ਪੰਜਾਬੀਓ ਜਾਗਦੇ ਕਿ ਸੁੱਤੇ?

ਪੰਜਾਬੀਓ ਜਾਗਦੇ ਕਿ ਸੁੱਤੇ?

-ਮਨਜੀਤ ਸਿੰਘ ਟਿਵਾਣਾ

ਪੰਜਾਬੀ ਦੇ ਨੌਜਵਾਨ ਸ਼ਾਇਰ ਜਸਵੀਰ ਸਿੰਘ ਸ਼ੀਰੀ ਦੀ ਇਕ ਲੰਮੀ ਕਵਿਤਾ ਵਿਚ ਪੰਜਾਬ ਨਾਲ ਹੋਈਆਂ-ਬੀਤੀਆਂ ਦਾ ਸੁੱਚੇ ਜਜ਼ਬਿਆਂ ਨਾਲ ਭਰਪੂਰ ਕਿੱਸਾ ''ਪੰਜਾਬ ਤੂੰ ਤਵਾਰੀਖ ਦਾ ਮਤਰੇਆ ਪੁੱਤ ਸੈਂ..” ਵਿਚ ਬਹੁਤ ਹੀ ਕਰੁਣਾਮਈ ਢੰਗ ਨਾਲ ਛੋਹਿਆ ਗਿਆ ਹੈ। ਪੰਜਾਬ ਦੇ ਚੰਗੇ-ਮਾੜੇ ਦੌਰ ਦੀ ਤੱਥਾਂ ਨਾਲ ਗਵਾਹੀ ਭਰਦਾ ਬਹੁਤ ਸਾਰਾ ਇਤਿਹਾਸ ਰਚਿਆ ਮਿਲਦਾ ਹੈ। ਇਸ ਸਾਰੇ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਇਹੋ ਸਚਾਈ ਸਾਹਮਣੇ ਆਉਂਦੀ ਹੈ, ਕਿ ਪਾਕਿ ਪਾਣੀਆਂ ਦੇ ਕੰਢੇ ਕੁਦਰਤੀ ਵਾਤਾਵਰਣ ਵਿਚ ਮੌਲੀ ਇਸ ਜ਼ਰਖੇਜ਼ ਧਰਤੀ ਉਤੇ ਜ਼ਿੰਦਗੀ ਬਹੁਤੀ ਸਾਂਵੀ-ਪੱਧਰੀ ਕਦੇ ਵੀ ਨਹੀਂ ਰਹੀ। ਪੁਰਖਿਆਂ ਦੇ ਸਮੇਂ ਤੋਂ ਹੀ ਪੰਜਾਬ ਨੇ ਅਣਹੋਣੀਆਂ ਦੇ ਵੱਡੇ-ਵੱਡੇ ਦੌਰ ਆਪਣੇ ਪਿੰਡੇ ਉਤੇ ਹੰਢਾਏ ਹਨ। ਇਹ ਧਰਤੀ ਸਦੀਆਂ ਤਕ ਵਿਦੇਸ਼ੀ ਹਮਲਾਵਰਾਂ ਦੇ ਨਿਸ਼ਾਨੇ ਉਤੇ ਰਹੀ। ਅਜਿਹੇ ਹਾਲਾਤ ਵਿਚ ਹੀ ''ਖਾਧਾ-ਪੀਤਾ ਲਾਹੇ ਦਾ-ਬਾਕੀ ਅਹਿਮਦ ਸ਼ਾਹੇ ਦਾ” ਅਤੇ ''ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਵਰਗੇ ਲੋਕ ਅਖਾਣਾਂ ਨੇ ਜਨਮ ਲਿਆ। ਗੁਰੂ ਨਾਨਕ ਸਾਹਿਬ ਦੀ ਆਮਦ ਨੇ ਇਸ ਧਰਤੀ ਉਤੇ ਇਕ ਨਵੇਂ ਯੁੱਗ ਦਾ ਆਗਾਜ਼ ਕੀਤਾ। ਦਸ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਇਸ ਧਰਤੀ ਉਤੇ ਪੈਦਾ ਹੋਏ ਸਿੱਖ ਇਨਕਲਾਬ ਤੋਂ ਬਾਅਦ ਇਸ ਖਿੱਤੇ ਦੀ ਅੰਦਰੂਨੀ ਤੇ ਬਾਹਰੀ ਤਾਸੀਰ ਹੀ ਬਦਲ ਗਈ। ਸਿੱਖ ਇਨਕਲਾਬ ਤੋਂ ਬਾਅਦ ਨਾ-ਸਿਰਫ ਇਸ ਧਰਤੀ ਦੇ ਅਸਲ ਵਾਰਿਸ ਬਣੇ ਸਿੱਖਾਂ ਨੇ ਵਿਦੇਸ਼ੀ ਜਰਵਾਣਿਆਂ ਦਾ ਮੁੰਹ ਮੋੜਿਆ, ਸਗੋਂ ਉਨ੍ਹਾਂ ਨੇ ਆਪਣੀ ਸਰਜ਼ਮੀਂ ਉਤੇ ''ਪਾਤਸ਼ਾਹੀ-ਦਾਅਵਾ” ਵੀ ਸਾਕਾਰ ਕੀਤਾ। ਪਹਿਲਾਂ ਬੰਦਾ ਸਿੰਘ ਬਹਾਦਰ ਤੇ ਮੁੜ ਮਾਹਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਹੋਈ। ਸਦੀਆਂ ਦੇ ਇਤਿਹਾਸ ਵਿਚ ਪੰਜਾਬ ਦੀ ਧਰਤੀ ਉਤੇ ਖਾਲਸਾ ਰਾਜ ਵਾਲਾ ਸਮਾਂ ਸੁਨਹਿਰੀ-ਕਾਲ ਵੱਜੋਂ ਦਰਜ ਹੋਇਆ। ਇਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ, ਪੰਜਾਬ ਦੀ ਵੰਡ ਤੇ ਭਾਰਤੀ ਪਾਸੇ ਪੰਜਾਬ ਦੇ ਨਾਂ ਉਤੇ ਰਹਿ ਗਈ ਛੋਟੀ ਜਿਹੀ ਸੂਬੀ ਦੇ ਮਾੜੇ ਹਾਲਾਤ ਅੱਜ ਉਸ ਦੌਰ ਵਿਚ ਦਾਖਲ ਹੋ ਚੁੱਕੇ ਹਨ, ਕਿ ਇਸ ਦੀ ਵੱਖਰੀ ਪਹਿਚਾਣ, ਵੱਖਰੇ ਸੱਭਿਆਚਾਰ ਤੇ ਵੱਖਰੀ ਪੰਜਾਬੀ ਜ਼ੁਬਾਨ ਦੇ ਖਤਮ ਹੋ ਜਾਣ ਤਕ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।

