ਲੋਕਾਂ ਦੀ ਭਰਵੀਂ ਹਾਜ਼ਰੀ 'ਚ ਪੰਜਾਬੀ ਕਲਚਰਲ ਸੈਂਟਰ ਯੂਐੱਸਏ ਦਾ ਉਦਘਾਟਨ

ਲੋਕਾਂ ਦੀ ਭਰਵੀਂ ਹਾਜ਼ਰੀ 'ਚ ਪੰਜਾਬੀ ਕਲਚਰਲ ਸੈਂਟਰ ਯੂਐੱਸਏ ਦਾ ਉਦਘਾਟਨ

ਪੰਜਾਬੀ ਭਾਈਚਾਰੇ ਦੀਆਂ ਬਹੁਪੱਖੀ ਸਰਗਰਮੀਆਂ ਲਈ ਸਾਂਝੇ ਮੰਚ ਦੀ ਭੂਮਿਕਾ ਨਿਭਾਏਗਾ ਨਵਾਂ ਅਦਾਰਾ
ਫਰਿਜ਼ਨੋਂ/ਏਟੀ ਨਿਊਜ਼ :
''ਪੰਜਾਬੀ ਕਲਚਰਲ ਸੈਂਟਰ ਯੂਐੱਸਏ ਸਮੁੱਚੇ ਫਰਿਜ਼ਨੋਂ ਇਲਾਕੇ ਦੇ ਪੰਜਾਬੀ ਭਾਈਚਾਰੇ ਦੀਆਂ ਸਮਾਜਿਕ, ਸਭਿਆਚਾਰਕ, ਸਾਹਿਤਕ ਅਤੇ ਵਿਦਿਅਕ ਸਰਗਰਮੀਆਂ ਲਈ ਸਾਂਝੇ ਮੰਚ ਦਾ ਕੰਮ ਕਰੇਗਾ।” ਇਹ ਵਿਚਾਰ ਪੰਜਾਬੀ ਰੇਡੀਓ ਯੂਐੱਸਏ ਦੇ ਸੰਸਥਾਪਕ ਹਰਜੋਤ ਸਿੰਘ ਖਾਲਸਾ ਨੇ ਸੈਂਟਰ ਦੀ ਸ਼ੁਰੂਆਤ ਮੌਕੇ ਰੇਡੀਓ ਸਟੇਸ਼ਨ ਦੇ ਫਰਿਜ਼ਨੋਂ ਸਟੂਡੀਓ ਦੇ ਵੇਹੜੇ ਵਿੱਚ ਕਰਵਾਈ ਇੱਕ ਸਭਿਆਚਾਰਕ ਸ਼ਾਮ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਪੰਜਾਬੀਆਂ ਦੇ ਰੂਬਰੂ ਹੁੰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਮਰੀਕੀ ਪੰਜਾਬੀ ਭਾਈਚਾਰੇ ਦੇ ਬਹੁਪੱਖੀ ਵਿਕਾਸ ਅਤੇ ਆਪਣੇ ਵਿਰਸੇ ਦੀ ਸੰਭਾਲ ਲਈ ਅਜਿਹੇ ਸੈਂਟਰ ਬਣਾਏ ਜਾਣ ਦੀ ਬੜੀ ਲੋੜ ਸੀ ਤੇ ਆਸ ਹੈ ਕਿ ਸਾਡਾ ਇਹ ਨਿਮਾਣਾ ਜਿਹਾ ਯਤਨ ਇਸ ਮੰਤਵ ਲਈ ਸਹਾਈ ਹੋਵੇਗਾ। 
ਲੰਘੇ ਸ਼ਨਿਚਰਵਾਰ ਦੀ ਸ਼ਾਮ ਨੂੰ ਕਰਵਾਏ ਇਸ ਉਦਘਾਟਨੀ ਪ੍ਰੋਗਰਾਮ ਲਈ ਭਰਵੇਂ ਹੁੰਗਾਰੇ ਵਜੋਂ ਭਾਰੀ ਗਿਣਤੀ ਵਿੱਚ ਪੁੱਜਣ ਬਦਲੇ ਸਭਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬੀ ਰੇਡੀਓ ਯੀਐੱਸਏ ਅਦਾਰਾ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਵਾਸਤੇ ਅਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖੇਗਾ।
ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ, ਸਾਬਕਾ ਸੰਪਾਦਕ ਅੰਮ੍ਰਿਤਸਰ ਟਾਈਮਜ਼’, ਜਿਨ੍ਹਾਂ ਨੂੰ ਇਸ ਕੇਂਦਰ ਦੇ ਸੰਚਾਲਕ ਦੀ ਜੁੰਮੇਵਾਰੀ ਸੌਂਪੀ ਗਈ ਹੈ, ਨੇ ਕਿਹਾ ਕਿ ਇਹ ਅਸਲ ਵਿੱਚ ਸਭਨਾਂ ਪੰਜਾਬੀਆਂ ਦੀ ਆਪਣੀ ਸੰਸਥਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਈਚਾਰੇ ਦੇ ਪਤਵੰਤਿਆਂ, ਵੱਖ ਵੱਖ ਸਮਾਜਿਕ, ਸਭਿਆਚਾਰਕ, ਸਾਹਿਤਕ ਜਥੇਬੰਦੀਆਂ ਖ਼ਾਸ ਕਰ ਨਵੀਂ ਪੀੜ੍ਹੀ ਦੇ ਲਗਾਤਾਰ ਸਹਿਯੋਗ ਅਤੇ ਵਿਚਾਰ ਵਟਾਂਦਰੇ ਨਾਲ ਇਸ ਨੂੰ ਸਫ਼ਲਤਾ ਪੁਰਬਕ ਚਲਾਇਆ ਜਾਵੇਗਾ। 
ਉੱਘੇ ਵਿਦਵਾਨ ਅਤੇ ਵਿਗਿਆਨੀ ਡਾ. ਗੁਰੂਮੇਲ ਸਿੱਧੂ ਨੇ ਸੈਂਟਰ ਦੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਫਰਿਜ਼ਨੋਂ ਵਾਸੀਆਂ ਨੂੰ ਆਪਣੇ ਪਰਿਵਾਰਕ, ਸਮਾਜਿਕ ਅਤੇ ਸਭਿਆਚਰਕ ਪ੍ਰੋਗਰਾਮ ਇੱਥੇ ਕਰਵਾਉਣ ਨੂੰ ਪਹਿਲ ਦੇਣ ਲਈ ਪ੍ਰੇਰਿਆ। 
ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਦੱਸਿਆ ਕਿ ਫਰਿਜ਼ਨੋਂ ਇਲਾਕੇ ਵਿੱਚ ਪੰਜਾਬੀਆਂ ਲਈ ਅਜਿਹਾ ਸੈਂਟਰ ਬਣਾਉਣ ਲਈ ਪਿਛਲੇ ਵਰ੍ਹਿਆਂ ਦੌਰਾਨ ਬੜੇ ਯਤਨ ਹੋਏ ਪਰ ਗੱਲ ਸਿਰੇ ਨਹੀਂ ਲੱਗੀ। ਚਿਰਾਂ ਤੋਂ ਚਲੀ ਆ ਰਹੀ ਲੋੜ ਨੂੰ ਪੂਰਾ ਕੀਤੇ ਜਾਣ ਲਈ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸਮੁੱਚੇ ਭਾਈਚਾਰੇ ਦੀ ਤਰਫੋਂ ਧੰਨਵਾਦ ਕੀਤਾ।
