ਪ੍ਰਾਈਵੇਟ ਸਕੂਲਾਂ ਵਿੱਚ ਡਿਗਦਾ ਮਾਂ ਬੋਲੀ ਦਾ ਪੱਧਰ ਅਤੇ ਚੁਣੌਤੀਆਂ

ਪ੍ਰਾਈਵੇਟ ਸਕੂਲਾਂ ਵਿੱਚ ਡਿਗਦਾ ਮਾਂ ਬੋਲੀ ਦਾ ਪੱਧਰ ਅਤੇ ਚੁਣੌਤੀਆਂ

ਕਿਰਨਪ੍ਰੀਤ ਸਿੰਘ
ਮਨੁੱਖ ਦੇ ਮਨ ਨੂੰ ਤਰਾਸ਼ਨ ਵਿਚ ਮਾਂ ਬੋਲੀ ਦੀ ਅਹਿਮ ਭੂਮਿਕਾ ਹੈ। ਜਨਮ ਤੋਂ ਹੀ ਬੱਚਾ ਆਪਣੀ ਮਾਂ ਨਾਲ ਇਸ਼ਾਰਿਆਂ ਵਿਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜੋ ਹੌਲੀ-ਹੌਲੀ ਕੋਮਲ ਧੁਨੀਆਂ ਵਿਚ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਮਾਂ ਪਾ ਕੇ ਇਹ ਧੁਨੀਆਂ ਸੋਹਣੇ ਸ਼ਬਦਾਂ ਵਿਚ ਢੱਲਣੀਆ ਸ਼ੁਰੂ ਹੋ ਜਾਂਦੀਆਂ ਹਨ ਅਤੇ ਸ਼ਬਦਾਂ ਤੋਂ ਵਾਕਾਂ ਤੱਕ ਦਾ ਸਫ਼ਰ ਪੂਰਾ ਕਰਦੀਆਂ ਹਨ। ਜਨਮ ਤੋਂ ਹੀ ਬੱਚਾ ਆਪਣੀ ਮਾਂ ਪਾਸੋਂ ਜਿਹੜੀ ਬੋਲੀ ਸਿੱਖਦਾ ਹੈ ਉਹ ਮਾਂ ਬੋਲੀ ਅਖਵਾਉਂਦੀ ਹੈ ਜੋ ਉਸਦੀਆਂ ਸਰੀਰਕ ਤੇ ਮਾਨਸਿਕ ਹਰ ਪ੍ਰਕਾਰ ਦੀਆਂ ਲੋੜਾਂ ਪੂਰੀ ਕਰਦੀ ਹੈ। ਭੈਣ-ਭਰਾਵਾਂ, ਗੁਆਂਢੀਆਂ ਅਤੇ ਸਮਾਜ ਵਿਚ ਰਹਿੰਦਿਆਂ ਉਹ ਆਪਣੀ ਬੋਲੀ ਦਾ ਸ਼ਬਦ ਭੰਡਾਰ, ਸ਼ਬਦਾਂ ਦੇ ਸੰਕਲਪ  ਆਦਿ ਇਕੱਠਾ ਕਰਦਾ ਹੈ ਜੋ ਉਸਦੇ ਮਨ ਦੀਆਂ ਗਹਿਰੀਆਂ ਪਰਤਾਂ ਤੱਕ ਸਮਾ ਜਾਂਦੇ ਹਨ। ਮਾਂ ਬੋਲੀ ਹੀ ਇੱਕ ਸੱਭਿਅਕ ਮਨੁੱਖ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। 

ਰਸੂਲ ਹਮਜ਼ਾਤੋਵ ਆਪਣੀ ਕਿਤਾਬ ਮੇਰਾ ਦਾਗਿਸਤਾਨ ਵਿਚ ਲਿਖਦਾ ਹੈ ਕਿ  "ਜੇਕਰ ਕਿਸੀ ਨੂੰ ਬਦਅਸੀਸ ਦੇਣੀ ਹੋਵੇ ਤਾਂ ਕਹਿ ਦੇਵੋ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।" 