ਹੁਣੇ ਜਿਹੇ ਪੰਜਾਬ-ਹਰਿਆਣਾ ਹਾਈਕੋਰਟ 'ਚ ਅਜਿਹੇ ਦੋ ਮਾਮਲੇ ਆਏ ਹਨ, ਜੋ ਕਿ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਹਰ ਸ਼ਖਸ ਲਈ ਫਿਕਰ ਕਰਨ ਵਾਲੇ ਹਨ। ਇਕ ਵਾਰ ਤਾਂ ਇਉਂ ਜਾਪਦਾ ਹੈ ਕਿ ਪਾਣੀ ਸਿਰ ਤੋਂ ਲੰਘ ਗਿਆ ਹੈ। ਪਹਿਲਾ ਮਾਮਲਾ ਸਾਡੇ ਪੰਜਾਬ ਵਿਚ ਨਵੀਂ ਕਿਸਮ ਦੇ ਸਿੰਥੈਟਿਕ ਨਸ਼ਿਆਂ ਨਾਲ ਜੁੜਿਆ ਹੈ। ਦੂਜਾ ਮਾਮਲਾ ਹੋਰ ਵੀ ਗੰਭੀਰ ਹੈ ਕਿ ਪੰਜਾਬ ਦੇ ਪਾਣੀਆਂ ਵਿਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋ ਗਈ ਹੈ। 

ਪੰਜਾਬ-ਹਰਿਆਣਾ ਹਾਈਕੋਰਟ ਵਿਚ ਪੇਸ਼ ਰਿਪੋਰਟ ਦੇ ਤੱਥਾਂ ਉਤੇ ਜਾਈਏ ਤਾਂ ਹਰ ਮਹੀਨੇ ਪੰਜਾਬ ਦੇ ਨਸ਼ਾ ਬਜ਼ਾਰ ਵਿਚ ਇਕ ਹਜ਼ਾਰ ਕਿਲੋ ਹੈਰੋਇਨ ਆ ਰਹੀ ਹੈ। ਅਦਾਲਤ 'ਚ ਪੇਸ਼ ਇਸ ਰਿਪੋਰਟ ਮੁਤਾਬਿਕ ਪੰਜਾਬ ਵਿਚ ਰਹਿ ਰਹੇ ਲੋਕਾਂ ਵਿਚੋਂ 75 ਫ਼ੀਸਦੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਨ੍ਹਾਂ ਨਸ਼ਿਆਂ ਦੀ ਜ਼ੱਦ ਵਿਚ ਆ ਚੁੱਕੇ ਹਨ। ਸਕੂਲਾਂ ਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ ਸਿੰਥੈਟਿਕ ਨਸ਼ਿਆਂ ਵੱਲ ਬਹੁਤੇ ਜਾ ਰਹੇ ਹਨ। ਸਾਫ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਆਦੀ ਬਣਾਇਆ ਜਾ ਰਿਹਾ ਹੈ। ਬਹੁਤ ਸਾਰੇ ਤੱਥ ਇਸ ਵਰਤਾਰੇ ਪਿੱਛੇ ਕਿਸੇ ਗਹਿਰੀ ਸਾਜ਼ਿਸ਼ ਹੋਣ ਵੱਲ ਵੀ ਇਸ਼ਾਰਾ ਕਰਦੇ ਹਨ।

