ਬਾਦਲ 1994 ਵਿੱਚ ਬਣੇ ਆਰਐੱਸਐੱਸ ਦੇ ਪੱਕੇ ਮੈਂਬਰ!

ਬਾਦਲ 1994 ਵਿੱਚ ਬਣੇ ਆਰਐੱਸਐੱਸ ਦੇ ਪੱਕੇ ਮੈਂਬਰ!
ਇੱਕ ਤਸਵੀਰ ਵਿੱਚ ਇਕੱਠੇ ਨਜ਼ਰ ਆ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ

ਬਠਿੰਡਾ: ਬਹਾਦਰ ਤੇ ਸੰਘਰਸ਼ਸ਼ੀਲ ਕੌਮ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਾਉਣ ਦੀ ਮਨਸਾ ਨਾਲ ਹਿੰਦੂਆਂ ਦੀ ਫਿਰਕੂ ਜਥੇਬੰਦੀ ਆਰ ਐੱਸ ਐੱਸ ਨੇ ਸਿੱਖਾਂ ਦੇ ਆਗੂਆਂ ਨੂੰ ਲਾਲਚ ਦੇ ਕੇ ਆਪਣੀ ਜਥੇਬੰਦੀ ਦੇ ਮੈਂਬਰ ਬਣਾਉਣ ਦੀ 1994 ’ਚ ਇੱਕ ਸਾਜਿਸ਼ ਰਚੀ। ਜਿਸ ਵਿੱਚ ਜ: ਗੁਰਚਰਨ ਸਿੰਘ ਟੌਹੜਾ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਗੱਲ ਸਿਰੇ ਨਾ ਚੜ੍ਹਣ ਤੇ ਆਰ ਐੱਸ ਐੱਸ ਦੇ ਸੀਨੀਅਰ ਅਹੁਦੇਦਾਰਾਂ ਨੇ ਸਿੱਖਾਂ ਦੇ ਹਰਮਨ ਪਿਆਰੇ ਆਗੂ ਘਾਗ ਸਿਆਸਤਦਾਨ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਆਪਣੀ ਜਥੇਬੰਦੀ ਦਾ ਪੱਕਾ ਮੈਂਬਰ ਬਣਾ ਲਿਆ। 

ਹਰਜਿੰਦਰ ਸਿੰਘ ਦਲਗੀਰ ਨੇ ਉਕਤ ਤੱਥ ਆਪਣੀ ਨਵੀਂ ਛਪੀ ਅੰਗਰੇਜੀ ਪੁਸਤਕ ‘‘ਹਾਈਜੈਕਰ ਆਫ ਸਿੱਖ ਪੰਥ’’ ਜੋ ਸਿੱਖ ਹਿਸਟਰੀ ਦੀ ਨੌਵੀਂ ਜਿਲਦ ਹੈ, ਵਿੱਚ ਸਪਸ਼ਟ ਕੀਤਾ ਹੈ। ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਆਰ ਐੱਸ ਐੱਸ ਨੇ ਸਿੱਖਾਂ ਵਿੱਚ ਆਪਣਾ ਏਜੰਡਾ ਲਾਗੂ ਕਰਨ ਲਈ 90ਵੇਂ ਦਹਾਕੇ ਵਿੱਚ ਯਤਨ ਸੁਰੂ ਕਰ ਦਿੱਤੇ ਸਨ।

ਆਰ ਐੱਸ ਐੱਸ ਨੇ ਆਪਣੀ ਇਸ ਸਾਜਿਸ ਨੂੰ ਸਿਰੇ ਲਾਉਣ ਲਈ ਸਿੱਖਾਂ ਦੇ ਵੱਡੇ ਸਿਆਸਤਦਾਨਾਂ ਨੂੰ ਲਾਲਚ ਦੇ ਕੇ ਆਪਣੀ ਜਥੇਬੰਦੀ ਵਿੱਚ ਸਾਮਲ ਕਰਨ ਲਈ ਕੋਸਿਸਾਂ ਸੁਰੂ ਕਰਦਿਆਂ 1994 ਵਿੱਚ ਉਸ ਸਮੇਂ ਦੇ ਉਘੇ ਨੇਤਾ ਜੋ ਦਹਾਕਿਆਂ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਸ੍ਰ: ਗੁਰਚਰਨ ਸਿੰਘ ਟੌਹੜਾ ਨਾਲ ਗੱਲਬਾਤ ਸੁਰੂ ਕੀਤੀ। ਜਥੇਦਾਰ ਟੌਹੜਾ ਦੀ ਸੋਚ ਨੂੰ ਲਾਲਚ ਦੇ ਕੇ ਬਦਲਣਾ ਆਸਾਨ ਕੰਮ ਨਹੀਂ ਸੀ। ਜਥੇਦਾਰ ਟੌਹੜਾ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿੱਚ ਆਉਣ ਵਾਲੇ ਨਹੀਂ ਸਨ, ਇਸ ਲਈ ਉਹਨਾਂ ਨੇ ਆਰ ਐੱਸ ਐੱਸ ਦੇ ਮੈਂਬਰ ਬਣਨ ਤੋਂ ਤੋੜ ਕੇ ਜਵਾਬ ਦੇ ਦਿੱਤਾ। 