ਮੁੱਢਲੇ ਰੂਪ ਵਿੱਚ ਬੱਚਾ ਬੋਲੀ ਦਾ ਸਿਰਫ ਮੌਖਿਕ ਰੂਪ ਹੀ ਸਿੱਖਦਾ ਹੈ। ਇਸ ਲਈ ਆਪਣੀ ਬੋਲੀ ਵਿਚ ਮੁਹਾਰਤ ਹਾਸਲ ਕਰਨ ਲਈ ਉਸਨੂੰ ਸਕੂਲ ਵਿਚ ਦਾਖਲਾ ਲੈਣਾ ਪੈਂਦਾ ਹੈ। ਸੁਣਨ, ਸਮਝਣ ਤੇ ਬੋਲਣ ਸਿੱਖਣ ਤੋਂ ਬਾਅਦ ਅਗਲਾ ਹਿੱਸਾ ਲਿਖਣ ਅਤੇ ਪੜ੍ਹਨ ਦਾ ਹੁੰਦਾ ਹੈ ਜਿਸ ਰਾਹੀਂ ਉਸਨੇ ਬੋਲੀ ਦੇ ਵਿਆਕਰਨ, ਸ਼ਬਦ ਜੋੜਾਂ ਵਿਚ ਮੁਹਾਰਤ ਹਾਸਿਲ ਕਰਨੀ ਹੁੰਦੀ ਹੈ। ਇਸ ਤਰ੍ਹਾਂ ਭਾਸ਼ਾ ਅਤੇ ਸਿੱਖਿਆ ਦਾ ਸੰਬੰਧ ਪੈਦਾ ਹੁੰਦਾ ਹੈ। ਕਿਸੇ ਵੀ ਪ੍ਰਕਾਰ ਦੀ ਸਿੱਖਿਆ ਹਾਸਿਲ ਕਰਨ ਲਈ ਭਾਸ਼ਾ ਦਾ ਆਉਣਾ ਬਹੁਤ ਜਰੂਰੀ ਹੈ। ਇਸੀ ਕਰਕੇ ਭਾਸ਼ਾ ਨੂੰ ਗਿਆਨ ਦੀ ਕੁੰਜੀ ਕਿਹਾ ਜਾਂਦਾ ਹੈ। 

ਡਾ. ਜੋਗਾ ਸਿੰਘ ਅਨੁਸਾਰ "ਇਹ ਸਵੈ ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ 'ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਪ੍ਰਗਟਾਓ ਤੇ ਸਮਝ ਲਈ ਉਸਦੇ ਵਿਚ ਸਵੈ-ਚਾਲੀ ਰੂਪ ਵਿਚ ਕੰਮ ਕਰਦੀ ਹੈ। ਸਮਾਜਿਕ ਤੌਰ 'ਤੇ ਜਿਸ ਜਨ ਸਮੂਹ ਦੇ ਮੈਬਰਾਂ ਨਾਲ ਉਸਦਾ ਸੰਬੰਧ ਹੁੰਦਾ ਹੈ, ਮਾਤ ਭਾਸ਼ਾ ਉਸ ਨਾਲ ਇਕਮਿਕ ਹੋਣ ਦਾ ਸਾਧਨ ਹੈ।" 