ਦੂਜਾ ਮਾਮਲਾ ਇਸ ਤੋਂ ਵੀ ਗੰਭੀਰ ਹੈ। ਪੰਜਾਬ ਦੇ ਮਾਲਵਾ ਖਿੱਤੇ ਵਿਚੋਂ ਲਏ ਗਏ ਪਾਣੀ ਦੇ ਨਮੂਨਿਆਂ ਦੀਆਂ ਰਿਪੋਰਟਾਂ ਬਹੁਤ ਦਿਲ ਕੰਬਾਊ ਹਨ। ਭਾਬਾ ਆਟੋਮਿਕ ਸੈਂਟਰ ਨੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਦਾ ਪਤਾ ਕਰਨ ਲਈ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮਾਨਸਾ ਜਿਲ੍ਹਿਆਂ 'ਚੋਂ ਪਾਣੀ ਦੇ ਜਿਹੜੇ 1500 ਨਮੂਨੇ ਲਏ ਸਨ, ਉਨ੍ਹਾਂ ਦੀ ਜਾਂਚ ਰਿਪੋਰਟ ਹਾਈਕੋਰਟ ਵਿਚ ਪੇਸ਼ ਕੀਤੀ ਗਈ ਹੈ। ਰਿਪੋਰਟ ਮੁਤਾਬਿਕ ਪਾਣੀ ਦੇ 35 ਫੀਸਦੀ ਸੈਂਪਲਾਂ ਦਾ ਨਤੀਜਾ ਫੇਲ੍ਹ ਜਾਣੀ ਕਿ ਖਰਾਬ ਆਇਆ ਹੈ। ਇਸ ਰਿਪੋਰਟ ਮੁਤਾਬਿਕ ਪੰਜਾਬ ਦੇ ਦਸ ਹਜ਼ਾਰ ਤੋਂ ਵੱਧ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਹੀ ਨਹੀਂ ਰਿਹਾ ਹੈ। ਇਨ੍ਹਾਂ ਲੋਕਾਂ ਕੋਲ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਪ੍ਰਦੂਸ਼ਿਤ ਪਾਣੀ ਹੀ ਪੀ ਰਹੇ ਹਨ ਤੇ ਕੈਂਸਰ, ਕਾਲਾ ਪੀਲੀਆ ਤੇ ਗੁਰਦੇ ਫੇਲ੍ਹ ਹੋਣ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। 

ਪੰਜਾਬ ਦੇ ਪਾਣੀ ਨਾਲ ਜੁੜੀ ਇਸ ਮਾਰੂ ਕਹਾਣੀ ਦਾ ਇਕ ਹੋਰ ਖਤਰਨਾਕ ਪਹਿਲੂ ਵੀ ਹੈ। ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਈ ਦਹਾਕਿਆਂ ਤੋਂ ਡਿੱਗਦਾ ਜਾ ਰਿਹਾ ਹੈ। ਇਹ ਹੁਣ ਖਤਰਨਾਕ ਪੱਧਰ ਉਤੇ ਜਾ ਪਹੁੰਚਾ ਹੈ ਤੇ ਇਸ ਖੇਤੀ ਪ੍ਰਧਾਨ ਸੂਬੇ ਦੇ ਅਗਲੇ ਸਮੇਂ ਵਿਚ ਰੇਗਿਸਤਾਨ ਬਣਨ ਦੀ ਭਵਿੱਖਬਾਣੀ ਹੋ ਰਹੀ ਹੈ। ਪਾਣੀ ਦੇ ਪੱਧਰ ਦਾ ਇਸ ਤਰ੍ਹਾਂ ਖਤਰਨਾਕ ਪੱਧਰ ਤਕ ਚਲੇ ਜਾਣਾ ਸਭ ਤੋਂ ਵੱਡੀ ਸਮੱਸਿਆ ਹੈ। 

