ਪੰਜਾਬ ਦੀ ਸਿਆਸਤ ਦਾ ਭਾਰੀ ਅਪਰਾਧੀਕਰਨ

ਪੰਜਾਬ ਦੀ ਸਿਆਸਤ ਦਾ ਭਾਰੀ ਅਪਰਾਧੀਕਰਨ

 *ਬਾਹੂਬਲੀ ਅਤੇ ਧਨ ਕੁਬੇਰਾਂ ਦੀ ਸਿਆਸਤ ਉਪਰ ਜਕੜ 

*ਪੰਜਾਬ ਇਲੈਕਸ਼ਨ ਵਾਚ ਨੇ ਕੀਤਾ ਪਰਦਾਫਾਸ਼

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ: ਪੰਜਾਬ ਇਲੈਕਸ਼ਨ ਵਾਚਨੇ 2004 ਤੋਂ 2019 ਅਸੈਂਬਲੀ ਤੇ ਸੰਸਦੀ ਚੋਣਾਂ ਦੀ ਕੀਤੀ ਸਮੀਖਿਆ ਭਾਜਪਾ ਨੇ 15 ਸਾਲਾਂ ਵਿਚ ਅਪਰਾਧਿਕ ਪਿਛੋਕੜ ਵਾਲੇ 83 ਫੀਸਦੀ, ਕਾਂਗਰਸ ਨੇ 14 ਤੇ ਅਕਾਲੀ ਦਲ ਨੇ 22 ਫੀਸਦ ਉਮੀਦਵਾਰਾਂ ਨੂੰ ਟਿਕਟ ਦਿੱਤੀਪੰਜਾਬ ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਦੌਰਾਨ ਪੈਸੇ ਅਤੇ ਬਾਹੂਬਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਸਾਲ 2004 ਤੋਂ ਲੈ ਕੇ 2019 ਤੱਕ ਹੋਈਆਂ ਵਿਧਾਨ ਸਭਾ ਅਤੇ 7 ਸੰਸਦੀ ਚੋਣਾਂ ਦੇ ਨਤੀਜਿਆਂ ਅਤੇ ਇਨ੍ਹਾਂ ਚੋਣਾਂ ਦੌਰਾਨ ਮੈਦਾਨ ਵਿਚ ਨਿੱਤਰਨ ਵਾਲੇ ਉਮੀਦਵਾਰਾਂ ਸਬੰਧੀ ਕੀਤੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਜਿਹੜੇ ਉਮੀਦਵਾਰ ਜੇਤੂ ਰਹਿੰਦੇ ਹਨ, ਉਹ ਧਨ ਕੁਬੇਰ ਬਣਨ ਵੱਲ ਨੂੰ ਵੀ ਵਧ ਰਹੇ ਹਨ। ਪੰਜਾਬ ਇਲੈਕਸ਼ਨ ਵਾਚਦੇ ਨੁਮਾਇੰਦਿਆਂ ਨੇ ਇਹ ਤੱਥ ਮੀਡੀਆ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਚੁਣੇ ਗਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਔਸਤਨ ਅਸਾਸਿਆਂ ਦਾ ਹਿਸਾਬ ਦੇਖਿਆ ਜਾਵੇ ਤਾਂ ਉਹ ਔਸਤਨ 11.42 ਕਰੋੜ ਦੀ ਜਾਇਦਾਦ ਦੇ ਮਾਲਕ ਹਨ।