ਫਿਰ ਉਹਨਾਂ ਲੋਹਪੁਰਸ਼ ਵਜੋਂ ਜਾਣੇ ਜਾਂਦੇ ਪੰਥਕ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਗੱਲ ਤੋਰੀ, ਜੋ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਨ, ਪਰ ਆਰ ਐੱਸ ਐੱਸ ਨੂੰ ਉਹਨਾਂ ਤੇ ਵਿਸ਼ਵਾਸ ਨਾ ਹੋਇਆ ਤੇ ਗੱਲਬਾਤ ਟੁੱਟ ਗਈ। 

ਪੁਸਤਕ ਵਿਚਲੇ ਤੱਥ ਅਨੁਸਾਰ ਇਸ ਉਪਰੰਤ ਆਰ ਐੱਸ ਐੱਸ ਦੀ ਨਿਗਾਹ ਸ੍ਰ: ਪ੍ਰਕਾਸ ਸਿੰਘ ਬਾਦਲ ਤੇ ਗਈ, ਜੋ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ ਅਤੇ ਸੱਤ੍ਹਾ ਭੋਗਣ ਦੇ ਸ਼ੌਕੀਨ ਹਨ।

ਆਰ ਐੱਸ ਐੱਸ ਵਾਲੇ 1978 ਵਿੱਚ ਨਿਰੰਕਾਰੀ ਕਾਂਡ ਮੌਕੇ ਸ੍ਰ: ਬਾਦਲ ਨੂੰ ਪਰਖ ਵੀ ਚੁੱਕੇ ਸਨ। ਸਮੁੱਚੇ ਸਿੱਖਾਂ ਨੂੰ ਕਾਬੂ ਵਿੱਚ ਕਰਨ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਨੇਸ ਤੋਂ ਨਾਬੂਦ ਕਰਨ ਲਈ ਬਾਦਲ ਨੂੰ ਆਪਣੀ ਕੀਲ ਵਿੱਚ ਕਰਨਾ ਇਸ ਹਿੰਦੂ ਫਿਰਕੂ ਜਥੇਬੰਦੀ ਨੂੰ ਸਭ ਤੋਂ ਸੌਖਾ ਕੰਮ ਲੱਗਾ। ਬਾਦਲ ਨਾਲ ਵਿਸ਼ੇਸ ਮੀਟਿੰਗ ਕਰਕੇ ਆਰ ਐੱਸ ਐੱਸ ਦੇ ਸੀਨੀਅਰ ਅਹੁਦੇਦਾਰਾਂ ਨੇ ਵਿਸਵਾਸ ਦਿਵਾਇਆ ਕਿ ਜੇ ਉਹ ਹਿੰਦੂ ਵਿਚਾਰਧਾਰਾ ਨੂੰ ਅਪਨਾ ਲੈਣ ਅਤੇ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਬਣ ਜਾਣ ਤਾਂ ਉਹ ਤੇ ਉਹਨਾਂ ਦੇ ਵਾਰਸ ਹਮੇਸ਼ਾ ਰਾਜ ਕਰਦੇ ਰਹਿਣਗੇ ਅਤੇ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਸੁਝਾਅ ਤੇ ਉਹਨਾਂ ਆਪਣੇ ਪਰਿਵਾਰ ਨਾਲ ਰਾਇ ਮਸ਼ਵਰਾ ਕਰਨ ਲਈ ਸਮਾਂ ਮੰਗਿਆ ਅਤੇ ਫਿਰ ਉਹਨਾਂ ਆਪਣੀ ਧਰਮਪਤਨੀ ਸੁਰਿੰਦਰ ਕੌਰ ਬਾਦਲ ਨਾਲ ਗੱਲ ਕੀਤੀ, ਜਿਹਨਾਂ ਤੁਰੰਤ ਸਹਿਮਤੀ ਦੇ ਦਿੱਤੀ। 

ਦਿਲਗੀਰ ਅਨੁਸਾਰ 1994 ਵਿੱਚ ਪ੍ਰਕਾਸ ਸਿੰਘ ਬਾਦਲ ਆਰ ਐੱਸ ਐੱਸ ਦੇ ਪੱਕੇ ਮੈਂਬਰ ਬਣ ਗਏ। ਇਸ ਉਪਰੰਤ ਇੱਕ ਵਿਸੇਸ਼ ਮੀਟਿੰਗ ਬੁਲਾਈ ਗਈ, ਜਿਸ ਵਿੱਚ ਆਰ ਐੱਸ ਐੱਸ ਦੇ ਮੁਖੀ ਸ੍ਰੀ ਸੁਦਰਸ਼ਨ, ਲਾਲ ਕ੍ਰਿਸ਼ਨ ਅਡਵਾਨੀ, ਅਟੱਲ ਬਿਹਾਰੀ ਵਾਜਪਾਈ ਆਦਿ ਆਗੂ ਤੇ ਪ੍ਰਕਾਸ਼ ਸਿੰਘ ਬਾਦਲ ਮੌਜੂਦ ਸਨ, ਇਸ ਮੌਕੇ ਸਾਰੀ ਗੱਲਬਾਤ ਤਹਿ ਕਰਨ ਉਪਰੰਤ ਯੱਗ ਵੀ ਕੀਤਾ ਗਿਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