ਗੁਰਦੁਆਰਾ ਸਾਹਿਬਾਨ ਦੀ ਅਜ਼ਾਦੀ ਲਈ ਜੂਝਣ ਵਾਲਾ ਜੁਝਾਰੂ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ

ਗੁਰਦੁਆਰਾ ਸਾਹਿਬਾਨ ਦੀ ਅਜ਼ਾਦੀ ਲਈ ਜੂਝਣ ਵਾਲਾ ਜੁਝਾਰੂ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ

ਡਾ. ਹਰਦੀਪ ਸਿੰਘ ਝੱਜ
ਗੁਰਦੁਆਰਿਆਂ ਦੀ ਆਜ਼ਾਦੀ ਦਾ ਅਕਾਲੀ ਸੰਗਰਾਮ ਇਕ ਮਹਾਨ ਤੇ ਵਿਸ਼ਾਲ ਸੰਘਰਸ਼ ਸੀ। ਇਹ ਕੁਝ ਪਹਿਲੂਆਂ ਵਿਚ ਕਾਂਗਰਸ ਦੇ ਆਜ਼ਾਦੀ ਸੰਗਰਾਮ ਨੂੰ ਵੀ ਮਾਤ ਪਾ ਗਿਆ ਸੀ। ਸਖ਼ਤੀ, ਮਾਰ-ਕੁਟਾਈ, ਜੇਲ੍ਹ-ਤਸ਼ੱਦਦ, ਮੌਤ-ਗਿਣਤੀ ਨੂੰ ਜੇਕਰ ਵੇਖਿਆ ਜਾਵੇ ਤਾਂ ਕੌਮੀ ਕਾਂਗਰਸ ਇਸ ਲਹਿਰ ਦੀਆਂ ਕੁਰਬਾਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਲਈ ਇਹ ਅੰਗਰੇਜ਼ ਹਕੂਮਤ ਨਾਲ ਚੰਗਾ ਲੋਹਾ ਲੈ ਸਕੀ ਅਤੇ ਤਕੜੀਆਂ ਪ੍ਰਾਪਤੀਆਂ ਹਾਸਲ ਕਰ ਸਕੀ। ਸੋਹਣ ਸਿੰਘ ਜੋਸ਼ ਅਨੁਸਾਰ, 'ਅਕਾਲੀ ਆਗੂਆਂ ਨੇ ਗੁਰਦੁਆਰਾ ਤਹਿਰੀਕ ਨੂੰ ਗੁਰਦੁਆਰਾ ਸੁਧਾਰ ਦੀ ਤਹਿਰੀਕ ਆਖਿਆ ਸੀ। ਪ੍ਰੰਤੂ ਅਸਲ ਵਿਚ ਇਹ ਨਿਰੋਲ ਗੁਰਦੁਆਰਾ ਸੁਧਾਰ ਲਹਿਰ ਨਹੀਂ ਸੀ, ਮੁੱਖ ਤੌਰ 'ਤੇ ਇਹ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਸੀ।'

ਗੁਰਦੁਆਰਿਆਂ ਦੀ ਆਜ਼ਾਦੀ ਦਾ ਇਤਿਹਾਸ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਜ਼ਿਕਰ ਤੋਂ ਬਿਨਾਂ ਅਧੂਰਾ ਤੇ ਨਾ-ਮਕੰਮਲ ਹੀ ਰਹਿ ਜਾਂਦਾ ਹੈ। ਉਨ੍ਹਾਂ ਦਾ ਜਨਮ ਪਿੰਡ ਝੱਬਰ ਜ਼ਿਲ੍ਹਾ ਸ਼ੇਖੂਪੁਰਾ (ਮੌਜੂਦਾ ਪਾਕਿਸਤਾਨ) ਦੇ ਵਿਰਕ ਖਾਨਦਾਨ ਨਾਲ ਸਬੰਧਿਤ ਸ: ਤੇਜਾ ਸਿੰਘ ਦੇ ਘਰ 1884 ਈ: ਨੂੰ ਹੋਇਆ। ਉਹ ਸ: ਮੰਗਲ ਸਿੰਘ ਦਾ ਪੋਤਰਾ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਝੱਬਰਾਂ ਨਾਲ ਸਮਝੌਤਾ ਹੋ ਜਾਣ ਮਗਰੋਂ ਆਪਣੀ ਫੌਜ ਵਿਚ ਕੁਮੇਦਾਨ ਨਿਯੁਕਤ ਕੀਤਾ ਸੀ। ਆਪਣੇ ਪਿੰਡ ਵਿਚ ਸਿੱਖਿਆ ਦੀਆਂ ਸਹੂਲਤਾਂ ਨਾ ਹੋਣ ਕਰਕੇ ਉਸ ਨੂੰ ਮੁਢਲੀ ਸਿੱਖਿਆ ਲਈ ਗੁਰਦੁਆਰੇ 'ਚ ਪੜ੍ਹਨ ਲਈ ਭੇਜਿਆ ਗਿਆ।

ਗੁਰਦੁਆਰਾ ਸੁਧਾਰ ਲਹਿਰ ਦੁਆਰਾ ਜਿਨ੍ਹਾਂ ਗੁਰਦੁਆਰਿਆਂ 'ਚ ਸੁਧਾਰ ਕੀਤਾ ਗਿਆ, ਬਾਬੇ ਦੀ ਬੇਰ (ਸਿਆਲਕੋਟ) ਉਨ੍ਹਾਂ ਵਿਚੋਂ ਪਹਿਲਾ ਗੁਰਦੁਆਰਾ ਸੀ। ਜਦੋਂ 26 ਸਤੰਬਰ, 1918 ਨੂੰ ਇਸ ਅਸਥਾਨ ਦੇ ਮਹੰਤ ਹਰਨਾਮ ਸਿੰਘ ਦਾ ਦਿਹਾਂਤ ਹੋਇਆ ਤਾਂ ਉਸ ਦੀ ਵਿਧਵਾ ਨੇ ਆਪਣੇ ਨਾਬਾਲਗ਼ ਪੁੱਤਰ ਨੂੰ ਇਕ ਆਨਰੇਰੀ ਮੈਜਿਸਟ੍ਰੇਟ ਗੰਡਾ ਸਿੰਘ ਦੀ ਸਰਪ੍ਰਸਤੀ ਹੇਠ ਉੱਤਰ-ਅਧਿਕਾਰੀ ਨਿਯੁਕਤ ਕਰ ਦਿੱਤਾ। ਇਸ ਕਾਰਵਾਈ ਦੇ ਵਿਰੁੱਧ ਸਾਰੇ ਪੰਜਾਬ ਦੇ ਸਿੱਖਾਂ ਅੰਦਰ ਰੋਸ ਦੀ ਇਕ ਲਹਿਰ ਦੌੜ ਗਈ ਅਤੇ ਵੱਖ-ਵੱਖ ਸਿੰਘ ਸਭਾਵਾਂ ਨੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੂੰ ਤਾਰਾਂ ਭੇਜ ਕੇ ਇਸ ਦੇ ਖਿਲਾਫ਼ ਰੋਸ ਪ੍ਰਗਟ ਕੀਤਾ। ਪ੍ਰੰਤੂ ਕੁਲੈਕਟਰ ਨੇ ਲੋਕਾਂ ਦੇ ਇਸ ਵਿਰੋਧ ਨੂੰ ਨਜ਼ਰ-ਅੰਦਾਜ਼ ਕਰਕੇ ਮਹੰਤ ਦੇ ਨਾਬਾਲਗ਼ ਪੁੱਤਰ ਗੁਰਚਰਨ ਸਿੰਘ ਦੇ ਨਾਂਅ ਜਾਇਦਾਦ ਦਾ ਇੰਤਕਾਲ ਕਰ ਦਿੱਤਾ। ਪ੍ਰੰਤੂ ਝੱਬਰ ਜੀ ਦੀ ਦਲੇਰੀ ਕਾਰਨ ਗੁਰਦੁਆਰੇ 'ਤੇ ਕਬਜ਼ਾ ਕਰਕੇ ਇਸ ਦੇ ਪ੍ਰਬੰਧ ਲਈ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਸ਼ਰਧਾਲੂ ਸਿੱਖਾਂ ਦੀ ਇਕ 9 ਮੈਂਬਰੀ ਕਮੇਟੀ ਬਣਾਈ ਗਈ। ਇਸ ਤਰ੍ਹਾਂ ਨਾਲ ਸਰਦਾਰ ਖੜਕ ਸਿੰਘ ਜੀ ਅਕਾਲੀ ਲਹਿਰ ਵਿਚ ਸ਼ਾਮਿਲ ਹੋਏ। ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ।

ਇਸ ਸਮੇਂ ਦੌਰਾਨ 12 ਅਕਤੂਬਰ, 1920 ਨੂੰ ਖਾਲਸਾ ਬਰਾਦਰੀ ਵਲੋਂ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ਼ ਵਿਚ ਦੀਵਾਨ ਰੱਖਿਆ ਗਿਆ। ਇਸ ਦੀਵਾਨ ਵਿਚ ਚੀਫ਼ ਖਾਲਸਾ ਦੀਵਾਨ, ਸਿੰਘ ਸਭਾ ਦੇ ਮੁਖੀ ਅਤੇ ਖਾਲਸਾ ਕਾਲਜ ਦੇ ਤਿੰਨ ਪ੍ਰੋਫ਼ੈਸਰ ਸ੍ਰੀ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ ਅਤੇ ਸ੍ਰੀ ਨਿਰੰਜਨ ਸਿੰਘ ਸ਼ਾਮਿਲ ਹੋਏ। ਉਨ੍ਹਾਂ ਨੇ ਜਾਤ-ਪਾਤ ਤੇ ਛੂਤ-ਛਾਤ ਨੂੰ ਮਿਟਾਉਣ ਲਈ ਪ੍ਰਚਾਰ ਕੀਤਾ। ਬਾਅਦ ਵਿਚ ਫ਼ੈਸਲਾ ਕੀਤਾ ਗਿਆ ਕਿ ਕੁਝ ਪਛੜੀਆਂ ਜਾਤੀਆਂ ਦੇ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਮਗਰੋਂ ਇਨ੍ਹਾਂ ਨੂੰ ਦਰਬਾਰ ਸਾਹਿਬ ਲਿਜਾ ਕੇ ਮੱਥਾ ਟਿਕਾਇਆ ਜਾਵੇ ਤੇ ਉਨ੍ਹਾਂ ਤੋਂ ਕੜਾਹ ਪ੍ਰਸ਼ਾਦ ਚੜ੍ਹਵਾਇਆ ਜਾਵੇ। ਪ੍ਰੰਤੂ ਪੁਜਾਰੀ ਅਰਦਾਸਾ ਕਰਨ ਨੂੰ ਤਿਆਰ ਨਹੀਂ ਸੀ। ਉਹ ਕਹਿਣ ਲੱਗਾ, ਕਿ ਮਜ਼ਹਬੀ ਸਿੱਖਾਂ ਲਈ 9 ਵਜੇ ਤੱਕ ਦਾ ਸਮਾਂ ਮੁਕੱਰਰ ਹੈ, ਉਹਦੇ ਪਿੱਛੋਂ ਅਰਦਾਸ ਨਹੀਂ ਹੋ ਸਕਦੀ। ਜਥੇਦਾਰ ਝੱਬਰ ਜੀ ਨੂੰ ਸਾਰੇ ਹਾਲਾਤ ਦਾ ਪਤਾ ਲੱਗਾ ਕਿ ਪੁਜਾਰੀ ਨੇ ਪ੍ਰਸ਼ਾਦ ਪ੍ਰਵਾਨ ਕਰਨ ਅਤੇ ਅਰਦਾਸ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਨਤੀਜੇ ਵਜੋਂ ਝੱਬਰ ਨੇ 25 ਨੌਜਵਾਨ ਸਿੰਘਾਂ ਦਾ ਜਥਾ ਸੰਗਠਿਤ ਕਰਨ ਦਾ ਐਲਾਨ ਕੀਤਾ ਅਤੇ ਸ਼ਾਮਿਲ ਹੋਣ ਲਈ ਹੇਠ ਲਿਖੀਆਂ ਸ਼ਰਤਾਂ ਰੱਖੀਆਂ: (1) ਫ਼ਾਂਸੀ ਮਿਲੇ ਤਾਂ ਹੱਸ ਕੇ ਚੜ੍ਹ ਜਾਣਾ, (2) ਜੇਕਰ ਕਾਲੇ ਪਾਣੀ ਜਾਣਾ ਪਵੇ ਜਾਂ ਜਾਇਦਾਦ ਜ਼ਬਤ ਹੋਵੇ, ਤਾਂ ਖਿੜੇ ਮੱਥੇ ਪ੍ਰਵਾਨ ਕਰਨਾ, (3) ਉਮਰ ਕੈਦ ਮਿਲੇ ਤਾਂ ਪ੍ਰਵਾਨ ਕਰਨਾ। ਕਰਤਾਰ ਸਿੰਘ ਝੱਬਰ ਨੇ ਸਭ ਤੋਂ ਪਹਿਲਾਂ ਆਪਣਾ ਨਾਂਅ ਪੇਸ਼ ਕੀਤਾ। ਮਗਰੋਂ ਸ: ਤੇਜਾ ਸਿੰਘ ਭੁੱਚਰ ਜੋ ਕੇਂਦਰੀ ਖਾਲਸਾ ਮਾਝਾ ਦੀਵਾਨ ਦੇ ਜਥੇਦਾਰ ਸਨ, ਉਨ੍ਹਾਂ ਨੇ ਆਪਣੇ ਜਥੇ ਦੀ ਸੇਵਾ ਪੇਸ਼ ਕੀਤੀ, ਜਿਹੜੀ ਕਿ ਪ੍ਰਵਾਨ ਕਰ ਲਈ ਗਈ। ਬਾਅਦ 'ਚ ਭੁੱਚਰ ਜੀ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਹਸਨ ਅਬਦਾਲ (ਗੁਰਦੁਆਰਾ ਪੰਜਾ ਸਾਹਿਬ) ਦੇ ਸੁਧਾਰ ਲਈ ਜੋਸ਼ ਨਾਲ ਅੰਦੋਲਨ ਦੁਬਾਰਾ ਸ਼ੁਰੂ ਹੋਇਆ। ਜਥੇਦਾਰ ਕਰਤਾਰ ਸਿੰਘ ਝੱਬਰ ਦੇ ਦਲੇਰਾਨਾ ਯਤਨਾਂ ਨਾਲ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਨਨਕਾਣਾ ਸਾਹਿਬ ਸਮੇਤ ਕਈ ਹੋਰ ਗੁਰਦੁਆਰੇ ਮਹੰਤਾਂ ਤੋਂ ਮੁਕਤ ਕਰਵਾਏ ਗਏ।

ਜਦੋਂ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਇਹ ਪਤਾ ਲੱਗਾ ਕਿ 19 ਫਰਵਰੀ, 1921 ਨੂੰ ਭਾਈ ਲਛਮਣ ਸਿੰਘ ਦੇ ਜਥੇ ਅਤੇ ਦੂਜੇ ਜਥਿਆਂ ਦੇ ਸਾਰੇ ਸਿੰਘਾਂ ਨੂੰ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਮਾਰ ਦੇਣ ਤੇ ਜ਼ਖਮੀ ਕਰਨ ਮਗਰੋਂ ਮਹੰਤ ਨਾਰਾਇਣ ਦਾਸ ਤੇ ਉਸ ਦੇ ਬੰਦਿਆਂ ਨੇ ਲਾਸ਼ਾਂ ਤੇ ਫੱਟੜਾਂ ਨੂੰ ਇਕ ਥਾਂ ਜਮ੍ਹਾਂ ਕਰਕੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਹੈ, ਤਾਂ ਉਹ ਕਰੀਬ 2200 ਅਕਾਲੀਆਂ ਦੇ ਇਕ ਮਜ਼ਬੂਤ ਜਥੇ ਨਾਲ ਗੁਰਦੁਆਰੇ ਨਨਕਾਣਾ ਦੇ ਨੇੜੇ ਪਹੁੰਚਿਆ। ਡਿਪਟੀ ਕਮਿਸ਼ਨਰ ਕੱਰੀ ਦਾ ਹੁਕਮ ਆਇਆ: 'ਜਥਾ ਅੱਗੇ ਲੈ ਕੇ ਨਹੀਂ ਆਓ। ਵਾਪਸ ਚਲੇ ਜਾਓ ਅਤੇ ਖਿੱਲਰ ਪੁੱਲਰ ਜਾਓ।' ਝੱਬਰ ਜੀ ਨੇ ਗੁੱਸੇ ਨਾਲ ਇਹ ਹੁਕਮਨਾਮਾ ਲੀਰ-ਲੀਰ ਕਰਕੇ ਪਰ੍ਹਾਂ ਸੁੱਟ ਦਿੱਤਾ ਅਤੇ ਪੈਗਾਮ ਲਿਆਉਣ ਵਾਲੇ ਨੂੰ ਕਿਹਾ: 'ਮੈਂ ਜਥਾ ਲੈ ਕੇ ਆਉਂਦਾ ਹਾਂ, ਜੋ ਤੇਰੀ ਮਰਜ਼ੀ ਹੈ ਕਰ ਲੈ।' ਇਸ ਕਾਰਨ ਡਿਪਟੀ ਕਮਿਸ਼ਨਰ ਝੁਕ ਗਿਆ ਅਤੇ ਉਹ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਇਸ ਸ਼ਰਤ 'ਤੇ ਦੇਣ ਲਈ ਮੰਨ ਗਿਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ-ਕਮੇਟੀ ਬਣਾਉਣ ਲਈ ਸਹਿਮਤ ਹੋ ਜਾਣ। ਕੁਝ ਵਿਚਾਰ-ਵਟਾਂਦਰੇ ਪਿੱਛੋਂ 3 ਮਾਰਚ, 1921 ਨੂੰ ਗੁਰਦੁਆਰਾ ਇਕ 7 ਮੈਂਬਰੀ ਕਮਟੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਸ: ਹਰਬੰਸ ਸਿੰਘ ਅਟਾਰੀਵਾਲਾ ਦੇ ਅਧੀਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਥੇਦਾਰ ਝੱਬਰ ਦੇ ਯਤਨਾਂ ਨਾਲ ਗੁਰਦੁਆਰਾ ਸੱਚਾ ਸੌਦਾ ਨੂੰ ਮਹੰਤ ਤੋਂ ਮੁਕਤ ਕਰਵਾਇਆ ਗਿਆ।

ਆਖ਼ਰ ਜਥੇਦਾਰ ਕਰਤਾਰ ਸਿੰਘ ਝੱਬਰ 20 ਨਵੰਬਰ, 1962 ਨੂੰ 87 ਸਾਲ ਦੀ ਉਮਰ 'ਚ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ।

-ਪਿੰਡ ਤੇ ਡਾਕ: ਭਨਾਮ, ਤਹਿ: ਨੰਗਲ ਡੈਮ, ਜ਼ਿਲ੍ਹਾ ਰੋਪੜ।
ਮੋ: 94633-64992