ਜਾਰਜੀਆ ਦੇ ਗਵਰਨਰ ਨੇ ਬਾਇਡੇਨ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ

ਜਾਰਜੀਆ ਦੇ ਗਵਰਨਰ ਨੇ ਬਾਇਡੇਨ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ

ਸੈਕਰਾਮੈਂਟੋ ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਜਾਰਜੀਆ ਦੇ ਗਵਰਨਰ ਬਰੀਅਨ ਕੈਂਪ ਨੇ ਜੋਅ ਬਾਇਡੇਨ ਦੀ ਜਿੱਤ ਦੇ ਸਰਟੀਫਿਕੇਟ ਉਪਰ ਦਸਤਖ਼ਤ ਕਰ ਦਿੱਤੇ ਹਨ। ਗਵਰਨਰ ਨੇ ਸਪਸ਼ਟ ਕੀਤਾ ਹੈ ਕਿ ਉਨਾਂ ਨੇ ਇਹ ਕਾਰਵਾਈ ਰਾਜ ਦੇ ਕਾਨੂੰਨ ਮੁਤਾਬਕ ਕੀਤੀ ਹੈ। 

ਉਨਾਂ ਕਿਹਾ ਹੈ ਕਿ, "ਗਵਰਨਰ ਵਜੋਂ ਮੇਰੀ ਇਕੋ ਇਕ ਜਿੰਮੇਵਾਰੀ ਕਾਨੂੰਨ ਅਨੁਸਾਰ ਚੱਲਣ ਦੀ ਹੈ ਤੇ ਮੈ ਇਹ ਜਿੰਮੇਵਾਰੀ ਨਿਰੰਤਰ ਨਿਭਾਉਂਦਾ ਰਹਾਂਗਾ।" 

ਜਾਰਜੀਆ ਦੇ ਸਕੱਤਰ ਬਰਾਡ ਰਾਫੇਨਸਪਰਜਰ ਵੱਲੋਂ ਦੁਬਾਰਾ ਗਿਣਤੀ ਵਿਚ ਜੋਅ ਬਾਇਡੇਨ ਦੀ 12,284 ਵੋਟਾਂ ਨਾਲ ਜਿੱਤ ਦੀ ਪੁਸ਼ਟੀ ਕਰਨ ਦੇ ਥੋੜੀ ਦੇਰ ਬਾਅਦ ਗਵਰਨਰ ਨੇ ਜਿੱਤੇ ਦੇ ਸਰਟੀਫਿਕੇਟ ਉਪਰ ਦਸਤਖ਼ਤ ਕੀਤੇ। ਟਰੰਪ ਦੀ ਕਾਨੂੰਨੀ ਟੀਮ ਨੇ ਮੰਗ ਕੀਤੀ ਸੀ ਕਿ ਜਾਰਜੀਆ ਦੇ ਅਧਿਕਾਰੀ ਚੋਣ ਨਤੀਜ਼ੇ ਦੀ ਪੁਸ਼ਟੀ ਨਾ ਕਰਨ ਤੇ ਇਹ ਟੀਮ ਨਿਰੰਤਰ ਚੋਣਾਂ ਵਿਚ ਧਾਂਦਲੀ ਹੋਣ ਦੇ ਬੇਬੁਨਿਆਦ ਦੋਸ਼ ਲਾਉਂਦੀ ਆ ਰਹੀ ਹੈ। ਗਵਰਨਰ ਨੇ ਟਰੰਪ ਟੀਮ ਦੀ ਮੰਗ ਨੂੰ ਸਿਰੇ ਤੋਂ ਖਾਰਜ਼ ਕਰ ਦਿੱਤਾ ਹੈ। 

ਉਨ੍ਹਾਂ ਕਿਹਾ ਕਿ "ਨੰਬਰ" ਝੂਠ ਨਹੀਂ ਬੋਲਦੇ। ਇਸ ਤਰਾਂ ਹੁਣ ਬਾਇਡੇਨ ਦੇ ਖਾਤੇ ਵਿਚ ਜਾਰਜੀਆ ਦੀਆਂ 16 ਇਲੈਕਟਰੋਲ ਵੋਟਾਂ ਵੀ ਜਮਾਂ ਹੋ ਗਈਆਂ ਹਨ ਤੇ ਉਹ ਕੁਲ 306 ਇਲੈਕਟਰੋਲ ਵੋਟਾਂ ਲੈ ਗਏ ਹਨ।