ਪੰਜਾਬੀ ਯੂਨੀਵਰਸਿਟੀ ਨੂੰ ਡੁੱਬਣੋਂ ਬਚਾਉਣ ਦੀ ਲੋੜ

ਪੰਜਾਬੀ ਯੂਨੀਵਰਸਿਟੀ ਨੂੰ ਡੁੱਬਣੋਂ ਬਚਾਉਣ ਦੀ ਲੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਬੀਐਸ ਘੁੰਮਣ ਦੇ ਅਸਤੀਫੇ ਨੇ ਪੰਜਾਬ ਦੇ ਉੱਚ ਸਿੱਖਿਆ ਅਦਾਰਿਆਂ ਦੀ ਮਾੜੀ ਹਾਲਤ ਨੂੰ ਮੁੜ ਪ੍ਰਮੁੱਖ ਚਰਚਾ ਵਿਚ ਲੈ ਆਂਦਾ ਹੈ। ਭਾਵੇਂ ਕਿ ਡਾ. ਘੁੰਮਣ ਵੱਲੋਂ ਇਸ ਅਸਤੀਫੇ ਦੀ ਵਜ੍ਹਾ ਆਪਣੀ ਖਰਾਬ ਸਿਹਤ ਅਤੇ ਪਰਿਵਾਰਕ ਕਾਰਨਾਂ ਨੂੰ ਦੱਸਿਆ ਗਿਆ ਹੈ ਪਰ ਇਹ ਮਨੌਤ ਹੀ ਪ੍ਰਚਲਤ ਹੋ ਰਹੀ ਹੈ ਕਿ ਇਸ ਅਸਤੀਫੇ ਦੀ ਮੁੱਖ ਵਜ੍ਹਾ ਯੂਨੀਵਰਸਿਟੀ ਦੀ ਅਤਿ ਦਰਜੇ ਮਾੜੀ ਆਰਥਿਕ ਹਾਲਤ ਹੈ। 

ਯੂਨੀਵਰਸਿਟੀ ਦੀ ਆਰਥਿਕ ਸਥਿਤੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਸਮੇਂ ਆਪਣੇ ਸਾਲਾਨਾ ਬਜਟ ਮੁਤਾਬਕ 291 ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੀ ਹੈ। ਜਦੋਂ 2017 ਵਿਚ ਡਾ. ਬੀਐਸ ਘੁੰਮਣ ਨੇ ਇਹ ਅਹੁਦਾ ਸੰਭਾਲਿਆ ਸੀ ਉਸ ਸਮੇਂ ਵੀ ਯੂਨੀਵਰਸਿਟੀ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਅਤੇ ਯੂਨੀਵਰਸਿਟੀ ਦਾ ਆਰਥਿਕ ਘਾਟਾ 97 ਕਰੋੜ ਰੁਪਏ ਦਾ ਸੀ। 

2015-16 ਦੌਰਾਨ ਯੂਨੀਵਰਸਿਟੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਦਾ ਕੁੱਲ ਖਰਚਾ 199 ਕਰੋੜ ਰੁਪਏ ਸੀ ਜੋ 2019-20 ਦੌਰਾਨ ਵੱਧ ਕੇ 425 ਕਰੋੜ ਰੁਪਏ ਹੋ ਗਿਆ। ਦੂਜੇ ਪਾਸੇ ਯੂਨੀਵਰਸਿਟੀ ਦੀ ਆਮਦਨ ਇਸ ਅਰਸੇ ਦੌਰਾਨ 274 ਕਰੋੜ ਰੁਪਏ ਤੋਂ ਘੱਟ ਕੇ 218 ਕਰੋੜ ਰੁਪਏ ਹੀ ਰਹਿ ਗਈ। ਯੂਨੀਵਰਸਿਟੀ ਸਿਰ 150 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਬੈਂਕਾਂ ਦਾ ਖੜ੍ਹਾ ਹੈ। 

ਪੰਜਾਬ ਸਰਕਾਰ ਦੀ ਜ਼ਿੰਮੇਵਾਰੀ
ਪੰਜਾਬੀ ਯੂਨੀਵਰਸਿਟੀ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਸਿਰ ਹੈ। ਪੰਜਾਬ ਦੀਆਂ ਪਿਛਲੀਆਂ ਕਈ ਸਰਕਾਰਾਂ ਦੌਰਾਨ ਗਲਤ ਨੀਤੀਆਂ ਦੇ ਚਲਦਿਆਂ ਯੂਨੀਵਰਸਿਟੀ ਅੱਜ ਇਸ ਹੱਦ ਤਕ ਪਹੁੰਚ ਗਈ ਹੈ ਕਿ ਯੂਨੀਵਰਸਿਟੀ ਨੂੰ ਚਲਦਾ ਰੱਖਣਾ ਪ੍ਰਬੰਧਕਾਂ ਲਈ ਵੱਡਾ ਸਿਰਦਰਦ ਬਣ ਗਿਆ ਹੈ। 