ਸੰਸਥਾ ਦੇ ਆਗੂਆਂ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਅਤੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਸੱਤ ਚੋਣਾਂ ਦੌਰਾਨ ਮੈਦਾਨ ਚ ਨਿੱਤਰੇ 3547 ਉਮੀਦਵਾਰਾਂ ਅਤੇ 413 ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮਿਆਂ ਦਾ ਅਧਿਐਨ ਕੀਤਾ ਗਿਆ ਹੈ। ਵਿਸ਼ਲੇਸ਼ਣ ਮੁਤਾਬਕ 385 ਉਮੀਦਵਾਰਾਂ ਦੇ ਜੇਕਰ ਔਸਤਨ ਅਸਾਸੇ 6.62 ਕਰੋੜ ਰੁਪਏ ਤੱਕ ਦੇ ਹਨ ਤਾਂ ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ ਉਨ੍ਹਾਂ ਦੇ ਅਸਾਸੇ ਆਮ ਉਮੀਦਵਾਰਾਂ ਦੇ ਮੁਕਾਬਲੇ ਔਸਤਨ 7.27 ਕਰੋੜ ਰੁਪਏ ਤੱਕ ਹਨ। ਰਿਪੋਰਟ ਮੁਤਾਬਕ ਸਾਲ 2004 ਤੋਂ 2019 ਤੱਕ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਾਈ ਗਈ, ਉਨ੍ਹਾਂ ਵਿੱਚ 14 ਫੀਸਦੀ ਅਪਰਾਧਿਕ ਪਿਛੋਕੜ ਵਾਲੇ ਸਨ। ਸ਼੍ਰੋਮਣੀ ਅਕਾਲੀ ਦਲ ਦੇ 22 ਫੀਸਦੀ ਉਮੀਦਵਾਰਾਂ ਖਿਲਾਫ਼ ਮਾਮਲੇ ਦਰਜ ਸਨ। 83 ਫੀਸਦ ਨਾਲ ਭਾਜਪਾ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਸੀ। ਪੰਜਾਬ ਦੀ ਸੱਤਾ ਚ ਨਵੀਂ ਦਾਖਲ ਹੋਈ ਆਮ ਆਦਮੀ ਪਾਰਟੀ ਦੇ ਵੀ 11 ਫੀਸਦੀ ਉਮੀਦਵਾਰਾਂ ਖਿਲਾਫ਼ ਫੌਜਦਾਰੀ ਕੇਸ ਦਰਜ ਸਨ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ 45 ਫੀਸਦੀ ਅਤੇ ਆਜ਼ਾਦ ਉਮੀਦਵਾਰਾਂ ਵਿੱਚੋਂ ਵੀ 9 ਫੀਸਦੀ ਅਜਿਹੇ ਸਨ ਜਿਨ੍ਹਾਂ ਦੇ ਖਿਲਾਫ਼ ਅਦਾਲਤਾਂ ਵਿੱਚ ਮਾਮਲੇ ਵਿਚਾਰ ਅਧੀਨ ਸਨ। ਇਨ੍ਹਾਂ ਵਿੱਚ ਸੰਗੀਨ ਅਪਰਾਧਿਕ ਮਾਮਲੇ ਵੀ ਸ਼ਾਮਲ ਹਨ ਤੇ ਪ੍ਰਮੁੱਖ ਪਾਰਟੀਆਂ ਵਿਚੋਂ ਅਕਾਲੀ ਦਲ ਮੋਹਰੀ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਸਦੀ ਚੋਣਾਂ ਦੌਰਾਨ ਉਤਾਰੇ ਜਾਣ ਵਾਲੇ ਉਮੀਦਵਾਰਾਂ ਵਿੱਚ ਜੇਕਰ ਪਾਰਟੀ ਪੱਧਰ ਤੇ ਅਮੀਰੀ ਦੇਖਣੀ ਹੋਵੇ ਤਾਂ ਭਾਜਪਾ ਉਮੀਦਵਾਰ ਮੋਹਰੀ ਹਨ। ਭਾਜਪਾ ਦੇ ਔਸਤਨ ਉਮੀਦਵਾਰ ਦੀ ਜਾਇਦਾਦ 17.82 ਕਰੋੜ ਰੁਪਏ ਤੱਕ ਹੈ। ਕਾਂਗਰਸ ਨੂੰ ਇਸ ਮਾਮਲੇ ਵਿੱਚ ਦੂਜਾ ਸਥਾਨ ਹਾਸਲ ਹੋਇਆ ਹੈ ਜਿਨ੍ਹਾਂ ਦੇ ਅਸਾਸੇ 10.86 ਕਰੋੜ ਰੁਪਏ ਤੱਕ ਦੇ ਹਨ। ਸ਼੍ਰੋਮਣੀ ਅਕਾਲੀ ਦਲ ਤੀਜੀ ਥਾਵੇਂ ਹੈ। ਇਸ ਪਾਰਟੀ ਦਾ ਇੱਕ ਉਮੀਦਵਾਰ ਔਸਤਨ 9.33 ਕਰੋੜ ਰੁਪਏ ਦੇ ਅਸਾਸਿਆਂ ਦਾ ਮਾਲਕ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਸਿਆਸਤਦਾਨ ਅਜਿਹੇ ਵੀ ਹਨ ਜਿਨ੍ਹਾਂ ਖਿਲਾਫ਼ ਔਰਤਾਂ ਦਾ ਜਿਸਮਾਨੀ ਸ਼ੋਸ਼ਣ, ਇਰਾਦਾ ਕਤਲ ਅਤੇ ਹੋਰ ਸੰਗੀਨ ਮਾਮਲੇ ਵੀ ਦਰਜ ਹੁੰਦੇ ਹਨ। ਸੂਬੇ ਵਿੱਚ ਕਈ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਤੇ ਜ਼ੋਰ ਦੇਣ ਲਈ ਪ੍ਰਚਾਰ ਤਾਂ ਕੀਤਾ ਜਾਂਦਾ ਹੈ, ਪਰ ਪੈਸੇ ਦੇ ਜ਼ੋਰ ਤੇ ਬਾਹੂਬਲੀ ਨੇਤਾ ਹੱਥ ਅਜ਼ਮਾਉਣ ਚ ਕਾਮਯਾਬ ਹੋ ਜਾਂਦੇ ਹਨ।

ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ 18 ਫੀਸਦੀ

ਵਿਸ਼ਲੇਸ਼ਨ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਦਾ ਪਿਛੋਕੜ ਅਪਰਾਧਿਕ ਹੈ, ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ 18 ਫੀਸਦੀ ਤੱਕ ਹੈ ਜਦੋਂ ਕਿ ਜਿਨ੍ਹਾਂ ਉਮੀਦਵਾਰਾਂ ਨੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਕੋਈ ਗੁਨਾਹ ਨਹੀਂ ਕੀਤਾ ਹੁੰਦਾ ਅਜਿਹੇ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ 11 ਫੀਸਦੀ ਹੈ। ਇਨ੍ਹਾਂ 3547 ਉਮੀਦਵਾਰਾਂ ਵਿੱਚੋਂ (ਜਿਨ੍ਹਾਂ ਨੇ 2004 ਤੋਂ ਚੋਣਾਂ ਲੜੀਆਂ ਹਨ) ਸਿਰਫ 256 ਜਾਂ 7 ਫੀਸਦੀ ਹੀ ਔਰਤਾਂ ਸਨ। ਪੰਜਾਬ ਇਲੈਕਸ਼ਨ ਵਾਚਵੱਲੋਂ ਸਾਹਮਣੇ ਲਿਆਂਦੇ ਤੱਥਾਂ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਨਿੱਘਰਦੀ ਜਾ ਰਹੀ ਹੈ ਜਦੋਂ ਕਿ ਨੇਤਾ ਦਿਨ ਪ੍ਰਤੀ ਦਿਨ ਅਮੀਰ ਹੁੰਦੇ ਜਾ ਰਹੇ ਹਨ।