ਪੰਜਾਬ ਵਿੱਚ ਹੜ੍ਹਾਂ ਨਾਲ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ

ਪੰਜਾਬ ਵਿੱਚ ਹੜ੍ਹਾਂ ਨਾਲ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ
ਹੜ੍ਹ ਵਿੱਚ ਡੁੱਬੇ ਕਿਸੇ ਪਿੰਡ ਦੇ ਘਰਾਂ ਦੀ ਤਸਵੀਰ

ਚੰਡੀਗੜ੍ਹ: ਭਾਖੜਾ ਡੈਮ ਤੋਂ ਬਿਨ੍ਹਾ ਕਿਸੇ ਅਗਾਊਂ ਹਦਾਇਤ ਦਿੱਤਿਆਂ ਛੱਡੇ ਗਏ ਪਾਣੀ ਨਾਲ ਪੰਜਾਬ ਵਿੱਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹਨਾਂ ਹੜ੍ਹਾਂ ਨਾਲ ਸੂਬੇ ਨੂੰ ਤਕਰੀਬਨ ਨੂੰ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਬੀਤੇ ਕੱਲ੍ਹ ਭਾਖੜਾ ਡੈਮ ਤੋਂ ਹੋਰ 69,000 ਕਿਊਸਿਕ ਪਾਣੀ ਸਤਲੁੱਜ ਦਰਿਆ ਵਿੱਚ ਛੱਡਿਆ ਗਿਆ ਜਿਸ ਕਾਰਨ ਰੋਪੜ, ਲੁਧਿਆਣਾ, ਜਲੰਧਰ, ਮੋਗਾ, ਕਪੂਰਥਲਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹਾਲਤ ਖਤਰੇ ਵਾਲੀ ਬਣੀ ਹੋਈ ਹੈ।

ਸਰਕਾਰੀ ਰਿਪੋਰਟਾਂ ਮੁਤਾਬਿਕ ਬੀਤੇ ਦੋ ਦਿਨਾਂ ਦੌਰਾਨ ਰੋਪੜ ਦੇ 36, ਫਿਰੋਜ਼ਪੁਰ ਦੇ 16, ਮੋਗੇ ਦੇ 28 ਪਿੰਡਾਂ ਨੂੰ ਖਾਲੀ ਕਰਵਾਇਆ ਜਾ ਚੁੱਕਿਆ ਹੈ। 

ਸਤਲੁੱਜ ਦਰਿਆ ਵਿੱਚ ਆਏ ਪਾਣੀ ਨਾਲ ਥਾਂ-ਥਾਂ ਦਰਿਆ ਦੇ ਬੰਨ੍ਹਾਂ 'ਚ ਪਾੜ੍ਹ ਪੈ ਗਿਆ ਤੇ ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਇਸ ਨਾਲ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਲੋਕਾਂ ਦੇ ਹੋਰ ਘਰੇਲੂ ਸਮਾਨ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। 

ਹਲਾਂਕਿ ਮੁਕੰਮਲ ਨੁਕਸਾਨ ਦਾ ਪੂਰਨ ਅੰਕੜਾ ਅਗਲੇ ਦਿਨਾਂ ਵਿੱਚ ਸਾਫ ਹੋਵੇਗਾ ਪਰ ਇਹ ਗੱਲ ਪੱਕੀ ਹੈ ਕਿ ਜਲ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਹੁਣ ਹੜ੍ਹਾਂ ਨਾਲ ਹੋਏ ਇਸ ਤਾਜ਼ੇ ਨੁਕਸਾਨ ਤੋਂ ਬਾਅਦ ਆਪਣੇ ਦਰਿਆਈ ਪਾਣੀਆਂ 'ਤੇ ਹੱਕ ਲੈਣ ਦੀ ਮੁਹਿੰਮ ਹੋਰ ਤੇਜ਼ ਹੋ ਸਕਦੀ ਹੈ ਕਿਉਂਕਿ ਲੋਕ ਰਾਇ ਵਿੱਚ ਇਹ ਗੱਲ ਪੱਕੀ ਹੋ ਰਹੀ ਹੈ ਕਿ ਜੇ ਪੰਜਾਬ ਦੇ ਦਰਿਆਵਾਂ ਵਿੱਚ ਆਏ ਹੜ੍ਹਾਂ ਦਾ ਨੁਕਸਾਨ ਪੰਜਾਬ ਨੇ ਝੱਲਣਾ ਹੈ ਤਾਂ ਸ਼ਾਂਤ ਬਹਿੰਦੇ ਦਰਿਆਵਾਂ ਦੇ ਪਾਣੀ ਦਾ ਇੱਕ ਮਾਤਰ ਹੱਕ ਵੀ ਪੰਜਾਬ ਦਾ ਹੈ ਜੋ ਕਿ ਧੱਕੇ ਨਾਲ ਲੁੱਟ ਕੇ ਹਰਿਆਣੇ, ਰਾਜਸਥਾਨ ਅਤੇ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਲੋਕ ਹੜ੍ਹ ਪੀੜਤ ਪੰਜਾਬੀਆਂ ਲਈ ਸਹਾਰਾ ਬਣ ਕੇ ਪਹੁੰਚ ਰਹੇ ਹਨ ਉੱਥੇ ਪ੍ਰਸ਼ਾਸਨ ਦਾ ਰੋਲ ਸਵਾਲੀਆ ਰਿਹਾ ਹੈ ਜਿਸ ਦੀ ਅਜਿਹੇ ਹਾਲਾਤਾਂ ਨਾਲ ਨਜਿੱਠਣ ਦੀ ਕੋਈ ਅਗਾਊ ਤਿਆਰੀ ਨਹੀਂ ਸੀ।