ਅਫ਼ਗਾਨਿਸਤਾਨ ਵਿਚਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਾਪਸੀ ਲਈ ਕੇਂਦਰ ਨਾਲ ਗੱਲ ਕਰੇਗੀ ਸ੍ਰੋਮਣੀ ਕਮੇਟੀ 

ਅਫ਼ਗਾਨਿਸਤਾਨ ਵਿਚਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਾਪਸੀ ਲਈ ਕੇਂਦਰ ਨਾਲ ਗੱਲ ਕਰੇਗੀ ਸ੍ਰੋਮਣੀ ਕਮੇਟੀ 

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਅਫ਼ਗਾਨਿਸਤਾਨ ’ਚ ਪੈਦਾ ਹੋਏ ਅਣਸੁਖਾਵੇਂ ਹਾਲਾਤ ਕਾਰਨ ਉੱਥੇ ਰਹਿੰਦੇ ਸਿੱਖ ਪਰਿਵਾਰ ਹਿਜਰਤ ਕਰਨ ਲਈ ਮਜਬੂਰ ਹੋ ਗਏ ਹਨ। ਆਪਣੇ ਪਰਿਵਾਰ ਕਾਰੋਬਾਰ ਜਾਂ ਘਰਾਂ ਤੋਂ ਵੱਧ ਜੇਕਰ ਕਿਸੇ ਗੱਲ ਦਾ ਉਨ੍ਹਾਂ ਨੂੰ ਫ਼ਿਕਰ ਹੈ ਤਾਂ ਉਹ ਹੈ ਉੱਥੋਂ ਦੇ ਗੁਰੂ ਘਰਾਂ ਅਤੇ ਉੱਥੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਸਰੂਪਾਂ ਵਿਚ ਵੱਡੀ ਗਿਣਤੀ ਵਿਚ ਹੱਥਲਿਖਤ ਸਰੂਪ ਹਨ ਜਿਨ੍ਹਾਂ ਦੀ ਬਹੁਤ ਵੱਡੀ ਇਤਿਹਾਸਕ ਮਹੱਤਤਾ ਹੈ। ਹਾਲਾਂਕਿ ਉਥੋਂ ਆ ਰਹੇ ਸਿੱਖ ਪਰਿਵਾਰ ਆਪਣੇ ਨਾਲ ਇਹ ਸਰੂਪ ਲਿਆ ਰਹੇ ਹਨ ਅਤੇ ਇੱਥੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਇੰਤਜ਼ਾਮ ਵੀ ਕਰ ਰਹੇ ਹਨ ਪਰ ਅਜੇ ਵੀ ਉੱਥੇ ਬਹੁਤ ਸਾਰੇ ਸਰੂਪ ਹਨ ਜਿਨ੍ਹਾਂ ਨੂੰ ਲੈ ਕੇ ਇਨ੍ਹਾਂ ਦੇ ਮਨਾਂ ਵਿਚ ਚਿੰਤਾ ਅਤੇ ਡਰ ਹੈ। ਐੱਸਜੀਪੀਸੀ ਵੱਲੋਂ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਪਾਸੇ ਲੋੜੀਂਦੇ ਕਦਮ ਚੁੱਕੇ ਜਾਣਗੇ।

