ਅਫਗਾਨਿਸਤਾਨ ਮਗਰੋਂ ਇੰਗਲੈਂਡ ਵਿਚ ਗੁਰਦੁਆਰਾ ਸਾਹਿਬ 'ਤੇ ਹਮਲਾ

ਅਫਗਾਨਿਸਤਾਨ ਮਗਰੋਂ ਇੰਗਲੈਂਡ ਵਿਚ ਗੁਰਦੁਆਰਾ ਸਾਹਿਬ 'ਤੇ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਇੰਗਲੈਂਡ ਦੇ ਸ਼ਹਿਰ ਡਰਬੀ ਦੇ ਨੋਰਮੈਂਟੋਨ ਇਲਾਕੇ ਵਿਚ ਸਥਿਤ ਗੁਰੂ ਅਰਜਨ ਗੁਰਦੁਆਰਾ ਸਾਹਿਬ 'ਤੇ ਬੀਤੇ ਕੱਲ੍ਹ ਇਕ ਵਿਅਕਤੀ ਵੱਲੋਂ ਹਮਲਾ ਕਰਕੇ ਭੰਨਤੋੜ ਕੀਤੀ ਗਈ। ਪਠਾਣੀ ਲਿਬਾਸ ਵਾਲੇ ਇਸ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਮੂਹਰਲੇ ਸ਼ੀਸ਼ੇ ਦੇ ਦਰਵਾਜੇ ਨੂੰ ਇੱਟ ਮਾਰ ਕੇ ਭੰਨ ਦਿੱਤਾ। ਇਸ ਵੱਲੋਂ ਹਮਲੇ ਦੌਰਾਨ ਖਾਸ ਕਰਕੇ ਇਕ ਚਿੱਠੀ ਉੱਥੇ ਛੱਡੀ ਗਈ ਜਿਸ 'ਤੇ ਇਸ ਨੇ ਖੁਦ ਨੂੰ ਕਸ਼ਮੀਰੀ ਅਜ਼ਾਦੀ ਸੰਘਰਸ਼ ਦਾ ਹਮਾਇਤੀ ਅਤੇ ਪਾਕਿਸਤਾਨੀ ਮੁਸਲਮਾਨ ਦੱਸਿਆ। 

ਪੁਲਸ ਵੱਲੋਂ ਇਸ ਹਮਲੇ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇਸ ਵਿਅਕਤੀ ਨੇ ਹਮਲੇ ਤੋਂ ਪਹਿਲਾਂ ਇਕ 41 ਸਾਲਾ ਬੰਦੇ 'ਤੇ ਹਮਲਾ ਕੀਤਾ ਸੀ। 

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਅਫਗਾਨਿਸਤਾਨ ਵਿਚ ਸਿੱਖ ਗੁਰਦੁਆਰਾ ਸਾਹਿਬ 'ਤੇ ਵੱਡਾ ਹਮਲਾ ਹੋਇਆ ਸੀ ਜਿਸ ਵਿਚ ਦੋ ਦਰਜਨ ਤੋਂ ਵੱਧ ਸਿੱਖਾਂ ਦੀ ਮੌਤ ਹੋਈ ਸੀ। 

ਹਿੰਦੂ ਬਹੁਗਿਣਤੀ ਭਾਰਤੀ ਸਟੇਟ ਅਤੇ ਮੁਸਲਿਮ ਬਹੁਗਿਣਤੀ ਪਾਕਿਸਤਾਨ ਸਟੇਟ ਦਰਮਿਆਨ ਬਿਨ੍ਹਾ ਸਟੇਟ ਤੋਂ ਰਹਿ ਰਹੀ ਸਿੱਖ ਕੌਮ ਇਹਨਾਂ ਦੋਵਾਂ ਮੁਲਕਾਂ ਦੀ ਆਪਸੀ ਲੁਕਵੀਂ ਜੰਗ ਦੇ ਹਮਲਿਆਂ ਦਾ ਕੇਂਦਰ ਬਣਦੀ ਆਈ ਹੈ। ਮੋਜੂਦਾ ਸਮੇਂ ਸਿੱਖਾਂ ਅਤੇ ਮੁਸਲਮਾਨਾਂ ਦੀ ਕਸ਼ਮੀਰ ਮਾਮਲੇ ਵਿਚ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਮਾਮਲੇ ਵਿਚ ਬਣੀ ਨੇੜਤਾ ਤੋਂ ਬਾਅਦ ਹੋ ਰਹੇ ਅਜਿਹੇ ਹਮਲਿਆਂ ਨੇ ਸਿੱਖਾਂ ਅੰਦਰ ਡਰ ਪੈਦਾ ਕਰ ਦਿੱਤਾ ਹੈ ਕਿ ਉਹਨਾਂ ਨੂੰ ਕਿਸੇ ਵੱਡੀ ਰਾਜਨੀਤਕ ਸਾਜਿਸ਼ ਦਾ ਕੇਂਦਰ ਬਣਾਇਆ ਜਾ ਰਿਹਾ ਹੈ। 

ਗੁਰਦੁਆਰਾ ਸਾਹਿਬ ਵੱਲੋਂ ਇਸ ਹਮਲੇ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਇਹ ਘਟਨਾ ਕਿਸੇ ਇਕ ਬੰਦੇ ਵੱਲੋਂ ਕੀਤੀ ਗਈ ਕਰਤੂਤ ਹੈ ਅਤੇ ਇਸ ਲਈ ਸਮੁੱਚੇ ਮੁਸਲਿਮ ਭਾਈਚਾਰੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਹਨਾਂ ਮੁਸਲਿਮ ਭਾਈਚਾਰੇ ਖਿਲਾਫ ਟਿੱਪਣੀਆਂ ਕਰਨ ਤੋਂ ਲੋਕਾਂ ਨੂੰ ਵਰਜਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।