ਭਾਸ਼ਾ ਦਾ ਲਿਖਤੀ ਰੂਪ ਸਿੱਖਣ ਲਈ ਉਸਨੂੰ ਸਕੂਲ ਦਾ ਸਹਾਰਾ ਲੈਣਾ ਪੈਂਦਾ ਹੈ। ਭਾਸ਼ਾ ਸਿੱਖਣ ਦਾ ਸੁਭਾਵਿਕ ਤੇ ਮਨੋਵਿਗਿਆਨਕ ਕ੍ਰਮ ਹੈ- ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਭਾਸ਼ਾ ਸਿੱਖਣ ਦੇ ਇਹਨਾਂ ਚਾਰਾਂ ਅੰਗਾਂ ਦਾ ਵਿਕਾਸ ਕਰਨਾ ਹੀ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਹੈ। ਬੱਚੇ ਅੰਦਰ ਇਹਨਾਂ ਭਾਸ਼ਾਈ ਹੁਨਰਾਂ ਨੂੰ ਵਿਕਸਤ ਕਰਕੇ, ਉਸ ਵਿਚ ਵਿਚਾਰਾਂ ਦੇ ਆਦਾਨ- ਪ੍ਰਦਾਨ ਕਰਨ ਦੀ ਸਮਰੱਥਾ ਤੇ ਯੋਗਤਾ ਵਿਚ ਵਿਕਾਸ ਕੀਤਾ ਜਾਂਦਾ ਹੈ। ਭਾਸ਼ਾ ਸਿੱਖਣ ਲਈ ਕਿਸੇ ਇਕ ਜਾਂ ਦੋ ਸਮਰੱਥਾਵਾਂ ਦਾ ਵਿਕਾਸ ਨਹੀਂ, ਸਗੋਂ ਚਾਰੇ ਸਮਰੱਥਾਵਾਂ ਦਾ ਵਿਕਾਸ ਜਰੂਰੀ ਹੈ। ਇਹਨਾਂ ਚਾਰੇ ਯੋਗਤਾਵਾਂ ਨਾਲ ਇਕੱਲੀ ਭਾਸ਼ਾ ਵਿੱਚ ਹੀ ਨਹੀਂ ਸਗੋਂ ਉਸਦੀ ਕਲਪਨਾ ਸ਼ਕਤੀ, ਨਿਰਣੇ ਸ਼ਕਤੀ, ਸਿਰਜਣਾਤਮਕ ਸ਼ਕਤੀ ਅਤੇ ਪੂਰਵ ਅਨੁਮਾਨ ਆਦਿ ਸ਼ਕਤੀਆਂ ਦਾ ਵੀ ਲਗਤਾਰ ਵਿਕਾਸ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਮਾਂ ਬੋਲੀ ਉਸਨੂੰ ਅੱਗੇ ਹੋਰ ਗਿਆਨ ਵੱਲ ਵਧਣ ਵਿਚ ਮਦਦ ਕਰਦੀ ਹੈ। ਇਕ ਵਾਰ ਆਪਣੀ ਭਾਸ਼ਾ ਤੇ ਮੁਹਾਰਤ ਹਾਸਿਲ ਕਰਨ ਤੋਂ ਬਾਅਦ ਉਹ ਹੋਰ ਕਿਸੀ ਵੀ ਭਾਸ਼ਾ ਨੂੰ ਆਸਾਨੀ ਨਾਲ ਸਿੱਖ ਸਕਦਾ ਹੈ।  ਭਾਸ਼ਾ ਦੀ ਇਸ ਸਮਝ ਨੂੰ ਹਾਸਿਲ ਕਰਨ ਲਈ ਸਕੂਲ ਦੀ ਜਰੂਰਤ ਪੈਂਦੀ ਹੈ।  