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਨਾਲ ਸਿੱਖਾਂ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਗੁੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਆਖਰੀ ਯਾਤਰਾ ਦੌਰਾਨ ਬਗ਼ਦਾਦ ਗਏ ਅਤੇ ਵਾਪਸੀ ’ਤੇ ਭਾਈ ਮਰਦਾਨਾ ਕੁਰਮ ਦਰਿਆ ਨੇੜੇ ਚਲਾਣਾ ਕਰ ਗਏ, ਜਿੱਥੇ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ। ਅੱਜ ਵੀ ਕੁਰਮ ਦਰਿਆ ’ਤੇ ਕੁਰਮ ਨਗਰ ਵਿਚ ਭਾਈ ਮਰਦਾਨਾ ਜੀ ਦੀ ਯਾਦਗਾਰ ਸਥਾਪਤ ਹੈ। ਗੁਰੂ ਨਾਨਕ ਦੇਵ ਜੀ ਨੇ ਇਸੇ ਫੇਰੀ ਦਰਮਿਆਨ ਗੁਰਦੁਆਰਾ ਚਸ਼ਮਾ ਸਾਹਿਬ ਜਲਾਲਾਬਾਦ ਵਿਖੇ ਚਸ਼ਮਾ ਪ੍ਰਗਟ ਕੀਤਾ ਸੀ। ਭਾਈ ਗੁਰਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰੂ ਕਾਲ ਵਿਚ ਉਥੇ ਗਏ ਸਨ। ਇਸ ਤੋਂ ਬਾਅਦ ਸ੍ਰੀ ਹਰਿਰਾਇ ਸਾਹਿਬ ਜੀ ਦੇ ਗੁਰੂ ਕਾਲ ਸਮੇਂ ਭਾਈ ਗੋਂਦਾ ਜੀ ਵੀ ਅਫ਼ਗਾਨਿਸਤਾਨ ਗਏ ਸਨ। ਇਨ੍ਹਾਂ ਤੋਂ ਇਲਾਵਾ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ, ਭਾਈ ਪ੍ਰੇਮ ਸਿੰਘ ਹੋਤੀ ਮਰਦਾਨ, ਬਾਬਾ ਤੇਜ ਭਾਨ ਸਿੰਘ, ਗਿਆਨੀ ਸੰਤ ਸਿੰਘ ਮਸਕੀਨ, ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ, ਡਾ. ਗੰਡਾ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ।ਅਫ਼ਗਾਨਿਸਤਾਨ ਵਿਚ ਵੱਖ-ਵੱਖ 8 ਰਾਜਾਂ ਵਿਚ ਸਿੱਖ ਪਰਿਵਾਰ ਵੱਸਦੇ ਆ ਰਹੇ ਹਨ। ਕਾਬਲ, ਜਲਾਲਾਬਾਦ, ਕੰਧਾਰ ਆਦਿ ਵਿਚ 1980 ਤੋਂ 88 ਤੱਕ ਚਾਰ ਲੱਖ ਦੇ ਕਰੀਬ ਸਿੱਖ ਰਹਿੰਦੇ ਸਨ। ਖ਼ਾਨਾਜੰਗੀ ਦੌਰਾਨ ਜ਼ਿਆਦਾਤਰ ਸਿੱਖਾਂ ਨੂੰ ਹਿਜਰਤ ਕਰਨੀ ਪਈ। 1992 ਵਿਚ ਬਾਬਰੀ ਮਸਜਿਦ ਦੀ ਘਟਨਾ ਮਗਰੋਂ ਵੀ ਉੱਥੇ ਸਿੱਖਾਂ ਤੇ ਹਿੰਦੂਆਂ ਨੂੰ ਸਥਾਨਕ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਵੱਡੀ ਗਿਣਤੀ ’ਚ ਹਿੰਦੂਆਂ ਅਤੇ ਸਿੱਖਾਂ ਨੂੰ ਅਫ਼ਗਾਨਿਸਤਾਨ ਛੱਡਣ ਲਈ ਮਜਬੂਰ ਹੋਣਾ ਪਿਆ। ਮੌਜੂਦਾ ਹਾਲਾਤ ’ਚ ਕੋਈ ਵੀ ਸਿੱਖ ਉੇਥੇ ਸੁਰੱਖਿਅਤ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਪਸੀ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਗੁਰਦੁਆਰਿਆਂ ਤੇ ਮੰਦਰਾਂ ਦੀ ਸੰਭਾਲ ਲਈ ਬਣੇ ਬੋਰਡ : ਜਥੇਦਾਰ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਵੱਸ ਰਹੇ ਸਿੱਖ ਜਿਥੇ ਮਜਬੂਰ-ਵੱਸ ਹੋ ਕੇ ਹਿਜਰਤ ਕਰ ਰਹੇ ਹਨ, ਉਥੇ ਸਿੱਖ ਆਪਣਾ ਫ਼ਰਜ਼ ਸਮਝਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਆਪਣੇ ਨਾਲ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਅੱਠ ਪਾਵਨ ਸਰੂਪ ਅਫ਼ਗਾਨਿਸਤਾਨ ਤੋਂ ਲਿਆ ਕੇ ਗੁਰਦੁਆਰਾ ਅਰਜਨ ਦੇਵ ਤਿਲਕ ਨਗਰ ਦਿੱਲੀ ਵਿਚ ਸੁਸ਼ੋਭਿਤ ਕੀਤੇ ਗਏ ਸਨ। ਇੱਥੇ ਹੀ ਬੀਤੇ ਦਿਨ ਪੁੱਜੇ ਤਿੰਨ ਹੋਰ ਪਾਵਨ ਸਰੂਪ ਵੀ ਸੁਸ਼ੋਭਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਹੜੇ ਸਿੱਖ ਕੈਨੇਡਾ ਗਏ ਸਨ, ਉਹ ਵੀ ਆਪਣੇ ਨਾਲ 4 ਸਰੂਪ ਲੈ ਕੇ ਪੁੱਜੇ ਹਨ। ਚਿੰਤਾ ਦਾ ਵਿਸ਼ਾ ਹੈ ਕਿ ਉਥੋਂ ਸਿੱਖ ਤੇ ਹਿੰਦੂ ਹਿਜਰਤ ਲਈ ਮਜਬੂਰ ਹਨ। ਅਫ਼ਗਾਨਿਸਤਾਨ ਵਿਚ ਜਿਹੜੀ ਵੀ ਸਰਕਾਰ ਸੱਤਾ ਸੰਭਾਲੇ, ਬਾਕੀ ਦੇਸ਼ਾਂ ਦੀ ਤਰ੍ਹਾਂ ਗੁਰਦੁਆਰਾ ਸਾਹਿਬ ’ਤੇ ਮੰਦਰਾਂ ਦੀ ਸੰਭਾਲ ਲਈ ਬੋਰਡ ਸਥਾਪਿਤ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਇਸ ਕਾਰਜ ਵਿਚ ਸਹਿਯੋਗ ਕਰਨ ਅਤੇ ਆਵਾਜ਼ ਉਠਾਉਣ।

ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਕਰ ਰਹੇ ਹਾਂ ਰਾਬਤਾ : ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਅਫ਼ਗਾਨਿਸਤਾਨ ਵਿਚ ਬਣੇ ਹਾਲਾਤ ਲਈ ਚਿੰਤਤ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਇਤਿਹਾਸਕ ਗੁਰੂ ਸਥਾਨਾਂ ਦੀ ਸੰਭਾਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਦੇਸ਼ਾਂ ਵਿਚ ਵਸਦੇ ਸਿੱਖਾਂ ਨਾਲ ਰਾਬਤਾ ਰੱਖਦੇ ਹੋਏ ਉਥੇ ਦੀਆਂ ਸਰਕਾਰਾਂ ਪਾਸੋਂ ਵੀ ਅਫ਼ਗਾਨਿਸਤਾਨ ਦੇ ਗੁਰਦੁਆਰਿਆਂ ਦੀ ਸੁਰੱਖਿਆ ਤੇ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ।

ਸਰੂਪਾਂ ਦੀ ਵਾਪਸੀ ਲਈ ਫ਼ੌਰੀ ਕਦਮ ਚੁੱਕੇ ਜਾਣ : ਬਾਬਾ ਬੇਦੀ

ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਹਮੇਸ਼ਾਂ ਹੀ ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹਨ। ਸਿੱਖ ਜਿੱਥੇ ਵੀ ਵੱਸਦੇ ਹਨ, ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਹੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੰਗ ਦੇ ਸਮੇਂ ਵੀ ਸਿੱਖ ਫ਼ੌਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਛੋਟੇ ਅਕਾਰ ਦੀ ਸਫ਼ਰੀ ਬੀੜ ਤਿਆਰ ਕਰਦੇ ਸਨ ਅਤੇ ਆਪਣੇ ਨਾਲ ਰੱਖਦੇ ਸਨ। ਅੱਜ ਮਜਬੂਰੀ ਵਿਚ ਭਾਰਤ ਪਰਤ ਰਹੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਵੀ ਆਪਣੇ ਨਾਲ ਲੈ ਕੇ ਆਉਣਾ ਪੈ ਰਿਹਾ ਹੈ। ਐੱਸਜੀਪੀਸੀ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਏ ਅਤੇ ਇਸ ਸਬੰਧੀ ਫ਼ੌਰੀ ਕਦਮ ਚੁੱਕੇ ਜਾਣ। ਅਫਗਾਨੀ ਸਿਖਾਂ ਨੂੰ ਸੰਭਾਲਿਆ ਜਾਵੇ।