ਖੇਤ ਵਿੱਚ ਵਾਹੀ ਪਰਾਲੀ ਤੋਂ ਕਣਕ ਨੂੰ ਸੁੰਡੀ ਪੈਣ ਲੱਗੀ

ਖੇਤ ਵਿੱਚ ਵਾਹੀ ਪਰਾਲੀ ਤੋਂ ਕਣਕ ਨੂੰ ਸੁੰਡੀ ਪੈਣ ਲੱਗੀ

ਚੰਡੀਗੜ੍ਹ: ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਤੋਂ ਖਬਰਾਂ ਆ ਰਹੀਆਂ ਹਨ ਕਿ ਸਰਕਾਰ ਵੱਲੋਂ ਪਰਾਲੀ ਨਾ ਸਾੜਕ ਦੀ ਚਲਾਈ ਗਈ ਮੁਹਿੰਮ ਤਹਿਤ ਕਿਸਾਨਾਂ ਵੱਲੋਂ ਖੇਤਾਂ ਵਿੱਚ ਵਾਹੀ ਗਈ ਪਰਾਲੀ ਨੂੰ ਸੁੰਡੀ ਪੈ ਗਈ ਹੈ ਜੋ ਕਣਕ ਦੀ ਫਸਲ ਨੂੰ ਖਾ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਧੂੰਏਂ 'ਤੇ ਰੌਲਾ ਪਾਉਣ ਵਾਲੇ ਲੋਕ ਹੁਣ ਇਸ ਮਸਲੇ 'ਤੇ ਕੀ ਉਹਨਾਂ ਨਾਲ ਖੜਨਗੇ।

ਪਿੰਡ ਚੀਮਾ ਵਿਚ ਇੱਕ ਕਿਸਾਨ ਦੀ ਠੇਕੇ ’ਤੇ ਲਈ 50 ਏਕੜ ਤੋਂ ਵੱਧ ਫ਼ਸਲ ’ਤੇ ਸੁੰਡੀ ਨੇ ਮਾਰ ਕੀਤੀ ਹੈ। ਸਰਕਾਰ ਵਲੋਂ ਇਨ੍ਹਾਂ ਕਿਸਾਨਾਂ ਨੂੰ ਨਾ ਤਾਂ ਪਰਾਲੀ ਦੀ ਸੰਭਾਲ ਲਈ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੁਣ ਕੋਈ ਸਾਰ ਲਈ ਜਾ ਰਹੀ ਹੈ। ਪੀੜਤ ਕਿਸਾਨ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਵਲੋਂ 126 ਕਿੱਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਸਰਕਾਰੀ ਹਦਾਇਤਾਂ ਤਹਿਤ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕੀਤੀ ਗਈ ਸੀ ਪਰ ਹੁਣ 50 ਏਕੜ ਤੋਂ ਵੱਧ ਫ਼ਸਲ ’ਤੇ ਸੁੰਡੀ ਦਾ ਹਮਲਾ ਹੋਇਆ ਹੈ। ਇਸ ਸੁੰਡੀ ਕਾਰਨ ਫ਼ਸਲ ਜਿੱਥੇ ਵਿਰਲੀ ਹੋ ਰਹੀ ਹੈ, ਉਥੇ ਹਰੀ ਹੋਈ ਕਣਕ ਦੀ ਫ਼ਸਲ ਦਾ ਵਿਕਾਸ ਰੁਕ ਗਿਆ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਸਿਫ਼ਾਰਸ਼ ਕੀਤੀਆਂ ਸਪੇਰਆਂ ਵੀ ਕੀਤੀਆਂ ਜਾ ਚੁੱਕੀਆਂ ਹਨ, ਪਰ ਸੁੰਡੀ ਦਾ ਕੋਈ ਹੱਲ ਨਹੀਂ ਹੋ ਰਿਹਾ ਬਲਕਿ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਪਰਾਲੀ ਵਿੱਚ ਕਣਕ ਬੀਜਣ ਲਈ ਮਹਿੰਗੇ ਸੰਦ ਲਏ। ਇਸ ਤੋਂ ਬਾਅਦ ਕਣਕ ਦਾ ਬੀਜ, ਰੇਅ, ਸਪਰੇਅ ਆਦਿ ਦੇ ਖ਼ਰਚਿਆਂ ਤੋਂ ਇਲਾਵਾ ਕਰੀਬ 60 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਜ਼ਮੀਨ ਲਈ ਹੋਈ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਫ਼ਸਲ ਤੋਂ ਠੇਕਾ ਵਾਪਸ ਮੁੜਨ ਦੀ ਆਸ ਵੀ ਦਿਖ਼ਾਈ ਨਹੀਂ ਦੇ ਰਹੀ। ਉਨ੍ਹਾਂ ਨੂੰ ਫ਼ਸਲ ਵਾਹੁਣ ਤੋਂ ਬਿਨਾਂ ਕੋਈ ਹੋਰ ਹੱਲ ਦਿਖ਼ਾਈ ਨਹੀਂ ਦੇ ਰਿਹਾ। 

