ਭਾਰਤ ਵਿੱਚ ਜਨਮੇ ਅਸਟ੍ਰੇਲੀਅਨ ਨਾਗਰਿਕਾਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਪੰਜਾਬੀ

ਭਾਰਤ ਵਿੱਚ ਜਨਮੇ ਅਸਟ੍ਰੇਲੀਅਨ ਨਾਗਰਿਕਾਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਪੰਜਾਬੀ

ਮੈਲਬਰਨ: ਅਸਟ੍ਰੇਲੀਆ ਦੇ ਸਮਾਜਿਕ ਹਾਲਾਤਾਂ ਬਾਰੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵਲੋਂ ਸਾਲ 2016 ਵਿੱਚ ਕਰਵਾਈ ਮਰਦਮਸ਼ੁਮਾਰੀ ਵਾਲੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਅਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਨਾਗਰਿਕਤਾ ਦੇ ਜਨਮੇ ਲੋਕਾਂ ਵਿੱਚ ਪੰਜਾਬੀ ਭਾਸ਼ਾ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਸਾਲ 2016 ਵਾਲੀ ਮਰਦਮਸ਼ੁਮਾਰੀ ਵਿੱਚ ਭਾਰਤੀ ਨਾਗਰਿਕਤਾ ਮੂਲ ਦੇ 22% ਆਸਟ੍ਰੇਲੀਅਨ ਲੋਕਾਂ ਨੇ ਕਿਹਾ ਸੀ ਕਿ ਉਹ ਘਰਾਂ ਵਿੱਚ ਪੰਜਾਬੀ ਬੋਲਦੇ ਹਨ। 

ਇਹ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਭਾਰਤ ਦੇ ਜਨਮੇ ਹੋਏ ਕੁੱਲ 455,385 ਲੋਕ ਰਹਿ ਰਹੇ ਹਨ। ਅਤੇ ਇਸ ਨਾਲ ਇਹ ਵੀ ਪਤਾ ਚਲਿਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਭਾਰਤ ਦੇ ਜਨਮੇ ਹੋਏ ਲੋਕਾਂ ਦੀ ਗਿਣਤੀ ਵਿੱਚ 54 ਫੀਸਦੀ ਦਾ ਵਾਧਾ ਦਰਜ ਹੋਇਆ ਹੈ।

ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ 2.1% ਭਾਰਤੀ ਮੂਲ ਦੇ ਲੋਕਾਂ ਦਾ ਹੈ। ਅਤੇ ਇਹ ਆਸਟ੍ਰੇਲੀਆ ਵਿੱਚ ਵਿਦੇਸ਼ਾਂ ਤੋਂ ਜਨਮੇ ਹੋਏ ਲੋਕਾਂ ਦਾ ਪੰਜਵਾਂ ਹਿੱਸਾ ਬਣਦੇ ਹਨ।

ਹਿੰਦੀ, ਮਲਿਆਲਮ ਅਤੇ ਗੁਜਰਾਤੀ ਭਾਸ਼ਾਵਾਂ ਇਸ ਪ੍ਰਕਾਰ ਅਨੁਸਾਰ ਦੂਜੇ, ਤੀਜੇ ਅਤੇ ਚੌਥੇ ਸਥਾਨ ਉੱਤੇ ਆਈਆਂ ਹਨ।

ਕੁੱਲ ਮਿਲਾ ਕੇ 102,661 ਭਾਰਤੀ ਖੇਤਰ ਵਿੱਚ ਜਨਮੇ ਹੋਏ ਲੋਕਾਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਦਰਜ ਕੀਤਾ ਹੈ ਅਤੇ ਇਸ ਨਾਲ ਇਹ ਭਾਰਤੀ ਮੂਲ ਦੇ ਲੋਕਾਂ ਵਿੱਚ ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ ਬਣ ਗਈ ਹੈ। ਇਸ ਸਮੇਂ ਆਸਟ੍ਰੇਲੀਆ ਵਿੱਚ ਕੁੱਲ 132,000 ਪੰਜਾਬੀ ਬੋਲਣ ਵਾਲਿਆਂ ਵਿੱਚੋਂ ਤਕਰੀਬਨ 78% (ਪੰਜਾਂ ਵਿੱਚੋਂ ਚਾਰ) ਭਾਰਤ ਖੇਤਰ ਦੇ ਜਨਮੇ ਹੋਏ ਹਨ।

ਅਤੇ ਭਾਰਤੀ ਖੇਤਰ ਦੇ ਜਨਮੇ ਹੋਏ ਆਸਟ੍ਰੇਲੀਅਨ ਲੋਕਾਂ ਵਿੱਚੋਂ ਦੂਜੇ ਨੰਬਰ ਉੱਤੇ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਸੰਖਿਆ 98,623 ਦਰਜ ਕੀਤੀ ਗਈ ਹੈ। ਅਤੇ ਇਹਨਾਂ ਵਿੱਚੋਂ 62.4% ਭਾਰਤ ਦੇ ਜਨਮੇ ਹੋਏ ਹਨ ਅਤੇ ਤਕਰੀਬਨ 21.4% ਫਿਜੀ ਦੇ ਜਨਮੇ ਹੋਏ ਹਨ।

40,000 ਤੋਂ ਕੁੱਝ ਜਿਆਦਾ ਯਾਨਿ ਕਿ 76.6% ਮਲਿਆਲੀ ਭਾਸ਼ਾ ਬੋਲਣ ਵਾਲੇ ਆਸਟ੍ਰੇਲੀਅਨ, ਭਾਰਤ ਵਿੱਚ ਜਨਮੇ ਹੋਏ ਹਨ। ਜਦਕਿ 38,256 ਆਸਟ੍ਰੇਲੀਅਨ ਲੋਕਾਂ ਨੇ ਲਿਖਾਇਆ ਹੈ ਕਿ ਉਹ ਘਰਾਂ ਵਿੱਚ ਗੁਜਰਾਤੀ ਭਾਸ਼ਾ ਬੋਲਦੇ ਹਨ।

ਸਮੂਹਕ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਭਰ ਵਿੱਚ ਭਾਰਤੀ ਸਬ-ਕੋਂਟੀਨੈਂਟ ਦੀ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ ਅਤੇ ਇਸ ਨੂੰ ਬੋਲਣ ਵਾਲਿਆਂ ਦੀ ਬਹੁਤਾਤ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਜਿਆਦਾ ਹੈ ਜਿੱਥੇ ਕਿ 67,304 ਲੋਕਾਂ ਵਲੋਂ ਹਿੰਦੀ ਬੋਲੀ ਜਾਂਦੀ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਪੰਜਾਬੀ ਬੋਲਣ ਵਾਲਿਆਂ ਦਾ, ਜੋ ਕਿ 34,345 ਬਣਦਾ ਹੈ। ਅਤੇ ਉਸ ਤੋਂ ਪਿੱਛੇ ਹਨ ਬੰਗਾਲੀ, ਉਰਦੂ ਅਤੇ ਤਮਿਲ। ਇਹ ਵੀ ਗੌਰ ਕਰਨ ਵਾਲਾ ਹੈ ਕਿ ਆਸਟ੍ਰੇਲੀਆ ਦੇ ਕੁੱਲ ਹਿੰਦੂ ਲੋਕਾਂ ਵਿੱਚੋਂ 40% ਸਿਰਫ ਨਿਊ ਸਾਊਥ ਵੇਲਜ਼ ਵਿੱਚ ਹੀ ਰਹਿੰਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।