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਹੈ। ਹਜਾਰਾਂ ਦੀ ਤਾਦਾਤ ਵਿੱਚ ਸੀ.ਬੀ.ਐੱਸ.ਈ ਤੇ ਆਈ.ਸੀ.ਐੱਸ.ਈ ਬੋਰਡ ਨਾਲ ਸੰਬੰਧਿਤ ਸਕੂਲ ਹਨ। ਇਸਤੋਂ ਇਲਾਵਾ ਨਿੱਜੀ ਸੰਸਥਾਵਾਂ ਵਲੋਂ ਵੀ ਕਈ ਸਕੂਲ ਚਲਾਏ ਜਾਂਦੇ ਹਨ। ਇਹਨਾਂ ਸਕੂਲਾਂ ਦਾ ਪ੍ਰਬੰਧ ਕੇਂਦਰ ਦੇ ਅਧੀਨ ਹੁੰਦਾ ਹੈ ਜਿਸ ਕਰਕੇ ਇਥੋਂ ਦੀਆਂ ਨੀਤੀਆਂ ਕੇਂਦਰ ਸਰਕਾਰ ਵਲੋਂ ਹੀ ਕੰਟਰੋਲ ਕੀਤੀਆਂ ਜਾਂਦੀਆਂ ਹਨ।  ਇਸ ਕਰਕੇ ਜ਼ਿਆਦਾਤਰ ਨੀਤੀਆਂ ਹਿੰਦੀ ਅਤੇ ਅੰਗਰੇਜ਼ੀ ਦੇ ਵਿਕਾਸ ਲਈ ਹੀ ਘੜੀਆਂ ਜਾਂਦੀਆਂ ਹਨ। ਇਸ ਕਰਕੇ ਪੰਜਾਬੀ ਭਾਸ਼ਾ ਤੇ ਅਧਿਆਪਨ ਦੀ ਹਾਲਤ ਇਹਨਾਂ ਸਕੂਲਾਂ ਵਿਚ ਬਹੁਤ ਤਰਸਯੋਗ ਹੈ। ਅੰਗਰੇਜ਼ੀ ਤੇ ਹਿੰਦੀ ਤੋਂ ਬਾਅਦ ਪੰਜਾਬੀ ਦਾ ਸਥਾਨ ਇੱਥੇ ਤੀਜੇ ਨੰਬਰ 'ਤੇ ਆਉਂਦਾ ਹੈ। ਪੰਜਾਬੀ ਦਾ ਪੀਰੀਅਡ ਸੱਤਵਾਂ ਜਾਂ ਅੱਠਵਾਂ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਅੰਗਰੇਜ਼ੀ ਨਾਲੋਂ ਘੱਟ ਸਮਾਂ ਪੰਜਾਬੀ ਦੇ ਪੀਰੀਅਡ ਨੂੰ ਦਿੱਤਾ ਜਾਂਦਾ ਹੈ। ਸਕੂਲ ਗਲਿਆਰੇ ਦੀ ਭਾਸ਼ਾ ਅੰਗਰੇਜ਼ੀ ਤੇ ਹਿੰਦੀ ਨਿਰਧਾਰਿਤ ਕੀਤੀ ਜਾਂਦੀ ਹੈ ਤੇ ਪੰਜਾਬੀ ਬੋਲਣ ਵਾਲੇ ਨੂੰ ਜੁਰਮਾਨਾ ਦੇਣਾ ਪੈਂਦਾ ਹੈ ਜਿਸ ਵਾਸਤੇ ਵੱਖਰੇ ਤੌਰ 'ਤੇ ਵਿਦਿਆਰਥੀਆਂ ਦਾ ਗਰੁੱਪ ਬਣਾਇਆ ਜਾਂਦਾ ਹੈ ਜੋ ਪੰਜਾਬੀ ਬੋਲਣ ਵਾਲਿਆਂ 'ਤੇ ਨਿਗਰਾਨੀ ਰੱਖਦਾ ਹੈ। ਜੇ ਕਿਧਰੇ ਪੰਜਾਬੀ ਬੋਲੀ ਵੀ ਜਾਂਦੀ ਹੈ ਤਾਂ ਸਿਰਫ ਪੰਜਾਬੀ ਦੇ ਪੀਰੀਅਡ ਵਿਚ। ਪੰਜਾਬੀ ਦੇ ਪੀਰੀਅਡ ਵਿਚ ਵੀ ਬੱਚੇ ਰਲੀ ਮਿਲੀ ਪੰਜਾਬੀ ਹੀ ਬੋਲ ਪਾਉਂਦੇ ਹਨ ਜਿਸ ਕਾਰਨ ਪੰਜਾਬੀ ਦੀ ਸ਼ੁੱਧਤਾ ਵਿਚ ਲਗਾਤਾਰ ਕਮੀ ਆ ਰਹੀ ਹੈ। ਜਿਵੇਂ- "ਮੈਂ Punjabi language ਦੀ respect ਕਰਦਾ ਹਾਂ।"

