ਹਰਿਆਣਾ ਚੋਣ ਨਤੀਜੇ: ਭਾਜਪਾ ਨੂੰ ਝਟਕਾ, ਕਾਂਗਰਸ ਨੂੰ ਉਮੀਦ, ਸਰਕਾਰ ਜੇਜੇਪੀ ਅਤੇ ਅਜ਼ਾਦ ਉਮੀਦਵਾਰਾਂ ਹੱਥ

ਹਰਿਆਣਾ ਚੋਣ ਨਤੀਜੇ: ਭਾਜਪਾ ਨੂੰ ਝਟਕਾ, ਕਾਂਗਰਸ ਨੂੰ ਉਮੀਦ, ਸਰਕਾਰ ਜੇਜੇਪੀ ਅਤੇ ਅਜ਼ਾਦ ਉਮੀਦਵਾਰਾਂ ਹੱਥ

ਚੰਡੀਗੜ੍ਹ: ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਸਾਹਮਣੇ ਆ ਰਹੀ ਹੈ ਪਰ ਪੂਰਨ ਬਹੁਮਤ ਹਾਸਿਲ ਕਰਨ ਵਿੱਚ ਨਾਕਾਮ ਰਹਿੰਦੀ ਲੱਗ ਰਹੀ ਹੈ, ਜਿਸ ਕਾਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਿੱਲੀ ਤਲਬ ਕਰ ਲਿਆ ਹੈ। 

ਹੁਣ ਤੱਕ ਦੇ ਅੰਕੜਿਆਂ ਮੁਤਾਬਿਕ ਭਾਜਪਾ 41 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ 31 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ ਇਨੈਲੋ ਨਾਲੋਂ ਵਖ ਹੋ ਕੇ ਚੋਟਾਲਾ ਪਰਿਵਾਰ ਦੇ ਦੁਸ਼ਿਅੰਤ ਚੋਟਾਲਾ ਵੱਲੋਂ ਬਣਾਈ ਗਈ ਜਨਨਾਇਕ ਜਨਤਾ ਪਾਰਟੀ 10 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ 8 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।

ਹਰਿਆਣਾ ਵਿੱਚ ਸਰਕਾਰ ਬਣਾਉਣ ਲਈ 46 ਸੀਟਾਂ ਜਿੱਤਣੀਆਂ ਜ਼ਰੂਰੀ ਹਨ, ਪਰ ਹੁਣ ਤੱਕ ਦੀ ਸਥਿਤੀ ਤੋਂ ਪੂਰਨ ਬਹੁਮਤ ਨਾਲ ਕਿਸੇ ਵੀ ਪਾਰਟੀ ਦੀ ਇਕੱਲੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ। 

ਹੁਣ ਸਭ ਤੋਂ ਵੱਡਾ ਪੱਤਾ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਿਅੰਤ ਚੌਟਾਲਾ ਦੇ ਹੱਥ ਵਿੱਚ ਮੰਨਿਆ ਜਾ ਰਿਹਾ ਹੈ। ਪਰ ਜਿੱਤ ਰਹੇ 7 ਅਜ਼ਾਦ ਉਮੀਦਵਾਰ ਵੀ ਹਰਿਆਣਾ ਦੀ ਸਰਕਾਰ ਵਿੱਚ ਕੋਈ ਵੱਡਾ ਰੋਲ ਨਿਭਾਅ ਸਕਦੇ ਹਨ ਤੇ ਭਾਜਪਾ ਇਹਨਾਂ ਵਿੱਚੋਂ ਆਪਣੀਆਂ ਸੀਟਾਂ ਦੀ ਪੂਰਤੀ ਕਰ ਸਕਦੀ ਹੈ। 

ਭਾਜਪਾ ਨੂੰ ਪਈਆਂ ਸਭ ਤੋਂ ਵੱਧ ਵੋਟਾਂ
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਆਪਣੇ ਮਿੱਥੇ 75 ਸੀਟਾਂ ਦੇ ਨਿਸ਼ਾਨੇ ਤੋਂ ਬਹੁਤ ਪਿੱਛੇ ਰਹਿ ਗਈ ਹੈ ਪਰ ਭਾਜਪਾ ਨੂੰ ਸਭ ਤੋਂ ਵੱਧ 36.4 ਫੀਸਦੀ ਵੋਟਾਂ ਪਈਆਂ ਹਨ ਜਦਕਿ ਕਾਂਗਰਸ ਨੂੰ 28.02 ਫੀਸਦੀ ਵੋਟਾਂ ਪਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 0.38 ਫੀਸਦੀ ਵੋਟਾਂ ਪਈਆਂ ਹਨ।