ਇਸ ਤਰ੍ਹਾਂ ਪੰਜਾਬ ਦੀ ਨਵੀਂ ਪੀੜ੍ਹੀ ਨਸ਼ਿਆਂ, ਬਿਮਾਰੀਆਂ ਤੇ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਕੇ ਬਰਬਾਦੀ ਦੀ ਕਗਾਰ ਉਤੇ ਜਾ ਖੜ੍ਹੀ ਹੈ। ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੀ ਸਰਕਾਰ ਨੂੰ ਇਹਨਾਂ ਹਾਲਾਤ ਦੀ ਕੋਈ ਖਾਸ ਚਿੰਤਾ ਨਹੀਂ ਹੈ। ਹੰਗਾਮੀ ਹਾਲਾਤ ਵਾਲੀ ਕਿਸੇ ਸੰਜੀਦਾ ਕਾਰਵਾਈ ਦੀ ਅਣਹੋਂਦ ਦਿਖਾਈ ਦੇ ਰਹੀ ਹੈ। 

ਅਸੀਂ ਆਪਣੀ ਜ਼ੁਬਾਨ ਪੜ੍ਹਨੀ ਤੇ ਲਿਖਣੀ ਛੱਡ ਰਹੇ ਹਾਂ, ਸੱਭਿਆਚਾਰਕ ਤੇ ਧਾਰਮਿਕ ਵਿਰਾਸਤਾਂ ਨੂੰ ਆਪਣੇ ਹੱਥੀਂ ਮਲੀਆਮੇਟ ਕਰ ਲਿਆ ਹੈ, ਆਪਣੀ ਧਰਤੀ ਅਤੇ ਪਾਣੀ ਤਕ ਜ਼ਹਿਰੀਲਾ ਕਰ ਲਿਆ ਹੈ। ਸਾਡੀ ਨਵੀਂ ਪੀੜ੍ਹੀ ਜਾਂ ਤਾਂ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ ਜਾਂ ਵਿਦੇਸ਼ ਉਡਾਰੀਆਂ ਮਾਰ ਰਹੀ ਹੈ। ਅਜਿਹੇ ਹਾਲਾਤ ਸਿਰਜ ਕੇ ਅਸੀਂ ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਦੀਆਂ ਇਨ੍ਹਾਂ ਸਤਰਾਂ ਕਿ ''ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਂ ਤੇ” ਨੂੰ ਝੁਠਲਾਉਣ ਦਾ ਕਾਰਜ ਕਰ ਰਹੇ ਹਾਂ। 

ਕੀ ਇਹ ਮੰਨ ਲਿਆ ਜਾਵੇ ਕਿ ਸਾਡੀ ਨਸਲਕੁਸ਼ੀ ਹੋ ਚੁੱਕੀ ਹੈ, ਕੀ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਕੁਝ ਵੀ ਕਰਨ ਜੋਗੇ ਨਹੀਂ ਰਹਿ ਗਏ? ਇਹ ਸਵਾਲ ਪੰਜਾਬ ਸਮੇਤ ਦੇਸ਼ਾਂ ਤੇ ਵਿਦੇਸ਼ਾਂ ਵਿਚ ਵਸਦੇ ਸਮੂਹ ਪੰਜਾਬੀਆਂ ਨੂੰ ਹਨ। ਸਰਕਾਰਾਂ ਜਾਂ ਬੇਗਾਨਿਆਂ ਨੇ ਨਹੀਂ, ਅਸੀਂ ਹੀ ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਹਨ। ਕਿੰਨੇ ਹੀ ਛੋਟੇ-ਵੱਡੇ ਘੱਲੂਘਾਰਿਆਂ ਵਿਚੋਂ ਸਬੂਤੀ ਹੋ ਕੇ ਨਿਕਲੀ ਕੌਮ ਨੂੰ ਹੁਣ ਇਸ ਵੰਗਾਰ ਦਾ ਵੀ ਟਾਕਰਾ ਕਰਨਾ ਹੀ ਪਵੇਗਾ। ਸ਼ਾਇਦ ਪੰਥ ਤੇ ਪੰਜਾਬ ਵਾਸਤੇ ਆਪਸੀ ਵਿਚਾਰਕ ਮੱਤਭੇਦਾਂ ਨੂੰ ਕੁਝ ਸਮੇਂ ਲਈ ਇਕ ਪਾਸੇ ਰੱਖ ਕੇ, ਫਿਲਹਾਲ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਨ ਲਈ ਇਕਜੁੱਟ ਹੋਣਾ ਹੀ ਸਭ ਤੋਂ ਪਹਿਲਾ ਤੇ ਜ਼ਰੂਰੀ ਕੰਮ ਹੈ।