ਬਾਲੜੀ ਦੇ ਬਲਾਤਕਾਰ ਮਾਮਲੇ 'ਚ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਦੋਸ਼ੀ ਨੂੰ ਗਿਰਫ਼ਤਾਰ ਕਰਨ ਦੀ ਜ਼ਹਿਮਤ

ਬਾਲੜੀ ਦੇ ਬਲਾਤਕਾਰ ਮਾਮਲੇ 'ਚ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਦੋਸ਼ੀ ਨੂੰ ਗਿਰਫ਼ਤਾਰ ਕਰਨ ਦੀ ਜ਼ਹਿਮਤ

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ): ਚੌਥੀ ਜਮਾਤ ਵਿੱਚ ਪੜ੍ਹਦੀ ਇੱਕ ਖੇਤ ਮਜ਼ਦੂਰ ਪਰਿਵਾਰ ਦੀ ਅੱਠਾਂ ਸਾਲਾਂ ਦੀ ਮਾਸੂਮ ਬੱਚੀ ਨੂੰ ਚੁੱਕ ਕੇ ਸ਼ਹਿਰੋਂ ਬਾਹਰ ਕਿਸੇ ਸੁੰਨ-ਸਾਨ ਥਾਂ ਉੱਪਰ ਲਿਜਾ ਕੇ ਬਲਾਤਕਾਰ ਕਰਨ ਵਾਲਾ ਹਵਸ਼ੀ ਦਰਿੰਦਾ ਘਟਨਾ ਨੂੰ ਅੱਧੇ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਕਿਉਂ ਹੈ? ਇਹ ਸਵਾਲ ਇੱਥੇ ਆਮ ਖਾਸ ਅਤੇ ਸਭ ਲੋਕਾਂ ਦੇ ਕੰਨਾਂ ਕੋਲ ਘੁੰਮ ਰਿਹਾ ਹੈ।

ਵਰਣਨਯੋਗ ਹੈ ਕਿ ਘਟਨਾ ਸਥਾਨ ਦੇ ਲਾਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਭਾਵੇਂ ਇਹ ਕੁਕਰਮ ਕਰਨ ਵਾਲੇ ਦਰਿੰਦੇ ਦੀ ਸ਼ਕਲ ਅਤੇ ਉਸ ਦੇ ਨੰਬਰ ਸਮੇਤ ਲਾਲ ਰੰਗ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਕੈਦ ਹੋ ਗਈਆਂ ਫਿਰ ਵੀ ਨਾ ਸਿਰਫ ਹਾਲੇ ਤੱਕ ਪੁਲਿਸ ਦੇ ਹੱਥ ਖ਼ਾਲੀ ਹਨ ਸਗੋਂ ਪੁਲਿਸ ਪੀੜਤ ਪਰਿਵਾਰ ਸਮੇਤ ਥਾਣੇ ਗਏ ਟੀਚਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਆਉਂਦੇ ਸੋਮਵਾਰ ਤੱਕ ਕਾਰਵਾਈ ਕਰਨ ਦਾ ਇਕਰਾਰ ਕਰ ਰਹੀ ਦੱਸੀ ਜਾ ਰਹੀ ਹੈ।