ਜਮਾਤਾਂ ਵਿਚ ਜੇਕਰ ਕੋਈ ਵਿਦਿਆਰਥੀ ਗਲਤੀ ਨਾਲ ਪੰਜਾਬੀ ਬੋਲ ਦੇਵੇ ਤਾਂ ਅਧਿਆਪਕਾਂ ਵੱਲੋਂ ਉਸਨੂੰ ਹੀਣਤਾ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ ਜਿਸ ਕਰਕੇ ਉਹ ਅੱਗੇ ਤੋਂ ਪੰਜਾਬੀ ਬੋਲਣ ਤੋਂ ਸੰਕੋਚ ਹੀ ਕਰਦਾ ਹੈ। ਨਤੀਜਾ ਇਹ ਹੈ ਕਿ ਪੰਜਾਬੀ ਦੇ ਸਤਿਕਾਰ ਵੱਜੋਂ ਬੋਲਣ ਵਾਲੇ ਸ਼ਬਦਾਂ ਜਿਵੇਂ ਸਤਿ ਸ਼੍ਰੀ ਅਕਾਲ, ਮਿਹਰਬਾਨੀ ਆਦਿ ਨੂੰ ਦਬੋਚ ਕੇ 'Good Morning, Thanks' ਨੇ ਥਾਂ ਮੱਲ ਲਈ ਹੈ। ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਪੰਜਾਬੀ ਲਿਖਣ ਲਈ ਵੀ ਬੱਚੇ ਰੋਮਨ ਲਿਪੀ ਦਾ ਪ੍ਰਯੋਗ ਕਰਦੇ ਹਨ। ਪੰਜਾਬ ਦਾ ਵਿਦਿਆਰਥੀ ਆਪਣੇ ਹੀ ਘਰ ਵਿੱਚ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਭਾਸ਼ਾ ਨੂੰ ਸਿੱਖਣ ਦਾ ਜਿਹੜਾ ਸੁਭਾਵਿਕ ਤੇ ਮਨੋਵਿਗਿਆਨਕ ਕ੍ਰਮ ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ ਹੈ ਉਸ ਵਿਚੋਂ ਕਿਸੀ ਇਕ ਨੂੰ ਵੀ ਵਿਦਿਆਰਥੀ ਚੰਗੀ ਤਰ੍ਹਾਂ ਨਹੀਂ ਸਿੱਖ ਪਾਉਂਦਾ ਜਿਸ ਕਾਰਨ ਪੰਜਾਬੀ ਨੂੰ ਸਿੱਖਣ ਸਮਝਣ ਦੀ ਰੁਚੀ ਨੂੰ ਤਿਆਗ ਕੇ ਉਹ ਰੱਟਾ ਮਾਰਨ ਦੀ ਬਿਰਤੀ ਅਪਨਾ ਲੈਂਦਾ ਹੈ।

