ਪੰਜਾਬ ਵਿਚ ਕਈ ਥਾਵਾਂ 'ਤੇ ਪੁਲਸ ਨੇ ਸਿੱਖਾਂ ਦੇ ਕੇਸਰੀ ਝੰਡੇ ਕਬਜ਼ੇ ਵਿਚ ਲਏ

ਪੰਜਾਬ ਵਿਚ ਕਈ ਥਾਵਾਂ 'ਤੇ ਪੁਲਸ ਨੇ ਸਿੱਖਾਂ ਦੇ ਕੇਸਰੀ ਝੰਡੇ ਕਬਜ਼ੇ ਵਿਚ ਲਏ
ਮੋਗਾ ਡੀਸੀ ਦਫਤਰ 'ਤੇ ਝੁਲਾਇਆ ਗਿਆ ਖਾਲਸਾਈ ਨਿਸ਼ਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਝੰਡਿਆਂ 'ਤੇ ਸਿਆਸਤ ਗਰਮਾਈ ਹੋਈ ਹੈ। ਮੋਗਾ ਵਿਖੇ ਭਾਰਤ ਦੀ ਅਜ਼ਾਦੀ ਵਰ੍ਹੇਗੰਢ ਤੋਂ ਕੁੱਝ ਘੰਟੇ ਪਹਿਲਾਂ ਖੜ੍ਹੇ ਦਿਨ ਸਵੇਰੇ 9 ਵਜੇ ਕੁੱਝ ਨੌਜਵਾਨਾਂ ਨੇ ਭਾਰਤੀ ਨਿਜ਼ਾਮ ਖਿਲਾਫ ਆਪਣੇ ਰੋਹ ਦਾ ਸ਼ਾਂਤਮਈ ਪ੍ਰਗਟਾਵਾ ਕਰਦਿਆਂ ਡੀਸੀ ਦਫਤਰ ਦੀ ਇਮਾਰਤ 'ਤੇ ਲੱਗੇ ਭਾਰਤੀ ਝੰਡੇ ਤਿਰੰਗੇ ਨੂੰ ਲਾਹ ਕੇ ਉਸਦੀ ਥਾਂ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ ਨੂੰ ਝੁਲਾ ਦਿੱਤਾ ਸੀ। ਇਸ ਘਟਨਾ ਨਾਲ ਸਬੰਧਿਤ ਕਿਸੇ ਵੀ ਨੌਜਵਾਨ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ। 

ਇਸ ਘਟਨਾ ਤੋਂ ਬਾਅਦ ਪੰਜਾਬ ਦੀ ਪੁਲਸ ਸਿੱਖ ਨਿਸ਼ਾਨ ਸਾਹਿਬ (ਕੇਸਰੀ ਝੰਡੇ) ਨੂੰ ਝੁਲਾਉਣ 'ਤੇ ਵੀ ਰੋਕਾਂ ਲਾ ਰਹੀ ਹੈ। ਪੰਜਾਬ ਵਿਚ ਕਈ ਥਾਵਾਂ 'ਤੇ ਪੁਲਸ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਸਾਹਿਬ ਨੂੰ ਲਾਹ ਕੇ ਆਪਣੇ ਕਬਜ਼ੇ ਵਿਚ ਲੈਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

ਮੋਗਾ ਡੀਸੀ ਦਫਤਰ ਦੀ ਘਟਨਾ ਤੋਂ ਕੁੱਝ ਘੰਟੇ ਬਾਅਦ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਢੁੱਡੀਕੇ ਵਿਖੇ ਗੁਰਦੁਆਰਾ ਸਾਹਿਬ ਦੀ ਥਾਂ ਵਿਚ ਕਿਰਾਏ 'ਤੇ ਖੁੱਲ੍ਹੇ ਪੰਜਾਬ ਨੈਸ਼ਨਲ ਬੈਂਕ ਦੇ ਮੁਲਾਜ਼ਮਾਂ ਨੇ ਸ਼ਰਾਰਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਭਾਰਤ ਦਾ ਝੰਡਾ ਤਿਰੰਗਾ ਝੁਲਾ ਦਿੱਤਾ। ਇਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਕਮੇਟੀ ਵੱਲੋਂ ਵੀ ਬੈਂਕ ਦੀ ਇਸ ਹਰਕਤ ਦਾ ਵਿਰੋਧ ਕੀਤਾ ਗਿਆ, ਪਰ ਸੁਰੱਖਿਆ ਪਹਿਰੇ ਹੇਠ ਬੈਂਕ ਮੁਲਾਜ਼ਮਾਂ ਵੱਲੋਂ ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਝੁਲਾਇਆ ਗਿਆ। ਇਸ ਦੇ ਵਿਰੋਧ ਵਜੋਂ ਪਿੰਡ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਚ ਜਦੋਂ ਸਿੱਖ ਚਿੰਨ੍ਹ ਖੰਡੇ ਵਾਲਾ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਤਾਂ ਪੁਲਸ ਵੱਲੋਂ ਇਸ ਨਿਸ਼ਾਨ ਸਾਹਿਬ ਨੂੰ ਕਾਰਵਾਈ ਕਰਦਿਆਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। 

ਪ੍ਰਾਪਤ ਵੇਰਵਿਆਂ ਮੁਤਾਬਕ ਪੰਜਾਬ ਪੁਲਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ, ਨਿਹਾਲ ਸਿੰਘ ਵਾਲਾ, ਪਿੰਡ ਢੁੱਡੀਕੇ ਅਤੇ ਗਿੱਦੜਬਾਹਾ ਦੇ ਪਿੰਡ ਹੁਸਨਰ ਅਤੇ ਬਾਬਾ ਬਕਾਲਾ ’ਚ ਵੀ ਸਿੱਖ ਨਿਸ਼ਾਨ ਸਾਹਿਬ ਨੂੰ ਕਬਜ਼ੇ ਵਿਚ ਲਿਆ ਹੈ। 

ਮੋਗਾ ਡੀਸੀ ਦਫਤਰ ਦੀ ਘਟਨਾ ਤੋਂ ਬਾਅਦ ਸਿੱਖਾਂ ਦੇ ਨਿਸ਼ਾਨ ਸਾਹਿਬ ਨੂੰ ਝੁਲਾਉਣ ਦੀ ਕਾਰਵਾਈ ਨੂੰ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਿਵਾਰ ਬਾਦਲਾਂ ਦੀ ਮਾਲਕੀ ਵਾਲੇ ਪੀਟੀਸੀ ਨਿਊਜ਼ ਚੈਨਲ ਨੇ ਪਿੰਡ ਢੁਡੀਕੇ ਦੇ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਝੁਲਾਉਣ ਨੂੰ ਸ਼ਰਾਰਤੀ ਅਨਸਰਾਂ ਦਾ ਕੰਮ ਦੱਸਿਆ। 

ਮੋਗਾ ਵਿਖੇ ਭਾਰਤੀ ਝੰਡਾ ਲਾਹੁਣ ਦੀ ਕਾਰਵਾਈ ਸਬੰਧੀ ਬਾਦਲ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜਦੋਂ ਲਾਈਵ ਪ੍ਰੈਸ ਕਾਨਫਰੰਸ ਕਰਕੇ ਤਿਰੰਗੇ ਝੰਡੇ ਨਾਲ ਹੇਜ਼ ਪ੍ਰਗਟਾਇਆ ਜਾ ਰਿਹਾ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਵਰਕਰਾਂ ਵੱਲੋਂ ਹੀ ਟਿੱਪਣੀਆਂ ਕਰਕੇ ਮਜੀਠੀਆ ਦਾ ਵਿਰੋਧ ਕੀਤਾ ਗਿਆ। ਅਕਾਲੀਆਂ ਵੱਲੋਂ ਟਿੱਪਣੀਆਂ ਵਿਚ ਕਿਹਾ ਗਿਆ, "ਪੰਝਾਬ ਵਿਚ ਤਿਰੰਗੇ ਨਾਲ ਸਿੱਖਾਂ ਦਾ ਮੋਹ ਚੌਰਾਸੀ ਵੇਲੇ ਦਾ ਭੰਗ ਹੋ ਚੁੱਕਾ ਹੈ। ਚੌਂਕਾਂ ਵਿਚ ਖੜੇ ਭਈਆਂ ਤੋਂ 99% ਸਿੱਖ ਤਿਰੰਗਾ ਨਹੀਂ ਖਰੀਦ ਰਹੇ। ਹੋਰ ਅਨੇਕਾਂ ਮਸਲੇ ਤੁਸੀਂ ਉਠਾਓ ਸੈਕਟਰੀਏਟ ਦੇ ਉਪਰ ਕੇਸਰੀ ਨਿਸ਼ਾਨ ਸਾਹਿਬ ਨੂੰ ਪਲੀਜ਼ ਗਲਤ ਕਹਿ ਕੇ ਰੌਲਾ ਪਾ ਕੇ ਅਕਾਲੀ ਦਲ ਦਾ ਨੁਕਸਾਨ ਨਾ ਕਰਾਓ ਤੇ ਕਾਂਗਰਸ ਦੇ ਹੱਥ ਮਜ਼ਬੂਤ ਨਾ ਕਰੋ।"