ਕਿਸਾਨ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਕਰੀਬ 30 ਏਕੜ ਵਿਚ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਬੀਜੀ ਹੈ ਪਰ ਇਸ ਵਾਰ ਸੁੰਡੀ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। 

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਬਰਾੜ ਦੀ ਕਰੀਬ 35 ਕਿੱਲੇ ਕਣਕ ਨੂੰ ਸੁੰਡੀ ਪੈ ਗਈ ਹੈ ਹਾਲਾਂਕਿ ਕਿਸਾਨ ਨੇ ਸਰਕਾਰ ਵੱਲੋਂ ਪ੍ਰਚਾਰੇ ਸੰਦਾਂ, ਬੇਲਰ ਆਦਿ ਦੀ ਵਰਤੋਂ ਕਰਕੇ ਝੋਨੇ ਦੀ ਵਢਾਈ ਅਤੇ ਕਣਕ ਦੀ ਬਿਜਾਈ ਕੀਤੀ ਸੀ। ਉਸ ਨੇ ਅਗੇਤੀ ਕਣਕ 3 ਤੋਂ 12 ਨਵੰਬਰ ਤੱਕ ਬੀਜੀ ਸੀ ਪਰ ਹੁਣ ਕਣਕ ਦਾ ਫੁਟਾਰਾ ਹੋਣ ਤੋਂ ਬਾਅਦ ਜਦੋਂ ਖੇਤ ਵਿੱਚ ਦੌਗੀਆਂ ਬਣ ਗਈਆਂ ਤਾਂ ਪਤਾ ਲੱਗਿਆ ਕਿ ਕਰੀਬ ਇਕ ਹਜ਼ਾਰ ਰੁਪਏ ਕਿੱਲੇ ਦਾ ਖਰਚਾ ਕਰਕੇ ਬੇਲਰ ਨਾਲ ਵੱਢੀ ਅਤੇ ਤਿੰਨ ਹਜ਼ਾਰ ਰੁਪਏ ਕਿੱਲੇ ਦਾ ਖਰਚਾ ਕਰਕੇ ਵਹਾਈ ਝੋਨੇ ਦੀ ਪਰਾਲੀ ਨੂੰ ਸੁੰਡੀ ਪੈ ਗਈ ਹੈ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਕਾਇਦਾ ਖੇਤੀ ਵਿਭਾਗ ਪਾਸੋਂ ਗਰੁੱਪ ਰਜਿਸਟਰ ਕਰਕੇ ਮਸ਼ੀਨਰੀ ਪ੍ਰਾਪਤ ਕੀਤੀ ਹੈ। ਸਾਰੀ ਵਾਢੀ ਤੇ ਬਿਜਾਈ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੀਤੀ ਹੈ ਪਰ ਹੁਣ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਸੁੰਡੀ ਮਾਰਨ ਲਈ ਮਹਿੰਗੀ ਸਪਰੇਅ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਕਣਕ ਦੇ ਝਾੜ ਦਾ ਨੁਕਸਾਨ ਵੱਖਰਾ ਸਹਿਣਾ ਹੋਵੇਗਾ। ਕਿਸਾਨ ਗੁਰਪ੍ਰੀਤ ਸਿੰਘ ਨੇ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।