ਸਾਥੀ ਦੀ ਮੌਤ ਮਗਰੋਂ ਪਰਵਾਸੀਆਂ ਨੇ ਪੰਜਾਬ ਪੁਲਿਸ 'ਤੇ ਹਮਲਾ ਕੀਤਾ; ਪੁਲਿਸ ਨੇ ਕੀਤੇ ਹਵਾਈ ਫਾਇਰ

ਸਾਥੀ ਦੀ ਮੌਤ ਮਗਰੋਂ ਪਰਵਾਸੀਆਂ ਨੇ ਪੰਜਾਬ ਪੁਲਿਸ 'ਤੇ ਹਮਲਾ ਕੀਤਾ; ਪੁਲਿਸ ਨੇ ਕੀਤੇ ਹਵਾਈ ਫਾਇਰ

ਰਾਜਪੁਰਾ: ਸਥਾਨਕ ਦਾਣਾ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ 'ਤੇ ਕੰਮ ਕਰਦੇ ਇਕ ਪਰਵਾਸੀ ਮਜ਼ਦੂਰ ਦੀ ਮੌਤ ਤੋਂ ਬਾਅਦ ਭੜਕੇ ਪਰਵਾਸੀ ਮਜ਼ਦੂਰਾਂ ਦੀ ਭੀੜ ਨੇ ਮੌਕੇ 'ਤੇ ਪਹੁੰਚੀ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਪਰਵਾਸੀ ਮਜ਼ਦੂਰਾਂ ਵੱਲੋਂ ਇੱਟਾਂ-ਰੋੜੇ ਚਲਾਉਣ ਮਗਰੋਂ ਪੁਲਿਸ ਨੇ ਹਵਾਈ ਫਾਇਰ ਖੋਲ੍ਹੇ ਤੇ ਇਸ ਝੜਪ ਵਿੱਚ ਪੁਲਿਸ ਦਾ ਇੱਕ ਮੋਟਰਸਾਈਕਲ ਵੀ ਸਾੜ੍ਹ ਦਿੱਤਾ ਗਿਆ। ਹਵਾਈ ਫਾਇਰ ਹੋਣ 'ਤੇ ਪਰਵਾਸੀ ਮਜ਼ਦੂਰ ਉੱਥੋਂ ਭੱਜ ਗਏ।

ਵਿਗੜੇ ਹਾਲਾਤਾਂ ਵਿੱਚ ਮੌਕੇ 'ਤੇ ਪਹੁੰਚ ਕੇ ਡੀਐੱਸਪੀ ਰਾਜਪੁਰਾ ਏਐੱਸ ਔਲਖ, ਡੀਐੱਸਪੀ ਘਨੌਰ ਮਨਪ੍ਰੀਤ ਸਿੰਘ ਅਤੇ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਪੁਲਿਸ ਨੇ ਸਥਿਤੀ 'ਤੇ ਕਾਬੂ ਪਾਇਆ।

ਐੱਸਡੀਐੱਮ ਰਾਜਪੁਰਾ ਸ਼ਿਵ ਕੁਮਾਰ, ਇੰਸਪੈਕਟਰ ਸੁਰਿੰਦਰਪਾਲ ਸਿੰਘ ਤੇ ਤਹਿਸੀਲਦਾਰ ਹਰਸਿਮਰਨ ਸਿੰਘ ਵੱਲੋਂ ਮ੍ਰਿਤਕ ਪਰਵਾਸੀ ਮਜ਼ਦੂਰ ਦੇ ਪੁੱਤਰ ਗੁਰਜਿੰਦਰ ਸਾਧਾ ਅਤੇ ਹੋਰਨਾਂ ਨਾਲ ਗੱਲਬਾਤ ਕਰਕੇ ਫੈਂਸਲਾ ਹੋਣ ਮਗਰੋਂ ਮ੍ਰਿਤਕ ਦਾ ਸੰਸਕਾਰ ਕੀਤਾ ਗਿਆ। 

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਆੜ੍ਹਤੀ ਸਾਈਦਾਸ-ਕ੍ਰਿਸ਼ਨ ਕੁਮਾਰ ਦੀ ਦੁਕਾਨ 'ਤੇ ਕੰਮ ਕਰਦਾ ਇੱਕ ਪਰਵਾਸੀ ਮਜ਼ਦੂਰ ਅਗਨੂੰ ਸਾਧਾ ਉਰਫ ਰਾਜੂ (60) ਅਚਾਨਕ ਬਿਮਾਰ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਰਜਿੰਦਰਾ ਹਸਪਤਾਲ ਅਤੇ ਫੇਰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਜਦੋਂ ਉਸਦੀ ਲਾਸ਼ ਇੱਥੇ ਲਿਆਂਦੀ ਗਈ ਤਾਂ ਪਰਵਾਸੀ ਮਜ਼ਦੂਰਾਂ ਨੇ ਆੜ੍ਹਤੀ ਐਸੋਸੀਏਸ਼ਨ ਤੋਂ ਪੀੜਤ ਪਰਿਵਾਰ ਲਈ ਮਦਦ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਆੜ੍ਹਤੀਆਂ ਨੇ ਮੰਡੀ ਦੇ ਮਜ਼ਦੂਰਾਂ ਲਈ ਵੈਲਫੇਅਰ ਫੰਡ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸ ਚੋਂ ਪੀੜਤ ਪਰਿਵਾਰ ਨੂੰ ਫੰਡ ਦੇਣ ਵਾਸਤੇ ਬੈਂਕ ਖਾਤੇ  ਦੇ ਵੇਰਵੇ ਮੰਗੇ ਗਏ ਸਨ ਪਰ ਇਸੇ ਦੌਰਾਨ ਕੁੱਝ ਮਜ਼ਦੂਰਾਂ ਨੇ ਰਾਜਪੁਰਾ-ਪਟਿਆਲਾ ਸੜਕ 'ਤੇ ਜਾਮ ਲਗਾ ਦਿੱਤਾ। 

ਡੀਐੱਸਪੀ ਔਲਖ ਨੇ ਕਿਹਾ ਕਿ ਮਜ਼ਦੂਰਾਂ ਨੂੰ ਭੜਕਾਉਣ ਵਾਲੇ ਸ਼ਰਾਰਤੀ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।