ਤੰਗ ਆਏ ਕਿਸਾਨਾਂ ਨੇ ਲੁਧਿਆਣੇ ਹਵਾਲੇ ਕੀਤੇ ਅਵਾਰਾ ਪਸ਼ੂ; ਬੁੱਚੜਖਾਨੇ ਖੋਲ੍ਹਣ ਦੀ ਕੀਤੀ ਮੰਗ

ਤੰਗ ਆਏ ਕਿਸਾਨਾਂ ਨੇ ਲੁਧਿਆਣੇ ਹਵਾਲੇ ਕੀਤੇ ਅਵਾਰਾ ਪਸ਼ੂ; ਬੁੱਚੜਖਾਨੇ ਖੋਲ੍ਹਣ ਦੀ ਕੀਤੀ ਮੰਗ

ਲੁਧਿਆਣਾ: ਅਵਾਰਾ ਪਸ਼ੂਆਂ ਤੋਂ ਤੰਗ ਆਏ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਵੱਖ-ਵੱਖ ਪਿੰਡਾਂ ਤੋਂ 100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਲਈ ਨਿਕਲੇ। ਰਸਤੇ ਵਿਚ ਕੁਹਾੜਾ ਚੌਕ ਅਤੇ ਚੰਡੀਗੜ੍ਹ ਰੋਡ ਸਮਰਾਲਾ ਚੌਕ ਨੇੜੇ ਕਿਸਾਨ ਆਗੂਆਂ ਨੂੰ ਪੁਲੀਸ ਨੇ ਰੋਕ ਲਿਆ, ਜਿੱਥੇ ਪੁਲੀਸ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ। ਪੁਲੀਸ ਨੇ ਕਿਸਾਨਾਂ ਨੂੰ ਸਮਰਾਲਾ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ। ਮੌਕੇ ’ਤੇ ਪੁੱਜੇ ਐੱਸਡੀਐੱਮ ਦੇ ਭਰੋਸੇ ’ਤੇ ਕਿਸਾਨ ਆਗੂ ਉਥੇ ਹੀ ਖੜ੍ਹੇ ਰਹੇ। ਇਸ ਦੌਰਾਨ ਕਿਸਾਨਾਂ ਨੇ ਟਰਾਲੀਆਂ ਦੇ ਡਾਲੇ ਖੋਲ੍ਹ ਦਿੱਤੇ ਅਤੇ ਲਾਵਾਰਸ ਪਸ਼ੂ ਚੰਡੀਗੜ੍ਹ ਰੋਡ ਤੋਂ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਵੜ ਗਏ। ਇਸ ਦਾ ਸ਼ਹਿਰੀ ਲੋਕਾਂ ਨੇ ਵੀ ਵਿਰੋਧ ਕੀਤਾ। 

ਦੇਰ ਸ਼ਾਮ ਤੱਕ ਗਊਸ਼ਾਲਾ ਦੀਆਂ ਕੁਝ ਗੱਡੀਆਂ ਲਾਵਾਰਸ ਪਸ਼ੂਆਂ ਨੂੰ ਭਰ ਲੈ ਗਈਆਂ ਸਨ ਪਰ ਵੱਡੀ ਗਿਣਤੀ ਪਸ਼ੂ ਰਿਹਾਇਸ਼ੀ ਕਲੋਨੀ ਸੈਕਟਰ 32 ਤੇ 39 ਦੇ ਇਲਾਕਿਆਂ ਵਿਚ ਘੁੰਮਦੇ ਰਹੇ। ਯੂਨੀਅਨ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ’ਤੇ ਸਰਕਾਰ ਗੰਭੀਰ ਨਹੀਂ ਹੈ। ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹ ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਵਾਰਸ ਪਸ਼ੂ ਦੇਣ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ-ਤਿੰਨ ਮਹੀਨਿਆਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। 

ਸਰਕਾਰ ਕਿਸਾਨਾਂ ਨੂੰ ਦਵੇ ਗਊ ਸੈੱਸ
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਂ ’ਤੇ ਹਰ ਸਾਲ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਪਰ ਲਾਵਾਰਸ ਪਸ਼ੂ ਫਿਰ ਵੀ ਸੜਕਾਂ ’ਤੇ ਘੁੰਮ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਵਿੱਚ ਗਊ ਸੈੱਸ ਦੇ ਨਾਂ ’ਤੇ ਇਕੱਠਾ ਕੀਤਾ ਜਾਣ ਵਾਲਾ ਫੰਡ ਯੂਨੀਅਨ ਨੂੰ ਦੇਵੇ ਅਤੇ ਯੂਨੀਅਨ ਆਪਣੇ ਪੱਧਰ ’ਤੇ ਲਾਵਾਰਸ ਪਸ਼ੂਆਂ ਨੂੰ ਰੱਖਣ ਦਾ ਇੰਤਜ਼ਾਮ ਕਰ ਲਵੇਗੀ। 

ਪੰਜਾਬ ਵਿਚ ਬੁੱਚੜਖਾਨੇ ਖੋਲ੍ਹਣ ਦੀ ਮੰਗ
ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਤੇ ਯੂਪੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਬੁੱਚੜਖਾਨੇ ਬਣਾਏ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨ ਨੂੰ ਆਰਥਿਕ ਪੱਖੋਂ ਵੀ ਕੁੱਝ ਸਾਹ ਮਿਲੇਗਾ ਤੇ ਕਿਸਾਨਾਂ ਦੀ ਫਸਲ ਦਾ ਉਜਾੜਾ ਵੀ ਖਤਮ ਹੋ ਜਾਵੇਗਾ।