ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਮੁਹਾਲੀ ਤੱਕ ਵਿਸ਼ਾਲ  ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਮੁਹਾਲੀ ਤੱਕ ਵਿਸ਼ਾਲ  ਮਾਰਚ

* ਚੰਡੀਗੜ੍ਹ ਜਾਣ ਤੋਂ ਪੁਲੀਸ ਨੇ ਰੋਕਿਆ ਮਾਰਚ 

*10 ਮੈਂਬਰੀ ਵਫ਼ਦ ਨੂੰ ਗਵਰਨਰ ਹਾਊਸ ਤੱਕ ਜਾਣ ਦਿਤਾ

ਅੰਮ੍ਰਿਤਸਰ ਟਾਈਮਜ਼ 

ਐੱਸਏਐੱਸ ਨਗਰ (ਮੁਹਾਲੀ)ਸਿੱਖਾਂ ਦੇ ਮਸਲਿਆਂ ਦੀ ਪੈਰਵੀਂ ਕਰਨ ਵਾਲੀ ਸੁਪਰੀਮ ਕਮੇਟੀ ਅਕਾਲ ਯੂਥ ਜਥੇਬੰਦੀ ਦੇ ਕਾਰਕੁਨਾਂ ਨੇ  ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ ਪੰਜਾਬ ਦੇ ਰਾਜਪਾਲ (ਗਵਰਨਰ ਹਾਊਸ) ਵੱਲ ਕੂਚ ਕੀਤਾ ਗਿਆ ਪਰ ਮੁਹਾਲੀ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ।

ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਦੁਪਹਿਰ ਵੇਲੇ ਸ਼ੁਰੂ ਹੋਇਆ ਇਨਸਾਫ਼ ਮਾਰਚ ਸ਼ਾਮ ਨੂੰ ਮੁਹਾਲੀ ਪੁੱਜਾ। ਕਾਫ਼ਲੇ ਨੇ ਇੱਥੋਂ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਮੁਹਾਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਵਾਈਪੀਐੱਸ ਚੌਕ ਨੇੜੇ ਰੋਕ ਲਿਆ। ਜਥੇਬੰਦੀ ਦੇ ਕਾਰਕੁਨ ਜੈਕਾਰੇ ਛੱਡਦਿਆਂ ਅੱਗੇ ਵਧੇ ਪਰ ਕਾਫ਼ਲੇ ਨੂੰ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਤੇ ਯੂਟੀ ਪੁਲੀਸ ਨੇ ਬੈਰੀਕੇਡ ਲਾ ਕੇ ਰੋਕ ਲਿਆ।

​​​​​​​

ਇਸ ਇਨਸਾਫ਼ ਮਾਰਚ ਵਿੱਚ ਬਾਪੂ ਗੁਰਚਰਨ ਸਿੰਘ ਅਤੇ ਅਕਾਲ ਯੂਥ ਜਥੇਬੰਦੀ ਦੇ ਪ੍ਰਮੁੱਖ ਆਗੂ ਭਾਈ ਜਸਵਿੰਦਰ ਸਿੰਘ, ਭਾਈ ਸਤਵੰਤ ਸਿੰਘ ਲੁਧਿਆਣਾ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਜਸਵੰਤ ਸਿੰਘ ਸਿੱਧੂਪੁਰ, ਭਾਈ ਹਰਪ੍ਰੀਤ ਸਿੰਘ ਰਾਣਾ, ਭਾਈ ਰਾਜਨਦੀਪ ਸਿੰਘ, ਭਾਈ ਮਹਾਂ ਸਿੰਘ, ਮਾਨ ਸਿੰਘ, ਭਾਈ ਸਤਨਾਮ ਸਿੰਘ, ਭਾਈ ਨੋਬਲਜੀਤ ਸਿੰਘ ਆਵਾਜ਼-ਏ-ਕੌਮ ਸਮੇਤ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਜ਼ਾ ਪੂਰੀ ਕਰ ਚੁੱਕੇ ਅਕਾਲ ਤਖ਼ਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਾਫ਼ਲੇ ਦਾ ਰਾਹ ਰੋਕਣ ਤੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਤਿੱਖਾ ਵਿਰੋਧ ਕੀਤਾ। ਇਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ 10 ਸਿੱਖ ਆਗੂਆਂ ਨੂੰ ਨਾਲ ਲੈ ਕੇ ਗਵਰਨਰ ਹਾਊਸ ਲਈ ਰਵਾਨਾ ਹੋਏ। ਇਸ ਮਗਰੋਂ ਮਾਰਚ ਵਿੱਚ ਸ਼ਾਮਲ ਸਿੱਖਾਂ ਦਾ ਗੁੱਸਾ ਠੰਢਾ ਹੋਇਆ। ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੋਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਮਾੜੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ ਹੈ।

ਰਾਜਪਾਲ ਵੱਲੋਂ ਤਿੰਨ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਭਰੋਸਾ

ਅਕਾਲ ਯੂਥ ਜਥੇਬੰਦੀ ਦੇ ਪ੍ਰਮੁੱਖ ਆਗੂ ਭਾਈ ਜਸਵਿੰਦਰ ਸਿੰਘ ਨੇ  ਦੱਸਿਆ ਕਿ ਸਿੱਖ ਆਗੂਆਂ ਦੇ ਵਫ਼ਦ ਦੀ ਪੰਜਾਬ ਦੇ ਰਾਜਪਾਲ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਸਿੱਖ ਆਗੂਆਂ ਤੋਂ ਮੰਗ ਪੱਤਰ ਹਾਸਲ ਕਰਕੇ ਭਰੋਸਾ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਨਾਮਜ਼ਦ ਅਤੇ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਤਿੰਨ ਸਿੱਖ ਕੈਦੀਆਂ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇਗਾ।