ਪੰਜਾਬ ਤੇ ਕੇਂਦਰ ਸਰਕਾਰ ਵਲੋਂ ਪੰਜਾਬੀ ਸੂਬੇ ਦੇ ਸਿਆਸੀ ਮਾਹੌਲ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼

ਪੰਜਾਬ ਤੇ ਕੇਂਦਰ ਸਰਕਾਰ ਵਲੋਂ ਪੰਜਾਬੀ ਸੂਬੇ ਦੇ ਸਿਆਸੀ ਮਾਹੌਲ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼
ਉੱਪਰੋਂ ਪਹਿਲੀ ਕਤਾਰ ਚ (ਖੱਬਿਓਂ ਸੱਜੇ ਵੱਲ) – ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਲਾਲ ਸਿੰਘ ਅਕਾਲਗੜ੍ਹ | ਉੱਪਰੋਂ ਦੂਜੀ ਕਤਾਰ ਚ (ਖੱਬਿਓਂ ਸੱਜੇ ਵੱਲ) – ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਮਨਜੀਤ ਸਿੰਘ ਫਗਵਾੜਾ

ਸਿੱਖ ਨੌਜਵਾਨਾਂ ਨੂੰ ਧਾਰਮਿਕ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਰੋਕਣਾ ਸਰਾਸਰ ਗਲਤ ਕਾਰਵਾਈ

ਸੰਘਰਸ਼ ਨੂੰ ਸਮਰਪਿਤ ਜੁਝਾਰੂ ਸਖਸ਼ੀਅਤਾਂ ਨੇ ਜਾਰੀ ਕੀਤਾ ਸਾਂਝਾ ਬਿਆਨ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ : ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਉਹਨਾਂ ਨੇ ਕਿਹਾ, ਕਿ “ਪਿਛਲੇ ਸਮੇਂ ਦੌਰਾਨ ਇਹ ਵੇਖਿਆ ਗਿਆ ਹੈ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਪ੍ਰਸ਼ਾਸ਼ਨ ਸਰਕਾਰੀ ਸ਼ਹਿ ‘ਤੇ ਸਿੱਖ ਨੌਜੁਆਨਾਂ ਨੂੰ ਸਿੱਖ ਹੋਣ ਕਰਕੇ ਹੀ ਤੰਗ ਪ੍ਰੇਸ਼ਾਨ ਕਰਦਾ ਤੇ ਉਨ੍ਹਾਂ ‘ਤੇ ਤਸ਼ੱਦਦ ਦਾ ਦੌਰ ਚਲਾਉਂਦਾ ਹੈ। ਸ੍ਰੀ ਅੰਮ੍ਰਿਤਸਰ ਵਿੱਚ ਵਾਪਰੀ ਹਾਲੀਆ ਘਟਨਾ ਦੇ ਮੱਦੇਨਜ਼ਰ ਅਜਿਹਾ ਹੋਣ ਤੋਂ ਰੋਕਣ ਲਈ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨ ਦੀ ਬਣਦੀ ਕਾਨੂੰਨੀ ਪੈਰਵਾਈ ਕੀਤੀ ਜਾਵੇਗੀ”।

ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਲ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਵਲੋਂ ਜਾਰੀ ਇਸ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ: “ਸੋਸ਼ਲ ਮੀਡੀਆ ਤੋਂ ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਉਸ ਨੌਜਵਾਨ ਦਾ ਪਰਿਵਾਰ ਘਰੋਂ ਬੇਘਰ ਹੈ ਤੇ ਘਰ ਨੂੰ ਜਿੰਦਰਾ ਵਜਾ ਹੋਇਆ ਹੈ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪਰਿਵਾਰ ਦੀ ਘਰ ਵਾਪਸੀ ਦਾ ਪ੍ਰਬੰਧ ਕਰੇ ਤੇ ਉਹਨਾਂ ਦੀ ਸੁਰਖਿਆ ਯਕੀਨੀ ਬਣਾਏ ਅਤੇ ਪਰਿਵਾਰ ਭੈ ਮੁਕਤ ਹੋ ਕੇ ਆਪਣੇ ਘਰ ਵਾਪਸ ਪਰਤ ਸਕੇ ਤੇ ਪੁਲਿਸ ਵਲੋਂ ਇਸ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਆਪਣੇ ਨੌਜਵਾਨ ਦੀ ਕਾਨੂੰਨੀ ਪੈਰਵੀ ਕਰਨ ਦੇ ਆਪਣੇ ਕੁਦਰਤੀ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਸੰਬੰਧ ਵਿਚ ਅਸੀਂ ਪਰਿਵਾਰ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ, ਉਹ ਭੈ ਮੁਕਤ ਹੋ ਕੇ ਘਰ ਪਰਤ ਆਵੇ”।