ਸਕੂਲ ਪ੍ਰਸ਼ਾਸ਼ਨ ਦਾ ਰਵੱਈਆ ਵੀ ਪੰਜਾਬੀ ਬੋਲੀ ਪ੍ਰਤਿ ਬੇਰੁਖੀ ਵਾਲਾ ਹੀ ਹੈ। ਪੰਜਾਬੀ ਦੇ ਅਧਿਆਪਕ ਦੀ ਭਰਤੀ ਵੇਲੇ ਸਿਰਫ ਉਸ ਅਧਿਆਪਕ ਦੀ ਹੀ ਚੋਣ ਕੀਤੀ ਜਾਂਦੀ ਹੈ ਜੋ ਹੋਰਾਂ ਨਾਲੋਂ ਘੱਟ ਤਨਖਾਹ 'ਤੇ ਲੱਗਣ ਲਈ ਮੰਨ ਜਾਂਦਾ ਹੈ। ਜ਼ਿਆਦਾਤਰ ਤਨਖਾਹ 7000 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਜਾਂਦੀ ਹੈ।  ਉਹਨਾ ਅਧਿਆਪਕਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਤੇ ਹਿੰਦੀ ਵਧੇਰੇ ਆਉਂਦੀ ਹੈ। ਜਿਨ੍ਹਾਂ ਪਾਠ ਪੁਸਤਕਾਂ ਨੂੰ ਆਧਾਰ ਬਣਾ ਕੇ ਪੰਜਾਬੀ ਦਾ ਅਧਿਆਪਨ ਹੋ ਰਿਹਾ ਹੈ ਉਹ ਪੰਜਾਬੀ ਭਾਸ਼ਾ ਦੀ ਮੱਹਤਤਾ ਬਾਰੇ ਵਿਦਿਆਰਥੀਆਂ ਦੇ ਮਨ ਵਿਚ ਅਸਰ ਨਹੀ ਪਾਉਂਦੀਆਂ ਜਿਸ ਕਰਕੇ ਕਵਿਤਾ ਵਰਗੀਆਂ ਕੋਮਲ ਚੀਜਾਂ ਨੂੰ ਵੀ ਵਿਦਿਆਰਥੀ ਵਧੇਰੇ ਅੰਕ ਪ੍ਰਾਪਤ ਕਰਨ ਲਈ ਰੱਟਾ ਹੀ ਮਾਰਦੇ ਹਨ। ਵਿਦਿਆਰਥੀਆਂ ਨੂੰ ਰੋਜ਼ਾਨਾ ਵਰਤਣ ਵਾਲੀ ਸ਼ਬਦਾਵਲੀ ਅੰਗਰੇਜ਼ੀ ਜਾਂ ਹਿੰਦੀ ਵਿਚ ਸਿਖਾਈ ਜਾਂਦੀ ਹੈ ਜਿਸ ਕਾਰਨ ਉਹ ਪੰਜਾਬੀ ਦੇ ਠੇਠ ਸ਼ਬਦਾਂ, ਮੁਹਾਵਰਿਆਂ ਅਤੇ ਅਖਾਣਾਂ ਨੂੰ ਸਮਝਣ ਤੋਂ ਅਸਮਰੱਥ ਹੁੰਦੇ ਜਾ ਰਹੇ ਹਨ। ਇਸਤੋਂ ਇਲਾਵਾ ਪਾਠ ਕ੍ਰਮ ਤਿਆਰ ਕਰਨ ਵੇਲੇ ਪੁਰਾਣੀਆਂ ਕਹਾਣੀਆਂ ਤੇ ਨੀਵੇਂ ਪੱਧਰ ਦੀਆਂ ਕਵਿਤਾਵਾਂ ਹੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਸਕੂਲਾਂ ਵਿੱਚ ਪੰਜਾਬੀ ਦੇ ਅਧਿਅਪਕਾਂ ਦੀ ਹਸਤੀ ਨੂੰ ਨਕਾਰਦੇ ਹੋਏ ਉਹਨਾਂ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ ਜਿਸ ਕਾਰਨ ਉਹ ਕਲਾਸ ਵਿਚ ਸਹੀ ਤਰੀਕੇ ਨਾਲ ਨਹੀਂ ਪੜ੍ਹਾ ਪਾਉਂਦੇ। ਇਸ ਤਰ੍ਹਾਂ ਵਿਦਿਆਰਥੀ ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀਆਂ ਗਹਿਰਾਈਆਂ ਸਮਝਣ ਤੋਂ ਵਾਂਝਾ ਹੀ ਰਹਿ ਜਾਂਦਾ ਹੈ। ਬਾਰਵੀਂ ਜਮਾਤ ਤੱਕ ਆਉਂਦੇ ਆਉਂਦੇ ਉਸਦੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਵਿਚ ਦਿਲਚਸਪੀ ਬਿਲਕੁਲ ਘੱਟ ਜਾਂਦੀ ਹੈ। ਇਸਤੋਂ ਇਲਾਵਾ ਸੀਬੀਐਸਈ ਵੱਲੋਂ ਬੱਚਿਆਂ ਦੇ ਨਾਲ ਨਾਲ ਮਾਪਿਆਂ ਲਈ ਵੀ ਅੰਗਰੇਜ਼ੀ ਸਿੱਖਣ ਨਾਲ ਸੰਬੰਧਿਤ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਉਹ ਘਰ ਵਿਚ ਵੀ ਅੰਗਰੇਜ਼ੀ ਦੀ ਹੀ ਵਰਤੋਂ ਕਰਨ ਅਤੇ ਪੰਜਾਬੀ ਦੇ ਅਧਿਅਪਕਾਂ ਲਈ ਵੀ ਅੰਗਰੇਜ਼ੀ ਸਿੱਖਣ ਲਈ ਦਬਾਅ ਪਾਇਆ ਜਾਂਦਾ ਹੈ।