ਪੰਜਾਬ ਕੋਲ ਭਾਰਤੀ ਰਾਜਨੀਤਕ ਪ੍ਰਬੰਧ ਵਿਚ ਖੁਦਮੁਖਤਿਆਰੀ ਨਾ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਦੇ ਸਰੋਤ ਲਗਾਤਾਰ ਘਟਦੇ ਜਾ ਰਹੇ ਹਨ ਅਤੇ ਪੰਜਾਬ ਸਮੁੱਚਤਾ ਵਿਚ ਵੱਡੀ ਆਰਥਿਕ ਮੰਦਹਾਲੀ ਦੇ ਕੰਢਿਆਂ 'ਤੇ ਪਹੁੰਚ ਗਿਆ ਹੈ। ਪਰ ਇਸ ਦੇ ਨਾਲ-ਨਾਲ ਪੰਜਾਬ ਦੇ ਸਿਆਸੀ ਆਗੂਆਂ ਦੀ ਲਾਪਰਵਾਹੀ ਅਤੇ ਆਪਣੀ ਨਿੱਜੀ ਰਸੂਖਦਾਰੀ ਨੂੰ ਉੱਚ ਰੱਖਣ ਦੀ ਆਦਤ ਨੇ ਪੰਜਾਬ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।

ੋਜਿੱਥੇ ਪੰਜਾਬ ਦੀ ਇਹ ਇਤਿਹਾਸਕ ਯੂਨੀਵਰਸਿਟੀ ਬੰਦ ਹੋਣ ਦੀ ਸਥਿਤੀ ਵੱਲ ਵਧ ਰਹੀ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਵਿਚ ਹੀ ਆਪਣੇ ਦਾਦੇ ਦੇ ਨਾਂ 'ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਯੂਨੀਵਰਸਿਟੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਦਕਿ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਨਾਲ ਮੁਲਾਕਾਤਾਂ ਕਰਕੇ ਉਹਨਾਂ ਨੂੰ ਯੂਨੀਵਰਸਿਟੀ ਦੀ ਮਾੜੀ ਵਿਤੀ ਹਾਲਤ ਦਾ ਵਾਸਤਾ ਪਾਉਂਦਿਆਂ ਕਈ ਵਾਰ ਗਰਾਂਟ ਦੀ ਮੰਗ ਕੀਤੀ ਜਾ ਚੁੱਕੀ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੋਂ 140 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਪੰਜਾਬੀ ਯੂਨੀਵਰਸਿਟੀ ਦੀ ਅਹਿਮੀਅਤ
ਪੰਜਾਬੀ ਯੂਨੀਵਰਸਿਟੀ ਦਾ ਪੰਜਾਬ ਦੇ ਮਾਲਵਾ ਖਿੱਤੇ ਵਿਚ ਉੱਚ ਸਿੱਖਿਆ ਦੇ ਪਸਾਰ ਵਿਚ ਵੱਡਾ ਯੋਗਦਾਨ ਹੈ। ਪੰਜਾਬੀ ਯੂਨੀਵਰਸਿਟੀ ਦਾ ਮਾਂ-ਬੋਲੀ ਪੰਜਾਬੀ ਦੇ ਵਿਕਾਸ, ਪਸਾਰ ਵਿਚ ਵਡਮੁੱਲਾ ਯੋਗਦਾਨ ਹੈ। ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਲਈ ਲੜੇ ਗਏ ਸੰਘਰਸ਼ ਵਿਚੋਂ ਹੀ ਹੋਂਦ ਵਿਚ ਆਈ ਸੀ। ਅੱਜ ਜਦੋਂ ਇਕ ਵਾਰ ਫੇਰ ਭਾਰਤੀ ਸਿਆਸਤ ਦੇ ਹਿੰਦੀਕਰਨ ਅਜੈਂਡੇ ਅਧੀਨ ਪੰਜਾਬੀ ਭਾਸ਼ਾ ਨੂੰ ਵੱਡਾ ਖਤਰਾ ਦਰਪੇਸ਼ ਆ ਰਿਹਾ ਹੈ ਤਾਂ ਇਸ ਯੂਨੀਵਰਸਿਟੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।