ਪੰਜਾਬੀ ਕਲਚਰਲ ਸੈਂਟਰ ਯੂਐੱਸਏ ਦੇ ਉਦਘਾਟਨੀ ਸਮਾਰੋਹ ਦੇ ਪ੍ਰੋਗਰਾਮ ਦੀ ਖ਼ਾਸੀਅਤ ਇਹ ਸੀ ਕਿ ਪੰਜਾਬੀ ਭਾਈਚਾਰੇ ਦੇ ਨੌਜਵਾਨ ਆਗੂ, ਸੈਂਟਰਲ ਯੂਨੀਫਾਈਡ ਸਕੂਲ ਡਿਸਟਰਿਕ ਦੇ ਟਰੱਸਟੀ ਤੇ ਜੈਕਾਰਾ ਸੰਸਥਾ ਦੇ ਮੋਢੀਆਂ ਦੀ ਟੀਮ ਦੇ ਮੈਂਬਰ ਸ. ਨੈਣਦੀਪ ਸਿੰਘ ਚੰਨ ਦੇ ਉੱਦਮ ਸਦਕਾ ਅਮਰੀਕੀ ਲੋਕ ਨੁਮਾਇੰਦੇ ਮਾਈਕੁਇਲ ਏਰੀਅਸ ਫਰਿਜ਼ਨੋਂ ਸਿਟੀ ਕੌਂਸਲ ਮੈਂਬਰ ਡਿਸਟਰਿਕ 3, ਨੈਲਸਨ ਐਸਪਾਰਜ਼ਾ ਫਰਿਜ਼ਨੋਂ ਸਿਟੀ ਕੌਂਸਲ ਮੈਂਬਰ ਡਿਸਟਰਿਕ 7 ਅਤੇ ਟਾਈਲਰ ਮੈਕਸਵੈੱਲ ਕੈਂਡੀਡੇਟ ਫਰਿਜ਼ਨੋਂ ਸਿਟੀ ਕੌਂਸਲ ਡਿਸਟਰਿਕ 4 ਨੇ ਉਚੇਚਾ ਪੁੱਜ ਕੇ ਹਰਜੋਤ ਸਿੰਘ ਖਾਲਸਾ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ 'ਚ ਜੈਕਾਰਾ ਦੀ ਕਮਲਜੀਤ ਕੌਰ ਦਾ ਖ਼ਾਸ ਯੋਗਦਾਨ ਰਿਹਾ।
ਇਸ ਦੌਰਾਨ ਹਰਜੋਤ ਸਿੰਘ ਖਾਲਸਾ ਨੇ ਰੇਡੀਓ ਸਟੇਸ਼ਨ ਸਟੂਡੀਓ ਦੀ ਮੁੱਖ ਇਮਾਰਤ ਵਿੱਚ ਬਣਾਏ ਇਸ ਬਹੁਮੰਤਵੀ ਸੈਂਟਰ ਦੇ ਉਦਘਾਟਨ ਦੀ ਰਸਮ ਆਪਣੀ ਸਹਿਯੋਗੀ ਟੀਮ ਦੇ ਮੈਂਬਰਾਂ ਬਲਵਿੰਦਰ ਕੌਰ ਖਾਲਸਾ, ਰਾਜਕਰਨਬੀਰ ਸਿੰਘ, ਦਿਲਪ੍ਰੀਤ ਸਿੰਘ ਖਾਲਸਾ, ਸਾਹਿਲ ਸਿੰਘ ਔਲਖ, ਜੋਤ ਰਣਜੋਤ, ਰਾਣੀ ਕਾਹਲੋਂ, ਰਮਨ ਸਿੰਘ ਢਿਲੋਂ, ਜਗਮੋਹਨ ਸਿੰਘ, ਕੁਲਬੀਰ ਸਿੰਘ, ਅਮਰਿੰਦਰ ਸਿੰਘ, ਅਮਿਤ ਸੋਨੀ, ਸਿੰਮੀ ਕੌਰ, ਗੁਰਸਿਮਰਨ ਸਿੰਘ, ਸਾਹਿਬ ਸਿੰਘ ਅਤੇ ਰਮਨੀਕ ਕੌਰ ਸਮੇਤ ਰਿਬਨ ਕੱਟ ਕੇ ਕੀਤਾ। 
ਲਗਭਗ ਦੋ ਘੰਟਿਆਂ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਰਾਣੀ ਕਾਹਲੋਂ, ਰੇਡੀਓ ਹੋਸਟ ਜੋਤ ਰਣਜੋਤ ਅਤੇ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਗੀਤਾਂ ਨਾਲ ਮਨੋਰੰਜਨ ਕੀਤਾ। ਰਾਜਕਿਰਨਬੀਰ ਅਤੇ ਗੁਰਦੀਪ ਸ਼ੇਰਗਿੱਲ ਦੀ ਸਾਂਝੀ ਸਟੇਜ ਸੰਚਾਲਨਾ ਦੌਰਾਨ ਕਾਲਮ ਨਵੀਸ ਜਗਤਾਰ ਗਿੱਲ ਨੇ ਸੰਗੀਤਕ ਖੇਤਰ ਸਬੰਧੀ ਨਵੇਂ ਪ੍ਰੋਗਰਾਮਾਂ ਬਾਰੇ ਦੱਸਿਆ। ਸਤਨਾਮ ਸਿੰਘ ਯੂਬਾਸਿਟੀ, ਜਿਨ੍ਹਾਂ ਦੀ ਅਲਜਜ਼ੀਰਾ ਚੈਨਲ ਵਲੋਂ ਸਿੱਖਾਂ ਦੇ ਅਮਰੀਕੀ ਟਰੱਕਿੰਗ ਇੰਡਸਟਰੀ ਵਿੱਚ ਯੋਗਦਾਨ ਦੀ ਬਣਾਈ ਡਾਕੂਮੈਂਟਰੀ ''ਲਾਈਫ ਐਜ ਏ ਟਰਬਨ ਵੀਅਰਿੰਗ ਸਿੱਖ ਟਰੱਕਰ” 'ਚ ਅਹਿਮ ਭੂਮਿਕਾ ਹੈ, ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ ਪੇਸ਼ ਕਰਨ ਤੋਂ ਇਲਾਵਾ  ਕਲਚਰਲ ਸੈਂਟਰ ਲਈ ਵਧਾਈ ਦਿੱਤੀ।
ਜੀਐੱਸਜੀ ਅਕਾਦਮੀ ਦੇ ਪਰਮਜੀਤ ਸਿੰਘ ਧਾਲੀਵਾਲ ਅਤੇ ਉਦੈਦੀਪ ਸਿੰਘ ਦੀ ਅਗਵਾਈ ਵਿਚ ਬੱਚਿਆਂ ਦੀਆਂ ਦੋ ਟੀਮਾਂ ਨੇ ਭੰਗੜੇ ਨਾਲ ਸਟੇਜ ਦੀ ਰੌਣਕ ਵਧਾਈ । ਦਿਲਪ੍ਰੀਤ ਕੌਰ ਨੇ ਗੀਤਾਂ ਉੱਤੇ ਬੜਾ ਦਿਲਕਸ਼ ਨ੍ਰਿਤ ਪੇਸ਼ ਕੀਤਾ।
ਬੇ-ਏਰੀਆ ਤੋਂ ਭਾਈਚਾਰੇ ਦੇ ਉੱਘੇ ਆਗੂ ਭਾਈ ਜਸਵਿੰਦਰ ਸਿੰਘ ਜੰਡੀ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪ੍ਰੋ. ਬਲਵਿੰਦਰ ਸਿੰਘ ਲਾਲੀ ਧਨੋਆ ਦੀ ਅਗਵਾਈ ਵਿੱਚ ਪੁੱਜੀ ਟੀਮ ਵਿਚ ਜਸਵੀਰ ਸਿੰਘ ਗੋਰਖਾ, ਗੁਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਬਾਜਵਾ, ਨਿਰਪਾਲ ਸਿੰਘ ਮੁਛਿਆਣਾ, ਹਰਦੇਵ ਸਿੰਘ ਭਲਵਾਨ ਅਤੇ ਸਿੰਘ ਸਾਈਨਜ਼ ਦੇ ਰਾਜ ਭੱਚੂ ਸ਼ਾਮਲ ਸਨ। ਸੈਨਹੋਜੇ ਤੋਂ ਰਵਿੰਦਰ ਸਿੰਘ ਧਾਮੀ ਅਤੇ ਪ੍ਰਾਮਿਲ ਗੁਪਤਾ ਜੀ ਨੇ ਪਰਿਵਾਰਾਂ ਸਮੇਤ ਪ੍ਰੋਗਰਾਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ। ਫਰਿਜ਼ਨਂੋ ਦੇ ਹਰਵਿੰਦਰ ਸਿੰਘ ਕਿੱਟੀ ਨੇ ਪਰਿਵਾਰ ਸਮੇਤ ਪਹੁੰਚ ਕੇ ਸਹਿਯੋਗ ਦਿੱਤਾ।