ਚੇਤੇ ਰਹੇ ਕਿ ਪਿਛਲੇ ਦਿਨੀਂ ਇੱਥੋਂ ਦੇ ਇੱਕ ਖੇਤ ਮਜ਼ਦੂਰ ਪਰਿਵਾਰ ਦੀ ਅੱਠ ਸਾਲਾ ਮਾਸੂਮ ਚੌਥੀ ਵਿੱਚ ਪੜ੍ਹਦੀ ਬੱਚੀ ਇੱਕ ਹਵਸ਼ੀ ਵੱਲੋਂ ਕੀਤੀ ਸ਼ਰਮਨਾਕ ਕਰਤੂਤ ਦਾ ਸ਼ਿਕਾਰ ਹੋ ਗਈ ਸੀ। ਮਾਪਿਆਂ ਵੱਲੋਂ ਲੱਭਦੇ ਫਿਰਨ ਦੇ ਬਾਵਜੂਦ ਵੀ ਪੀੜਤ ਪਰਿਵਾਰ ਨੂੰ ਉਨ੍ਹਾਂ ਦੀ ਬੱਚੀ ਕਈ ਘੰਟੇ ਦੀ ਦੇਰੀ ਤੋਂ ਬਾਅਦ ਉਦੋਂ ਮਿਲੀ ਸੀ ਜਦੋਂ ਉਸਦੀ ਹਾਲਤ ਸਥਿਰ ਨਹੀਂ ਸੀ ਰਹਿ ਗਈ। ਪੀੜਤ ਪਰਿਵਾਰ ਅਤੇ ਉਸ ਦੇ ਆਪਣੇ ਮਾਪਿਆਂ ਵੱਲੋਂ ਪੁੱਛਣ 'ਤੇ ਉਨ੍ਹਾਂ ਦੀ ਬੇਸਮਝ ਤੇ ਅਣਭੋਲ ਧੀ ਇੱਕ ਆਟੋ ਰਿਕਸ਼ੇ ਉੱਪਰ ਸਾਰੇ ਪਰਿਵਾਰ ਨੂੰ ਸ਼ਹਿਰੋਂ ਕਈ ਕਿੱਲੋਮੀਟਰ ਦੂਰ ਰਜਬਾਹੇ ਦੀ ਇੱਕ ਉਸ ਸੁੰਨਸਾਨ ਜਗ੍ਹਾ ਉੱਪਰ ਲੈ ਕੇ ਗਈ ਜਿੱਥੇ ਉਸ ਨਾਲ ਉਸ ਦਰਿੰਦੇ ਵੱਲੋਂ ਕੁਕਰਮ ਕੀਤੇ ਜਾਣ ਦੀਆਂ ਪ੍ਰਤੱਖ ਨਿਸ਼ਾਨੀਆਂ ਦਿਖ ਰਹੀਆਂ ਸਨ। ਇਸ ਖੌਫਨਾਕ ਘਟਨਾ ਦੇ ਤੁਰੰਤ ਪਿੱਛੋਂ ਮਾਪਿਆਂ ਵੱਲੋਂ ਪੀੜਤ ਬੱਚੀ ਨੂੰ ਹਸਪਤਾਲ ਦਾਖਲ ਕਰਵਾਏ ਜਾਣ ਤੋਂ ਬਾਅਦ ਭਾਵੇਂ ਪੁਲਿਸ ਵੱਲੋਂ ਲੜਕੀ ਦੀ ਮਾਂ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰਦਿਆਂ ਲਿਖਤੀ ਕਾਨੂੰਨੀ ਕਾਰਵਾਈ ਕਰ ਦਿੱਤੀ ਸੀ ਪਰ ਦੋਸ਼ੀ ਹਵਸ਼ੀ ਦਰਿੰਦੇ ਨੂੰ ਅਜੇ ਤੱਕ ਵੀ ਆਪਣੀ ਗ੍ਰਿਫ਼ਤ ਚ ਨਹੀਂ ਲਿਆ। 

ਪੁਲਿਸ ਨੂੰ ਮਿਲ ਕੇ ਆਏ ਟੀਚਰ ਯੂਨੀਅਨਾਂ ਦੇ ਕੁਝ ਨੁਮਾਇੰਦਿਆਂ ਅਨੁਸਾਰ ਪੁਲਿਸ ਨੇ ਉਨ੍ਹਾਂ ਨੂੰ ਇਸ ਘਟਨਾ ਦੇ ਦੋਸ਼ੀ ਫੜਨ ਲਈ ਸੋਮਵਾਰ ਦਾ ਦਿਨ ਦਿੱਤਾ ਹੈ। ਨੁਮਾਇੰਦੇ ਹੈਰਾਨ ਸਨ ਕਿ ਏਦਾਂ ਦੀਆਂ ਗੰਭੀਰ ਤੇ ਹਿਰਦੇ ਨੂੰ ਵਲੂੰਧਰ ਵਾਲੀਆਂ ਘਟਨਾਵਾਂ ਲਈ ਵੀ ਪੰਜਾਬ ਪੁਲਿਸ ਉਡੀਕ ਰਹੀ ਹੈ ਤਾਂ ਮਾਸੂਮ ਬੱਚਿਆਂ ਸਮੇਤ ਇੱਥੋਂ ਦੀ ਜਨਤਾ ਦਾ ਰੱਬ ਹੀ ਰਾਖਾ ਹੈ। 

ਇਸ ਸਬੰਧ ਵਿੱਚ ਅੱਜ ਸਥਾਨਕ ਪੁਲਸ ਨੂੰ ਮਿਲਣ ਵਾਲਿਆਂ ਵਿੱਚ ਟੀਚਰ ਯੂਨੀਅਨਾਂ ਦੇ ਨੁਮਾਇੰਦਿਆਂ ਵਜੋਂ ਮਾਸਟਰ ਜਸਪਾਲ ਸਿੰਘ ਗਿੱਲ, ਮਾਸਟਰ ਕੁਲਦੀਪ ਸਿੰਘ ਅਤੇ ਮਾਸਟਰ ਪਰਮਜੀਤ ਸਿੰਘ ਦੇ ਨਾਂ ਵਰਨਣਯੋਗ ਹਨ। ਇਸ ਮਾਮਲੇ ਦੇ ਸਬੰਧ ਵਿਚ ਪੱਖ ਜਾਨਣ ਲਈ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਹਰਵਿੰਦਰ ਸਿੰਘ ਸਰਾਂ ਨਾਲ ਉਨ੍ਹਾਂ ਦੇ ਸਰਕਾਰੀ ਫੋਨ ਉਪਰ ਸੰਪਰਕ ਕਰਨ ਦਾ ਵਾਰ ਵਾਰ ਯਤਨ ਕੀਤਾ ਜਾਂਦਾ ਰਿਹਾ ਪਰ ਉਨ੍ਹਾਂ ਫੋਨ ਅਟੈਂਡ ਕਰਨ ਦੀ ਜ਼ਹਿਮਤ ਨਹੀਂ ਕੀਤੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