਚ ਕਮਜੋਰ ਤੇ ਇਕਲੇ ਜਾਪ ਰਹੇ ਹਨ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਵਿਚ ਜਿਸ ਦਿਨ ਸਿੱਧੂ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਮੰਨ ਲਿਆ ਸੀ, ਉਸ ਦਿਨ  ਸਿੱਧੂ ਨੇ ਵੱਡੀ ਰਾਜਨੀਤਕ ਗ਼ਲਤੀ ਕਰ ਲਈ  ਸੀ। ਚੰਨੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਹਨ, ਜਿਨ੍ਹਾਂ ਦੇ ਮੱਥੇ 'ਤੇ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਤਾਜ ਸਜਿਆ ਹੈ। ਪੰਜਾਬ ਵਿਚ ਤੀਸਰਾ ਹਿੱਸਾ ਆਬਾਦੀ ਇਸ ਵਰਗ ਨਾਲ ਸੰਬੰਧਿਤ ਹੈ। ਇਸ ਲਈ ਕਾਂਗਰਸ ਹਾਈਕਮਾਨ ਚੰਨੀ ਨੂੰ ਪਿੱਛੇ ਕਰਨ ਦੀ ਜੁਰਅਤ ਨਹੀਂ ਕਰ ਸਕਦੀ। ਪਰ ਚੰਨੀ ਨੇ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਤੇ ਜਿਸ ਤੇਜ਼ੀ ਨਾਲ ਕੰਮ ਕੀਤਾ ਹੈ (ਭਾਵੇਂ ਉਨ੍ਹਾਂ ਵਲੋਂ ਕੀਤੇ ਕੰਮਾਂ ਵਿਚੋਂ ਕਈ ਅਧੂਰੇ ਵੀ ਰਹਿ ਗਏ ਹਨ) ਉਸ ਨਾਲ ਉਨ੍ਹਾਂ ਦਾ ਕੱਦ ਉੱਚਾ ਹੋਇਆ ਹੈ। ਪਰ ਖ਼ਾਸ ਕਰਕੇ ਉਨ੍ਹਾਂ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਜਾਨ ਨੂੰ ਖ਼ਤਰੇ' ਵਾਲੇ ਜੁਮਲੇ ਦਾ ਜਵਾਬ ਦਿੰਦਿਆਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਅਤੇ ਜਿਸ ਤਰ੍ਹਾਂ ਦਾ ਹੌਸਲਾ ਅਤੇ ਜੁਰਅਤ ਦਿਖਾਈ,ਭਾਵੇਂ ਕਿ ਬਾਅਦ ਵਿਚ ਪ੍ਰਧਾਨ ਮੰਤਰੀ ਤੋਂ ਮਾਫੀ ਮੰਗ ਲਈ ।ਪਰ ਉਹ ਕੇਂਦਰ ਤੇ ਪੰਜਾਬ ਦੇ ਟਕਰਾਅ ਵਿਚ ਨਹੀਂ ਪਏ। 

 ਚੰਨੀ ਬਾਰੇ ਵਿਰੋਧੀ ਧਿਰ ਦਾ ਨੇਤਾ ਬਣਨ ਵੇਲੇ ਤੋਂ ਚਰਚੇ ਰਹੇ ਹਨ ਕਿ ਉਹ ਹਾਈਕਮਾਨ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦੇ ਰਹੇ ਹਨ। ਸੋ ਅਜਿਹੇ ਹਾਲਾਤ ਵਿਚ ਸਮਝਿਆ ਜਾਂਦਾ ਹੈ ਕਿ ਕਾਂਗਰਸ ਹਾਈਕਮਾਨ ਲਈ ਚੰਨੀ, ਸਿੱਧੂ ਤੋਂ ਵੱਧ ਪਿਆਰੇ ਹਨ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਚੋਣਾਂ ਜਿੱਤਣ ਲਈ ਆਪਣੇ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਥਾਂ ਇਹ ਸਭ ਤੋਂ ਵਧੀਆ ਸੁਮੇਲ ਚੁਣਿਆ ਸੀ ਅਤੇ ਤਿੰਨ ਚਿਹਰੇ ਸੰਯੁਕਤ ਰੂਪ ਵਿਚ ਅੱਗੇ ਕੀਤੇ ਸਨ। ਚੰਨੀ ਦਲਿਤ ਹਨ, ਸਿੱਧੂ ਇਕ ਜੱਟ ਸਿੱਖ ਅਤੇ ਸੁਨੀਲ ਜਾਖੜ ਇਕ ਹਿੰਦੂ ਚਿਹਰਾ ਹਨ।  ਚੋਣਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਾ ਹੋਵੇ, ਇਸ ਲਈ ਹੁਣ ਬੋਰਡਾਂ ਤੇ ਕਾਂਗਰਸ ਨੇ ਆਪਣੀ ਤਿੱਕੜੀ ਦੀਆਂ ਫੋਟੋਆਂ ਲਾ ਦਿੱਤੀਆਂ ਹਨ। ਇਸ ਵਾਰ ਕਾਂਗਰਸ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੇ ਨਾਂ ਤੇ ਚੋਣ ਲੜੇਗੀ, ਜਿਸ ਲਈ ਕਾਂਗਰਸ ਨੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਨਵੇਂ ਬੋਰਡ ਲਗਾ ਦਿੱਤੇ ਹਨ। ਇਨ੍ਹਾਂ ਬੋਰਡਾਂ ਤੇ ਨਵੀਂ ਸੋਚ ਨਵਾਂ ਪੰਜਾਬਦੇ ਨਾਲ ਕਾਂਗਰਸ ਨੇ ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾਲਿਖਿਆ ਹੈ।

ਸਿੱਧੂ ਦੀ ਫੋਟੋ ਸਭ ਤੋਂ ਅੱਗੇ ਲਾਈ

ਕਾਂਗਰਸ ਨੇ ਜੋ ਬੋਰਡ ਸਨਅਤੀ ਸ਼ਹਿਰ ਵਿੱਚ ਲਾਏ ਹਨ, ਉਨ੍ਹਾਂ ਵਿੱਚ ਸਭ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਦੇ ਬੋਰਡ ਲਗਾਏ ਗਏ ਹਨ, ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੀਜੇ ਨੰਬਰ ਤੇ ਸੁਨੀਲ ਜਾਖੜ ਦੀ ਫੋਟੋ ਲਗਾਈ ਗਈ ਹੈ। ਇਸ ਬੋਰਡ ਰਾਹੀਂ ਕਾਂਗਰਸ ਜੱਟ ਸਿੱਖ, ਦਲਿਤ ਭਾਈਚਾਰੇ ਤੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੂੰ ਆਪਣੇ ਪਾਸੇ ਕਰਨਾ ਚਾਹੁੰਦੀ ਹੈ।ਪਰ ਜਾਪਦਾ ਹੈ ਕਿ ਸਿੱਧੂ ਸਥਿਤੀ ਨੂੰ ਭਾਂਪ ਗਏ ਹਨ ਕਿ ਜੇਕਰ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਗਿਆ ਤਾਂ ਚੋਣਾਂ ਤੋਂ ਬਾਅਦ ਚੰਨੀ ਦੀ ਥਾਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ। ਕਿਉਂਕਿ ਕਾਂਗਰਸ ਹਾਈਕਮਾਨ ਦੇ ਸਾਹਮਣੇ 2024 ਦੀਆਂ ਆਮ ਚੋਣਾਂ ਵੀ ਹਨ। ਕਾਂਗਰਸ ਨੇ ਇਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦਾ ਖੂਬ ਪ੍ਰਚਾਰ ਕੀਤਾ ਹੈ ਅਤੇ ਜੇਕਰ ਚੋਣਾਂ ਤੋਂ ਬਾਅਦ ਉਸ ਨੂੰ ਲਾਹਿਆ ਜਾਂਦਾ ਹੈ ਤਾਂ ਦੇਸ਼ ਭਰ ਵਿਚ ਦਲਿਤ ਨਾਰਾਜ਼ ਹੋ ਸਕਦੇ ਹਨ। ਇਹੀ ਕਾਰਨ ਮੰਨਿਆ ਜਾਂਦਾ ਹੈ, ਜਿਸ ਕਾਰਨ ਸਿੱਧੂ ਨੇ ਇਸ ਗੱਲ 'ਤੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੁੱਖ ਮੰਤਰੀ ਦਾ ਚਿਹਰਾ ਹੁਣੇ ਐਲਾਨਿਆ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਕਿਸੇ ਅਹੁਦੇ ਲਈ ਚੋਣ ਨਹੀਂ ਲੜ ਰਹੇ, ਸਗੋਂ ਉਨ੍ਹਾਂ ਦੀ ਲੜਾਈ ਤਾਂ ਨਿਜ਼ਾਮ ਬਦਲਣ ਦੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜਾ ਸਿਸਟਮ ਸਾਡੇ ਗੁਰੂ ਗਰੰਥ ਸਾਹਿਬ ਨੂੰ ਇਨਸਾਫ਼ ਨਹੀਂ ਦੇ ਸਕਿਆ ਤੇ ਨਸ਼ਾ ਤਸਕਰੀ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨੂੰ ਸਜ਼ਾਵਾਂ ਨਹੀਂ ਦੇ ਸਕਿਆ, ਉਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ।  ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਆਗੂਆਂ ਅਤੇ ਮਾਫ਼ੀਆ ਦੀ ਆਪਸੀ ਮਿਲੀਭੁਗਤ ਨੇ ਪੰਜਾਬ ਦੀ ਆਨ ਤੇ ਸ਼ਾਨ ਨੂੰ ਢਾਹ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਤੇ ਸੁਧਾਰ ਹੋਣੇ ਲਾਜ਼ਮੀ ਹਨ। ਯਾਦ ਰਹੇ ਕਿ ਨਵਜੋਤ ਸਿੱਧੂ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਮਾਡਲਪੇਸ਼ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਦੀ ਚੋਣ ਐਤਕੀਂ ਪੰਜਾਬ ਦੇ ਲੋਕ ਕਰਨਗੇ।        ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਇਸ ਮਗਰੋਂ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਸੀ ਤੇ  ਕਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ, ਜਿਸ ਲਈ ਕਿਸੇ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ ਹੈ।  ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਨਵਜੋਤ ਸਿੱਧੂ ਬਾਰੇ ਸਖ਼ਤ ਪ੍ਰਤੀਕਿਰਿਆ ਦੇ ਚੁੱਕੇ ਹਨ। ਹਾਲਾਂਕਿ ਕਾਂਗਰਸ ਹਾਈਕਮਾਨ   ਸਾਂਝੀ ਕਮਾਨ ਹੇਠ ਹੀ ਚੋਣ ਲੜੇ ਜਾਣ ਦਾ ਫੈਸਲਾ ਕਰ ਚੁਕੀ ਹੈ। 

ਚੋਣ ਮਨੋਰਥ ਪੱਤਰ ਨੂੰ ਲੈ ਕੇ ਕਾਂਗਰਸ ਵਿਚ 

 ਪੰਜਾਬ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਸੰਬੰਧੀ ਭੰਬਲਭੂਸਾ ਜਾਰੀ ਹੈ। ਪਾਰਟੀ ਹਾਈਕਮਾਨ ਵਲੋਂ ਇਸ ਮੰਤਵ ਲਈ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਚੇਅਰਮੈਨਸ਼ਿਪ ਹੇਠ ਬਣਾਈ ਹਾਈ ਕਮੇਟੀ ਨੇ ਹਾਈਕਮਾਨ ਵਲੋਂ ਨਿਰਧਾਰਤ ਸਮੇਂ ਵਿਚ ਚੋਣ ਮਨੋਰਥ ਪੱਤਰ ਦਾ ਡਰਾਫ਼ਟ ਬਣਾ ਕੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਭੇਜ ਦਿੱਤਾ ਸੀ, ਪਰ ਇਸ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਐਲਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਦੋਵਾਂ ਵਲੋਂ ਕਮੇਟੀ ਨੂੰ ਨਾ ਤਾਂ ਆਪਣੇ ਕੀਤੇ ਐਲਾਨਾਂ ਦਾ ਬਿਓਰਾ ਦਿੱਤਾ ਗਿਆ ਅਤੇ ਨਾ ਹੀ ਬਾਜਵਾ ਵਲੋਂ ਰਾਏ ਲੈਣ ਲਈ ਸੱਦੀਆਂ ਗਈਆਂ ਮੀਟਿੰਗਾਂ ਵਿਚ ਸ਼ਮੂਲੀਅਤ ਹੀ ਕੀਤੀ ਗਈ। ਨਵਜੋਤ ਸਿੰਘ ਸਿੱਧੂ ਵਲੋਂ ਹਾਲਾਂਕਿ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਦਾ 'ਪੰਜਾਬ ਮਾਡਲ' ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ ਅਤੇ ਉਨ੍ਹਾਂ ਇਸ ਦਾ ਐਲਾਨ ਪਾਰਟੀ ਹਾਈਕਮਾਨ ਦੀ ਮਰਜ਼ੀ ਨਾਲ ਹੀ ਕੀਤਾ ਹੈ। ਬਾਜਵਾ ਵਲੋਂ ਉਨ੍ਹਾਂ ਦੀ ਕਮੇਟੀ ਕੋਲ ਸੂਬੇ ਦੇ ਵਿੱਤੀ ਪ੍ਰਬੰਧਾਂ ਸੰਬੰਧੀ ਲੋੜੀਂਦੀ ਜਾਣਕਾਰੀ ਨਾ ਹੋਣ ਸੰਬੰਧੀ ਜੋ ਇਤਰਾਜ਼ ਉਠਾਏ ਗਏ ਸਨ ਉਸ ਕਾਰਨ ਹੁਣ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨਾਲ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਮੇਟੀ ਦਾ ਕਨਵੀਨਰ ਨਿਯੁਕਤ ਕਰ ਦਿੱਤਾ ਹੈ ਤਾਂ ਜੋ ਕਮੇਟੀ ਨੂੰ ਸੂਬੇ ਦੀ ਵਿੱਤੀ ਸਥਿਤੀ ਸੰਬੰਧੀ ਲੋੜੀਂਦੀ ਜਾਣਕਾਰੀ ਮਿਲ ਸਕੇ ਤੇ ਕਮੇਟੀ ਵੱਖ-ਵੱਖ ਪੱਧਰ 'ਤੇ ਹੋਏ ਐਲਾਨਾਂ ਨੂੰ ਸ਼ਾਮਿਲ ਕਰਨ ਸੰਬੰਧੀ ਵਿੱਤ ਮੰਤਰੀ ਦੀ ਰਾਏ ਵੀ ਪ੍ਰਾਪਤ ਕਰ ਸਕੇ। ਸੰਭਵ ਹੈ ਕਿ ਪਾਰਟੀ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਜਾਂ ਤਾਂ ਪ੍ਰਾਪਤ ਹੋਏ ਡਰਾਫ਼ਟ ਨੂੰ ਵਾਪਸ ਕਮੇਟੀ ਨੂੰ ਭੇਜਣ ਅਤੇ ਜਾਂ ਫਿਰ ਪਾਰਟੀ ਹਾਈਕਮਾਨ ਆਪਣੇ ਪੱਧਰ 'ਤੇ ਹੀ ਸਿੱਧੂ ਅਤੇ ਚੰਨੀ ਵਲੋਂ ਕੀਤੇ ਗਏ ਐਲਾਨਾਂ ਨੂੰ ਪਾਰਟੀ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰਨ ਸੰਬੰਧੀ ਫ਼ੈਸਲਾ ਲਵੇ ਪਰ ਪਾਰਟੀ ਹਾਈਕਮਾਨ ਵਲੋਂ ਇਸ ਮੰਤਵ ਨਾਲ ਬਣਾਈ ਕਮੇਟੀ ਅਤੇ ਚੋਣ ਮੁਹਿੰਮ ਲਈ ਵੀ ਬਣਾਈਆਂ ਗਈਆਂ ਕਮੇਟੀਆਂ ਨਾਲ ਸਰਕਾਰ ਤੇ ਪ੍ਰਦੇਸ਼ ਕਾਂਗਰਸ ਦੇ ਤਾਲਮੇਲ ਦੀ ਘਾਟ ਸਾਹਮਣੇ ਆ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਵਿਚ ਅਨੁਸ਼ਾਸਨ ਵਰਗੀ ਕੋਈ ਚੀਜ਼ ਨਹੀਂ।