ਸਥਾਨਕ ਉੱਘੀਆਂ ਸਖ਼ਸ਼ੀਅਤਾਂ ਵਿੱਚ ਪੰਜਾਬੀਅਤ ਦੇ ਮੁੱਦਈ ਗੁੱਡੀ ਸਿੱਧੂ, ਸ਼ਾਇਰ ਸੰਤੋਖ ਮਿਨਹਾਸ, ਅਵਤਾਰ ਸਿੰਘ ਗੋਂਦਾਰਾ, ਗਦਰੀ ਸੰਸਥਾ ਵਲੋਂ ਗੁਰਦੀਪ ਮੰਢਾਲੀ, ਸਾਬਕਾ ਕੌਂਸਲ ਮੈਂਬਰ ਦਿਲ ਨਿੱਜਰ, ਨਿੱਕ ਸਹੋਤਾ, ਕਰੱਦਰਜ਼ ਖੇਡਾਂ ਦੇ ਸੁਖਨੈਬ ਸਿੰਘ, ਗੁਰਬਚਨ ਸਿੰਘ, ਕਮਲਜੀਤ ਬੈਨੀਵਾਲ ਤੋਂ ਇਲਾਵਾ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਅਤੇ ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਫਰਿਜ਼ਨੋਂ ਤੇ ਕਰਮਨ ਨੇੜਲੇ ਇਲਾਕੇ ਦੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਉਣ ਵਾਲੇ ਸੀਨੀਅਰ ਪੱਤਰਕਾਰ ਸ. ਜਗਜੀਤ ਸਿੰਘ ਥਿੰਦ ਨੇ ਸਿਹਤ ਢਿੱਲੀ ਹੋਣ ਕਾਰਨ ਨਾ ਪਹੁੰਚ ਸਕਣ ਦੇ ਬਾਵਜੂਦ ਉੱਚੇਚਾ ਫੋਨ ਕਰਕੇ ਪ੍ਰਬੰਧਕਾਂ ਨੂੰ ਆਸ਼ੀਰਵਾਦ ਅਤੇ ਵਧਾਈ ਦਿੱਤੀ। 
ਪੰਜਾਬੀ ਰੇਡੀਓ ਯੂਐੱਸਏ ਦੇ ਪ੍ਰਬੰਧਕਾਂ ਵਲੋਂ ਰੇਡੀਓ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਭਨਾਂ ਦਾ ਧੰਨਵਾਦ ਕਰਦਿਆਂ ਸਮੁੱਚੇ ਸਪਾਂਸਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਚੇਚਾ ਪਹੁੰਚੇ ਰੇਟਬੀਟ ਮਾਰਗੇਜ ਦੇ ਮੁਖੀ ਨਿਰਮਲ ਸਿੰਘ ਮਾਨ, ਨਿਊ ਇੰਡੀਆ ਸਵੀਟਸ ਐਂਡ ਸਪਾਈਸਜ ਦੇ ਜਸਵਿੰਦਰ ਸਿੰਘ, ਇੰਡੀਅਨ ਮਾਰਕੀਟ ਦੇ ਸੋਹਨ ਸਿੰਘ, ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਦੇ ਤੇਜੀ ਪੱਡਾ ਅਤੇ ਰਾਜੂ ਤੋਂ ਇਲਾਵਾ ਇਲੈਕਟ੍ਰੀਕਲ ਇੰਜੀਨੀਅਰ ਨਿੰਦਰ ਤੇ ਬਿਲਡਿੰਗ ਕੰਟਰੈਕਟਰ ਅਲੈਕਸ ਫਲੋਰਸ ਦਾ ਪਲੇਕਾਂ ਨਾਲ ਸਨਮਾਨ ਕੀਤਾ ਗਿਆ।
ਮੈਕਸ ਪ੍ਰਿਟਿੰਗ ਦੇ ਰਮਨ ਢਿਲੋਂ ਅਤੇ ਹਰਸ਼ ਬਰਾੜ ਵਲੋਂ ਬਣਾਇਆ ਮੁੱਖ ਬੋਰਡ ਸਭਨਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।