ਪੰਜਾਬੀ ਭਾਸ਼ਾ ਦੀ ਇਸ ਹਾਲਤ ਲਈ ਬੱਚਿਆਂ ਦੇ ਮਾਪੇ ਵੀ ਜਿੰਮੇਵਾਰ ਹਨ। ਪੈਸੇ ਦੀ ਦੌੜ ਪਿੱਛੇ ਹਰ ਕੋਈ ਆਪਣੇ ਬੱਚੇ ਨੂੰ ਇਕ ਕਾਮਯਾਬ ਇਨਸਾਨ ਬਣਾਉਣਾ ਚਾਹੁੰਦਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਅੰਗਰੇਜ਼ੀ ਰਾਹੀਂ ਹੀ ਇਕ ਕਾਮਯਾਬ ਇਨਸਾਨ ਬਣਿਆ ਜਾ ਸਕਦਾ ਹੈ ਕਿਉਂਕਿ ਅੰਗਰੇਜ਼ੀ ਦੁਨੀਆ ਦੀ ਭਾਸ਼ਾ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ ਅਤੇ ਅੰਗਰੇਜ਼ੀ ਸਿੱਖਣ ਲਈ ਜ਼ੋਰ ਪਾਉਂਦੇ ਹਨ। ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦੀ ਦੌੜ ਨੇ ਵੀ ਅੰਗਰੇਜ਼ੀ ਪ੍ਰਤੀ ਪੰਜਾਬੀਆਂ ਦੀ ਸੋਚ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਸੰਖਿਆ ਵਿਚ ਪੰਜਾਬ ਦਾ ਵਿਦਿਆਰਥੀ IELTS (ਅੰਗਰੇਜ਼ੀ ਭਾਸ਼ਾ ਵਿਚ ਕਾਬਲੀਅਤ ਦੀ ਪ੍ਰਖਿਆ) ਕਰਕੇ ਬਾਹਰਲੇ ਮੁਲਖਾਂ ਵਿਚ ਪੜ੍ਹਣ ਲਈ ਜਾ ਰਿਹਾ ਹੈ। ਦੇਖਾ ਦੇਖੀ ਹਰ ਕੋਈ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਹੈ ਜਿਸ ਕਾਰਨ ਉਹ ਪੰਜਾਬੀ ਤੋਂ ਮੂੰਹ ਮੋੜ ਰਹੇ ਹਨ। ਇਸਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿਚ ਬਹੁਤ ਕਮੀ ਆਈ ਹੈ। ਇਥੋਂ ਤੱਕ ਕਿ ਮੈਡੀਕਲ ਕਾਲਜ ਤੇ ਇੰਜਨੀਅਰਿੰਗ ਕਾਲਜ ਵੀ ਵਿਦਿਆਰਥੀਆਂ ਨੂੰ ਤਰਸ ਰਹੇ ਹਨ। ਇਕੱਲੇ 2017 ਵਿਚ 12ਵੀਂ ਕਰਕੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਵਾ ਲੱਖ ਸੀ। 2018 ਵਿਚ 150000 ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਣ ਲਈ ਗਏ। ਕਈ ਸਕੂਲਾਂ ਵਿਚ ਵੀ %ਇਲਟਸ% ਦੀ ਤਿਆਰੀ ਕਰਵਾਈ ਜਾਂਦੀ ਹੈ।

