ਪੰਜਾਬ 'ਚ ਸੱਤ ਵਰ੍ਹਿਆਂ ਦੌਰਾਨ ਕੈਂਸਰ ਨਾਲ 1.45 ਲੱਖ ਮੌਤਾਂ
ਸਾਲ 2020 ਦੌਰਾਨ ਕੈਂਸਰ ਨਾਲ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਅੰਮ੍ਰਿਤਸਰ ਟਾਈਮਜ਼ ਬਿਉਰੋ
ਬਠਿੰਡਾ : ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਸੂਬੇ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਕਿਸੇ ਸਮੇਂ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਮਾਲਵਾ ਖੇਤਰ ਹੁਣ ਕੈਂਸਰ ਪੱਟੀ ਵਿਚ ਤਬਦੀਲ ਹੋ ਚੁੱਕਾ ਹੈ। ਮਾਲਵੇ ਤੋਂ ਬਾਅਦ ਮਾਝਾ ਤੇ ਦੁਆਬਾ ਖੇਤਰ ਨੂੰ ਵੀ ਕੈਂਸਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਾਲਾਂ 'ਚ ਦੁਆਬੇ ਤੇ ਮਾਝੇ ਵਿਚ ਵੀ ਵੱਡੀ ਗਿਣਤੀ 'ਚ ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ। ਮਾਲਵਾ ਪੱਟੀ ਦਾ ਕੋਈ ਵਿਰਲਾ ਘਰ ਹੋਵੇਗਾ ਜਿਸ 'ਚ ਕੈਂਸਰ ਦਾ ਮਰੀਜ਼ ਨਾ ਹੋਵੇ, ਕਈ ਘਰਾਂ ਵਿਚ ਦੋ ਦੋ ਕੈਂਸਰ ਮਰੀਜ਼ ਵੀ ਹਨ। ਮਾਲਵਾ ਖਿੱਤੇ ਨੂੰ ਪਹਿਲਾਂ ਫ਼ਸਲਾਂ ਨੇ ਖ਼ੁਦਕੁਸ਼ੀ ਦੇ ਰਾਹ ਤੋਰਿਆ ਸੀ ਅਤੇ ਹੁਣ ਕੈਂਸਰ ਦਾ ਕਹਿਰ ਲੋਕਾਂ ਨੂੰ ਕਰਜ਼ਾਈ ਕਰ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ 'ਚ ਸਾਲ 2020 ਦੌਰਾਨ ਕੈਂਸਰ ਨਾਲ ਕਰੀਬ 22,276 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਇਸ ਵਰ੍ਹੇ ਦੌਰਾਨ 38,636 ਲੋਕਾਂ ਨੂੰ ਕੈਂਸਰ ਨੇ ਆਪਣੀ ਲਪੇਟ ਵਿਚ ਲਿਆ ਹੈ। ਸਾਲ 2014 ਵਿਚ 15,171, ਸਾਲ 2015 ਵਿਚ 15,784 ਅਤੇ ਸਾਲ 2016 ਵਿਚ 16,423 ਮੌਤਾਂ, ਸਾਲ 2017 ਵਿਚ 15 ਹਜਾਰ ਤੋਂ ਵਧੇਰੇ ਮੌਤਾਂ ਦਾ ਕਾਰਨ ਕੈਂਸਰ ਬਣਿਆ ਹੈ। ਜਨਵਰੀ 2014 ਤੋਂ 31 ਦਸੰਬਰ 2020 ਤਕ ਦੇ ਸੱਤ ਵਰਿ੍ਹਆਂ ਦੌਰਾਨ ਪੰਜਾਬ 'ਚ ਕੈਂਸਰ ਨੇ 1.45 ਲੱਖ ਜਾਨਾਂ ਲੈ ਲਈਆਂ ਹਨ ਜਦੋਂ ਕਿ ਇਨ੍ਹਾਂ ਵਰਿ੍ਹਆਂ 'ਚ 2.52 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਸਾਲ 2014 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਔਸਤਨ 53 ਮੌਤਾਂ ਹੁੰਦੀਆਂ ਸਨ, ਜਿਨ੍ਹਾਂ ਦੀ ਗਿਣਤੀ 2017 ਵਿਚ ਵਧ ਕੇ 56 ਹੋ ਗਈ ਅਤੇ ਹੁਣ ਇਹ ਅੰਕੜਾ 61 ਮੌਤਾਂ ਰੋਜ਼ਾਨਾ 'ਤੇ ਪੁੱਜ ਗਿਆ ਹੈ। ਇਵੇਂ ਹੀ ਪੰਜਾਬ 'ਚ ਕੈਂਸਰ ਦੇ ਨਵੇਂ ਮਰੀਜ਼ਾਂ ਦਾ ਅੰਕੜਾ ਅੌਸਤਨ 92 ਕੇਸਾਂ ਦਾ ਸੀ। ਇਹ ਸਾਲ 2017 ਵਿਚ ਵੱਧ ਕੇ 98 ਹੋ ਗਿਆ। ਭਾਵੇਂ ਇਹ ਸਰਕਾਰੀ ਅੰਕੜੇ ਹਨ, ਪਰ ਗ਼ੈਰ ਸਰਕਾਰੀ ਅੰਕੜੇ ਇਸ ਤੋਂ ਕਿਤੇ ਵੱਧ ਕੈਂਸਰ ਪੀੜਤਾਂ ਦੀ ਗਿਣਤੀ ਦਰਸਾਉਦੇ ਹਨ। ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਰਾਖਵਾਂ ਰੱਖਿਆ ਹੈ, ਪਰ ਕੈਂਸਰ ਪੀੜਤ ਨੂੰ ਸਿਰਫ਼ ਡੇਢ ਲੱਖ ਦੀ ਸਹਾਇਤਾ ਹੀ ਮਿਲਦੀ ਹੈ ਜਦੋਕਿ ਖ਼ਰਚਾ ਕਈ ਲੱਖ ਰੁਪਏ ਹੋ ਜਾਂਦਾ ਹੈ। ਮਾਲਵਾ ਖੇਤਰ ਅੰਦਰ ਕੈਂਸਰ ਰੋਗੀਆਂ ਦੀ ਗਿਣਤੀ ਵਧਣ ਨਾਲ ਕਈ ਵੱਡੇ ਕੈਂਸਰ ਦੇ ਹਸਪਤਾਲ ਖੁੱਲ੍ਹ ਗਏ ਹਨ।
ਇਕ ਲੱਖ ਦੀ ਆਬਾਦੀ ਪਿੱਛੇ ਕੈਂਸਰ ਮਰੀਜ਼ਾਂ ਦਾ ਅਨੁਪਾਤ
ਰਾਸ਼ਟਰੀ-80
ਪੰਜਾਬ- 90
ਬਠਿੰਡਾ-125 ਮਰੀਜ਼
ਮਾਲਵਾ-107
ਦੁਆਬਾ -88
ਮਾਝਾ -64
ਸਾਬਕਾ ਮੈਡੀਕਲ ਕਮਿਸ਼ਨਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਇਲਾਵਾ ਕਈ ਯੂਨੀਵਰਸਿਟੀਆਂ ਤੇ ਮਾਹਿਰਾਂ ਵੱਲੋਂ ਕੈਂਸਰ ਸਬੰਧੀ ਸਰਵੇ ਕੀਤੇ ਗਏ, ਪਰ ਅਜੇ ਤਕ ਕਿਸੇ ਠੋੋਸ ਨਤੀਜੇ 'ਤੇ ਨਹੀਂ ਪਹੁੰਚਿਆ ਜਾ ਸਕਿਆ। ਪੰਜਾਬ ਸਰਕਾਰ ਵੱਲੋਂ ਸਿਰਫ਼ 'ਕੈਂਸਰ ਰਾਹਤ ਫੰਡਾਂ' ਦੀ ਸਥਾਪਤੀ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾ ਕਾਫ਼ੀ ਨਹੀਂ ਹੈ। ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਤਬਾਹ ਕਰ ਰਹੇ ਕੈਂਸਰ ਦੀ ਰੋਕਥਾਮ ਲਈ ਵਿਗਿਆਨਕ ਖੋਜਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਕੈਂਸਰ ਰੋਗਾਂ ਦੇ ਮਾਹਿਰ ਡਾਕਟਰ ਮਨਜੀਤ ਸਿੰਘ ਜੌੜਾ ਦਾ ਕਹਿਣ ਸੀ ਕਿ ਜੀਨ ਸ਼ੈਲੀ ਵਿਚ ਵੱਡੀ ਤਬਦੀਲੀ, ਸਿਗਰਟਨੋਸ਼ੀ, ਨਸ਼ੇ, ਜੈਨੇਟਿਕ ਤੇ ਮਿਲਾਵਟੀ ਵਸਤਾਂ ਅਤੇ ਪ੍ਰਦੂਸ਼ਣ ਕੈਂਸਰ ਫੈਲਣ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਭਾਵੇ ਪੰਜਾਬ ਸਰਕਾਰ ਕੈਂਸਰ ਦੇ ਇਲਾਜ ਲਈ ਕਈ ਵੱਡੇ ਹਸਪਤਾਲ ਖੋਲ੍ਹੇ ਹਨ ਪਰ ਉਨ੍ਹਾਂ ਵਿਚ ਕਈ ਕਮੀਆਂ ਹਨ।
ਕੈਂਸਰ ਮਰੀਜ਼ਾਂ ਦਾ ਜ਼ਿਲ੍ਹਾਵਾਰ ਵੇਰਵਾ
ਸਾਲ- ਪਹਿਲਾ ਨੰਬਰ-ਦੂਸਰਾ ਨੰਬਰ
2012- ਅੰਮਿ੍ਤਸਰ 611 ਬਠਿੰਡਾ 509
2013- ਅੰਮਿ੍ਤਸਰ 634, ਲੁਧਿਆਣਾ 520
2014- ਅੰਮਿ੍ਤਸਰ 914 ਲੁਧਿਆਣਾ 888
2015- ਅੰਮਿ੍ਤਸਰ 961, ਲੁਧਿਆਣਾ 809
2016 -ਅੰਮਿ੍ਤਸਰ 1052, ਸੰਗਰੂਰ 758
2017- ਅੰਮਿ੍ਤਸਰ 847, ਲੁਧਿਆਣਾ 842
2018- ਅੰਮਿ੍ਤਸਰ 876 ਲੁਧਿਆਣਾ 710
2019- ਅੰਮਿ੍ਤਸਰ 717 ਸੰਗਰੂਰ 632
ਕੈਂਸਰ ਫੈਲਣ ਦੇ ਕਾਰਨ ਜਾਣੇਗੀ ਵਿਗਿਆਨੀਆਂ ਦੀ ਛੇ ਮੈਂਬਰੀ ਕਮੇਟੀ
ਮਾਲਵਾ ਪੱਟੀ ਦੇ ਘਰ-ਘਰ ਕੈਂਸਰ ਕਾਰਨ ਸੱਥਰ ਵਿਛਾਉਣ ਵਾਲੇ ਧਰਤੀ ਹੇਠਲੇ ਮਾੜੇ ਪਾਣੀ ਦਾ ਹੱਲ ਭਾਵੇਂ ਲੰਬੇ ਸਮੇਂ ਤੋਂ ਨਹੀਂ ਹੋ ਸਕਿਆ ਪਰ ਹੁਣ ਫਿਰ ਛੇ ਮੈਂਬਰੀ ਵਿਗਿਆਨੀਆਂ ਦੀ ਕਮੇਟੀ ਇਸ ਸਬੰਧੀ ਖੋਜ ਕਰੇਗੀ। ਇਹ ਕਮੇਟੀ ਕੈਂਸਰ ਫੈਲਣ ਦੇ ਕਾਰਨ ਵੀ ਜਾਣੇਗੀ। ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਐਟੋਮਿਕ ਮਿਨਰਲ ਡਾਇਰੈਕਟੋਰੇਟ ਫਾਰ ਐਕਸਪਲੋਰੈਂਸ ਐਂਡ ਰਿਸਰਚ ਹੈਦਰਾਬਾਦ (ਏਐਮਡੀਈਆਰ) ਅਤੇ ਭਾਭਾ ਐਟੋਮਿਕ ਰਿਸਰਚ ਸੈਂਟਰ ਮੁੰਬਈ (ਬੀਏਆਰਸੀ) ਦੇ ਖੋਜੀਆਂ ਲਈ ਸਾਂਝਾ ਪਲੇਟਫਾਰਮ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
Comments (0)