ਜੇਜੇਪੀ ਨੇ ਪੱਤੇ ਬੰਦ ਰੱਖੇ
ਇਹਨਾਂ ਚੋਣ ਨਤੀਜਿਆਂ ਨੇ ਸਭ ਤੋਂ ਵੱਧ ਉਤਸ਼ਾਹ ਜੇਜੇਪੀ ਪਾਰਟੀ ਨੂੰ ਦਿੱਤਾ ਹੈ ਜੋ ਇਨੈਲੋ ਨਾਲੋਂ ਵੱਖ ਹੋ ਕੇ ਮਹਿਜ਼ 10 ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੀ। ਜੇਜੇਪੀ ਨੂੰ ਜਿੱਥੇ 10 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਉੱਥੇ ਇਨੈਲੋ ਦੇ ਪੱਲੇ 1 ਸੀਟ ਪੈਂਦੀ ਨਜ਼ਰ ਆ ਰਹੀ ਹੈ। 

ਆਪਣੇ ਦਾਦੇ ਦੇਵੀ ਲਾਲ ਦੀ ਮੂਰਤੀ ਅੱਗੇ ਮੱਥਾ ਟੇਕਦਾ ਹੋਇਆ ਦੁਸ਼ਿਅੰਤ ਚੌਟਾਲਾ

ਜੇਜੇਪੀ ਦੇ ਆਗੂ ਦੁਸ਼ਿਅੰਤ ਚੌਟਾਲਾ ਨੇ ਸਮਰਥਨ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਫਿਲਹਾਲ ਇਸ ਬਾਰੇ ਕਹਿਣਾ ਬਹੁਤ ਕਾਹਲੀ ਹੋਵੇਗੀ ਅਤੇ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਇਸ ਬਾਰੇ ਫੈਂਸਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਭਾਜਪਾ ਦੇ ਖਿਲਾਫ ਫਤਵਾ ਦਿੱਤਾ ਹੈ ਤੇ ਲੋਕ ਬਦਲ ਚਾਹੁੰਦੇ ਹਨ।

ਹੂੱਡਾ ਨੇ ਭਾਜਪਾ ਮੁਕਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ
31 ਸੀਟਾਂ 'ਤੇ ਜਿੱਤ ਹਾਸਿਲ ਕਰ ਰਹੀ ਕਾਂਗਰਸ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਹੂੱਡਾ ਨੇ ਜੇਜੇਪੀ, ਬੀਐੱਸਪੀ, ਇਨੈਲੋ ਅਤੇ ਅਜ਼ਾਦ ਜੇਤੂ ਉਮੀਦਵਾਰਾਂ ਨੂੰ ਕਾਂਗਰਸ ਨਾਲ ਇਕੱਠੇ ਹੋ ਕੇ ਭਾਜਪਾ ਮੁਕਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। 

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਚੋਣ ਪ੍ਰਬੰਧ ਕਮੇਟੀ ਦਾ ਚੇਅਰਮੈਨ ਹੋਣ ਨਾਅਤੇ ਉਹ ਸਾਰੀਆਂ ਪਾਰਟੀਆਂ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਸਾਰੀਆਂ ਪਾਰਟੀਆਂ ਨੂੰ ਗਠਜੋੜ ਸਰਕਾਰ ਵਿੱਚ ਬਰਾਬਰ ਇੱਜ਼ਤ ਦਿੱਤੀ ਜਾਵੇਗੀ।

ਭਾਜਪਾ ਦੇ ਸੱਤ ਮੰਤਰੀ ਅਤੇ ਸਪੀਕਰ ਹਾਰਨ ਦੀ ਕਗਾਰ 'ਤੇ
ਹੁਣ ਤੱਕ ਦੇ ਚੋਣ ਨਤੀਜਿਆਂ ਵਿੱਚ ਭਾਜਪਾ ਦੀ ਪਿਛਲੀ ਸਰਕਾਰ ਦੇ 7 ਮੰਤਰੀ ਅਤੇ ਵਿਧਾਨ ਸਭਾ ਸਪੀਕਰ ਹਾਰਨ ਦੀ ਕਗਾਰ 'ਤੇ ਹਨ ਅਤੇ ਵਿਰੋਧੀ ਉਮੀਦਵਾਰ ਤੋਂ ਵੱਡੇ ਫਰਕ ਨਾਲ ਪਿੱਛੇ ਚੱਲ ਰਹੇ ਹਨ।

ਮੰਤਰੀ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮੱਨਿਯੂ, ਓਪੀ ਧਨਕਰ, ਕਵਿਤਾ ਜੈਨ, ਕ੍ਰਿਸ਼ਨ ਪਾਲ ਪਨਵਰ, ਮਨੀਸ਼ ਗਰੋਵਰ, ਕ੍ਰਿਸ਼ਨ ਕੁਮਾਰ ਬੇਦੀ ਦੇ ਨਾਂ ਹਾਰਨ ਵਾਲੇ ਮੰਤਰੀਆਂ ਵਿੱਚ ਸ਼ਾਮਿਲ ਹਨ। 

ਇਸ ਤੋਂ ਇਲਾਵਾ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਵੀ ਆਪਣੀ ਸੀਟ ਤੋਂ ਹਾਰ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।