ਮਿਰਾਜ਼ ਕੇਟਰਿੰਗ ਸੈਕਰਾਮੈਂਟੋ ਵਲੋਂ ਬਣਾਏ ਸਵਾਦੀ ਖਾਣੇ ਦਾ ਸਭਨਾਂ ਨੇ ਭਰਪੂਰ ਆਨੰਦ ਮਾਣਿਆ।
ਪੰਜਾਬੀ ਭਾਈਚਾਰੇ ਦੇ ਸਮਾਜਿਕ ਤੇ ਸਭਿਆਚਾਰਕ ਸਮਾਰੋਹਾਂ ਨੂੰ ਆਪਣੀ ਵੀਡੀਓ ਸੇਵਾਵਾਂ ਰਾਹੀਂ ਚਾਰ ਚੰਨ ਲਾਉਣ ਵਾਲੇ ਰਾਮਾ ਵੀਡੀਓ ਸਰਵਿਸ ਦੇ ਰਮਨ ਸਿੰਘ ਭੱਟੀ ਇਸ ਪ੍ਰੋਗਰਾਮ ਨੂੰ ਕੈਮਰਾਬੱਧ ਕਰਨ ਲਈ ਸੈਕਰਾਮੈਂਟੋ ਤੋਂ ਅਪਣੀ ਟੀਮ ਸਮੇਤ ਪਹੁੰਚੇ ਹੋਏ ਸਨ।
ਪੰਜਾਬੀ ਮੀਡੀਆ ਦੀ ਤਰਫੋਂ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਸੰਪਾਦਕ ਮਨਜੀਤ ਸਿੰਘ ਟਿਵਾਣਾ, ਸਾਡੇ ਲੋਕ’ ਦੇ ਮੁੱਖ ਸੰਪਾਦਕ ਸਤਨਾਮ ਸਿੰਘ ਖਾਲਸਾ ਅਤੇ ਸੀਨੀਅਰ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਵਿਸ਼ੇਸ ਤੌਰ ਉੱਤੇ ਪਹੁੰਚੇ। ‘ਟਾਕਿੰਗ ਪੰਜਾਬ’ ਵਾਲੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।
ਵਰਨਣਯੋਗ ਹੈ ਕਿ ਫਰਿਜ਼ਨੋਂ ਰੇਡੀਓ ਸਟੇਸ਼ਨ ਫਰਿਜ਼ਨੋਂ ਦੇ ਸਟੂਡੀਓ (2125 N Barton Ave, Fresno, CA 93704) ਦੇ ਵੇਹੜੇ ਵਿਚ ਬਣਾਏ ਇਸ ਸੈਂਟਰ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ ਹਰ ਉਮਰ ਦੇ ਪੰਜਾਬੀਆਂ ਦੇ ਵਿਹਲੇ ਸਮੇਂ 'ਚ ਉਨ੍ਹਾਂ ਨੂੰ ਉਸਾਰੂ ਰੁਝੇਵਿਆਂ ਵਾਸਤੇ ਪਲੇਟਫਾਰਮ ਪ੍ਰਦਾਨ ਕਰਨ ਦਾ ਹੈ। 
ਇਸ ਸਾਰੇ ਕੰਮ ਲਈ ਪੰਜਾਬੀ ਰੇਡੀਓ ਯੂਐੱਸਏ ਦਾ ਪੂਰਾ ਸਹਿਯੋਗ ਹੋਵੇਗਾ ਤੇ ਇਹ ਸੈਂਟਰ ਰੇਡੀਓ ਦੇ ਮਿਆਰ ਨੂੰ ਹੋਰ ਉੱਚਾ ਚੁਕਣ ਵਿੱਚ ਸਹਾਈ ਵੀ ਹੋਵੇਗਾ। ਹੋਰ ਜਾਣਕਾਰੀ ਲਈ (559) 403-9290 'ਤੇ ਕਾਲ ਕਰੋ।