ਬਿਆਨ ਵਿਚ ਅੱਗੇ ਇਹ ਕਿਹਾ ਗਿਆ ਹੈ ਕਿ “[ਇੰਡੀਆ] ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਅਤੇ ਦਲਿਤਾਂ ਖਿਲਾਫ ਧਾਰਮਿਕ ਅਤੇ ਸਮਾਜਿਕ ਪੱਧਰ ‘ਤੇ ਲਗਾਤਾਰ ਫਿਰਕੂ ਅਤੇ ਨਫਰਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਗੁਰੂ ਸਾਹਿਬਾਨ ਤੇ ਪੈਗੰਬਰਾਂ ਦਾ ਮਿਥ ਕੇ ਅਪਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਭਾਈਚਾਰਿਆਂ ਦੀਆਂ ਧਾਰਮਿਕ ਸਖਸ਼ੀਅਤਾਂ ਤੇ ਖਾਸ ਕਰਕੇ ਬੀਬੀਆਂ ਵਿਰੁੱਧ ਵੀ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਅਜਿਹਾ ਕਰਨ ਵਾਲਿਆਂ ਵਿਰੁੱਧ ਸਰਕਾਰਾਂ, ਪੁਲਿਸ ਪ੍ਰਸ਼ਾਸਨ ਤੇ ਜਾਂਚ ਏਜੰਸੀਆਂ ਕੋਈ ਵੀ ਕਾਰਵਾਈ ਨਾ ਕਰਕੇ ਸਮਾਜ ਨੂੰ ਵੰਡਣ ਦੀ ਬਹੁਤ ਹੀ ਖਤਰਨਾਕ ਖੇਡ, ਖੇਡ ਰਹੀਆਂ ਹਨ। ਪੰਜਾਬ ਵਿਚ ਕਈ ਹਿੱਸਿਆਂ ਵੱਲੋਂ ਸਿੱਖਾਂ ਵਿਰੁਧ ਲਗਾਤਾਰ ਨਫਰਤ ਦਾ ਪਰਚਾਰ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਦੀ ਨਸਲਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਤੰਤਰ ਅਜਿਹਾ ਕਰਨ ਵਾਲਿਆਂ ਵਿਰੁਧ ਜਾਣਬੁੱਝ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ। ਅੰਮ੍ਰਿਤਸਰ ਵਿੱਚ ਵਾਪਰੀ ਹਾਲੀਆ ਘਟਨਾ ਲਈ ਸਰਕਾਰਾਂ, ਕਾਨੂੰਨ, ਪੁਲਿਸ ਪ੍ਰਸ਼ਾਸਨ ਤੇ ਜਾਂਚ ਏਜੰਸੀਆਂ ਦੀ ਇਹ ਨਾਕਾਮੀ ਜ਼ਿੰਮੇਵਾਰ ਹੈ। ਨਫਰਤ ਦੇ ਇਸ ਪ੍ਰਚਾਰ ਨੂੰ ਰੋਕਣ ਲਈ ਸਮਾਜ ਦੇ ਸੁਹਿਰਦ ਹਿੱਸਿਆਂ ਨੂੰ ਇਕਜੁੱਟ ਹੋ ਕੇ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਦੀ ਵੰਡ ਪਾਊ ਨੀਤੀ ਦਾ ਵਿਰੋਧ ਕਰਨਾ ਚਾਹੀਦਾ ਹੈ”।

ਇਥੇ ਇਹ ਦੱਸ ਦੇਈਏ ਕਿ 5 ਨਵੰਬਰ 2022 ਨੂੰ ਸਿਵ ਸੈਨਾ ਦੇ ਇਕ ਘੜੇ ਦੇ ਆਗੂ ਸੁਧੀਰ ਸੂਰੀ ਨੂੰ ਸੰਦੀਪ ਸਿੰਘ ਸੰਨੀ ਨਾਮੀ ਇਕ ਨੌਜਵਾਨ ਵਲੋਂ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਸਨ ਜਦੋਂ ਉਹ ਸ੍ਰੀ ਅੰਮ੍ਰਿਤਸਰ ਵਿਚ ਗੋਪਾਲ ਮੰਦਰ ਦੇ ਪ੍ਰਬੰਧਕਾਂ ਵਿਰੁਧ ਧਰਨੇ ਉੱਤੇ ਬੈਠਾ ਹੋਇਆ ਸੀ। ਸੁਧੀਰ ਸੂਰੀ ਸੋਸ਼ਲ ਮੀਡੀਆ ਉੱਤੇ ਸਿੱਖਾ ਵਿਰੁਧ ਨਫਤਰ ਵਾਲੇ ਬਿਆਨ ਦੇਣ ਦੇ ਕਈ ਮਾਮਲਿਆਂ ਵਿਚ ਨਾਮਜ਼ਦ ਸੀ ਅਤੇ ਉਸ ਨੂੰ ਪੁਲਿਸ ਵਲੋਂ ਸੁਰੱਖਿਆ ਦਿੱਤੀ ਹੋਈ ਸੀ। 5 ਨਵੰਬਰ ਦੀ ਘਟਨਾ ਵਿਚ ਸੁਧੀਰ ਸੂਰੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਵਲੋਂ ਸਿੱਖਾਂ ਦੀ ਨਸਲਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਜੋ ਕਿ “ਡੇਲੀ ਪੋਸਟ” ਚੈਨਲ ਉੱਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ। ਸੰਦੀਪ ਸਿੰਘ ਸੰਨੀ ਪੁਲਿਸ ਦੀ ਹਿਰਾਸਤ ਵਿਚ ਹੈ। ਅਦਾਲਤ ਨੇ ਉਸ ਦਾ 7 ਦਿਨ ਦਾ ਰਿਮਾਂਡ ਦਿੱਤਾ ਹੈ ਜੋ ਕਿ 12 ਨਵੰਬਰ ਨੂੰ ਖਤਮ ਹੋਵੇਗਾ।