ਇਸ ਤਰ੍ਹਾਂ ਵਿਦੇਸ਼ਾਂ ਵਿਚ ਜਾ ਕੇ ਪੈਸਾ ਕਮਾਉਣ ਦਾ ਭੁਲੇਖਾ ਵੱਡੇ ਪੱਧਰ 'ਤੇ ਮਾਪਿਆਂ ਵਿਚ ਦੇਖਣ ਨੂੰ ਮਿਲਿਆ ਹੈ ਜਿਸਨੇ ਪੰਜਾਬੀ ਬੋਲੀ ਦਾ ਬਹੁਤ ਨੁਕਸਾਨ ਕੀਤਾ ਹੈ। ਇਸੀ ਕਰਕੇ ਸੁਰਜੀਤ ਪਾਤਰ ਆਖਦਾ ਹੈ ਕਿ, 

ਮਾਂ ਆਖੇ: 
ਚਲ ਕੋਈ ਨਹੀਂ
ਜੇ ਮੇਰੇ ਬੋਲ ਵਿਸਾਰ ਕੇ ਵੀ 
ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ
ਤਾਂ ਵੀ ਇਹ ਸੌਦਾ ਮਹਿੰਗਾ ਨਹੀਂ।
 
ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਹੋ ਜਾਣਗੇ। ਮਾਂ ਬੋਲੀ ਤੋਂ ਦੂਰ ਹੋ ਕੇ ਉਹ ਆਪਣੇ ਸੱਭਿਆਚਾਰ ਅਤੇ ਵਿਰਸੇ ਤੋਂ ਵੀ ਦੂਰ ਹੋ ਜਾਣਗੇ। ਵਿਰਸੇ ਤੋਂ ਦੂਰ ਹੋਏ ਬੰਦਿਆਂ ਤੋਂ ਭਵਿੱਖ ਵਿਚ ਕੌਮ ਲਈ ਸੰਘਰਸ਼ ਦੀ ਉਮੀਦ ਨਹੀਂ ਲਗਾਈ ਜਾ ਸਕਦੀ। ਜਿੱਥੇ ਇਕ ਰਾਸ਼ਟਰ ਇਕ ਭਾਸ਼ਾ ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ ਉੱਥੇ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੀ ਮਾਂ-ਬੋਲੀ ਪ੍ਰਤੀ ਜਾਗਰੂਕ ਹੋਈਏ ਅਤੇ ਆਪਣੇ ਬੱਚਿਆਂ ਨਾਲ ਹੋ ਰਹੇ ਭਾਸ਼ਾਈ ਵਿਤਕਰੇ ਦਾ ਵਿਰੋਧ ਕਰੀਏ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ ਦਿਖਣਗੇ ਤਾਂ ਪੰਜਾਬੀਆਂ ਵਾਂਗਰ ਪਰ ਉਹਨਾਂ ਦੀ ਆਤਮਾ, ਉਹਨਾਂ ਦੇ ਵਿਚਾਰ ਬਦਲ ਚੁੱਕੇ ਹੋਣਗੇ। ਸੁਰਜੀਤ ਪਾਤਰ ਦੀਆਂ ਇਹਨਾਂ ਸਤਰਾਂ ਨੂੰ ਮੁੜ ਤੋਂ ਵਿਚਾਰਨ ਦੀ ਲੋੜ ਹੈ

ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ? 
ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ,
ਪਰ ਕੀ ਉਹ ਬੰਦਾ ਰਹੇਗਾ?

ਕਿਰਨਪ੍ਰੀਤ ਸਿੰਘ
ਖੋਜਾਰਥੀ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ।