ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਵਿਚ ਕਿਸਾਨਾਂ ਦਾ ਹੱਥ ਭਾਰੂ ਹੋਇਆ

ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਵਿਚ ਕਿਸਾਨਾਂ ਦਾ ਹੱਥ ਭਾਰੂ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਨੂੰ ਘੇਰਾ ਪਾ ਕੇ ਬੈਠੇ ਕਿਸਾਨਾਂ ਦਾ ਸੰਘਰਸ਼ ਇਕ ਇਨਕਲਾਬ ਦਾ ਰੂਪ ਧਾਰ ਗਿਆ ਹੈ। ਪੰਜਾਬ ਦੇ ਨੌਜਵਾਨਾਂ ਦੀ ਤਾਕਤ ਨੂੰ ਕੁੱਲ ਦੁਨੀਆ ਨੇ ਦੇਖਿਆ ਤੇ ਦੁਨੀਆ ਪੰਜਾਬੀ ਸਿੱਖ ਨੌਜਵਾਨਾਂ ਦੀ ਦਲੇਰੀ 'ਤੇ ਅਸ਼-ਅਸ਼ ਕਰ ਉੱਠੀ। ਨੌਜਵਾਨਾਂ ਦੀ ਹਿੰਮਤ ਅਤੇ ਸੂਝ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੱਡੀ ਤਾਕਤ ਦੇ ਦਿੱਤੀ ਹੈ ਅਤੇ ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਹੱਥ ਸਰਕਾਰ ਨਾਲ ਗੱਲਬਾਤ ਵਿਚ ਭਾਰੂ ਹੈ। 

ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਅਤੇ ਭਾਰਤ ਸਰਕਾਰ ਦਰਮਿਆਨ ਪੰਜਵੇਂ ਗੇੜ ਦੀ ਗੱਲਬਾਤ ਭਾਵੇਂ ਫੇਰ ਬੇਸਿੱਟਾ ਰਹੀ ਪਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਦੋ ਟੁੱਕ ਗੱਲ ਕਹੀ ਕਿ ਉਹ ਦੱਸਣ ਕਾਨੂੰਨ ਰੱਦ ਕਰਨੇ ਹਨ ਜਾਂ ਨਹੀਂ। 27 ਤਰੀਕ ਤੋਂ ਦਿੱਲੀ ਪਹੁੰਚੇ ਕਿਸਾਨਾਂ ਨੂੰ ਭਾਵੇਂ ਪੰਜਾਬੋਂ ਨਿਕਲਿਆਂ 10 ਦਿਨ ਹੋ ਗਏ ਹਨ ਪਰ ਦਿੱਲੀ ਦੀਆਂ ਹੱਦਾਂ 'ਤੇ ਲੱਗੇ ਕਿਸਾਨ ਧਰਨਿਆਂ ਵਿਚ ਇਕੱਠ ਵੱਧਦਾ ਹੀ ਜਾ ਰਿਹਾ ਹੈ। ਕਿਸਾਨ ਧਰਨਿਆਂ ਵਿਚ ਲੰਗਰਾਂ ਦਾ ਹੜ੍ਹ ਆਇਆ ਹੋਇਆ ਹੈ। ਸਿੰਘੂ ਬਾਰਡਰ 'ਤੇ ਹਾਈਵੇ ਦੇ ਨਾਲ ਪੈਂਦੀਆਂ ਮਜ਼ਦੂਰਾਂ ਦੀਆਂ ਬਸਤੀਆਂ ਦੇ ਹਜ਼ਾਰਾਂ ਮਜ਼ਦੂਰ ਵੀ ਨਿੱਤ ਕਿਸਾਨ ਧਰਨਿਆਂ ਵਿਚ ਤਿੰਨ ਸਮੇਂ ਦਾ ਲੰਗਰ ਛਕ ਰਹੇ ਹਨ। 

ਸਰਕਾਰ ਨਾਲ ਪੰਜਵੇਂ ਗੇੜ ਦੀ ਗੱਲਬਾਤ ਅੱਜ ਫਿਰ ਸਿਰੇ ਨਹੀਂ ਚੜ੍ਹ ਸਕੀ। ਬੈਠਕ ਦੌਰਾਨ ਕਈ ਉਤਰਾਅ ਚੜ੍ਹਾਅ ਵਾਲੇ ਪਲ ਵੀ ਆਏ ਅਤੇ ਗੱਲ ਬਾਈਕਾਟ ਤੱਕ ਵੀ ਪੁੱਜ ਗਈ ਸੀ। ਇਥੋਂ ਦੇ ਵਿਗਿਆਨ ਭਵਨ ’ਚ ਗੱਲਬਾਤ ਲਈ ਗਏ ਕਿਸਾਨਾਂ ਨੇ ਮੌਨ ਧਾਰ ਕੇ ਸਰਕਾਰ ਨੂੰ ‘ਹਾਂ ਜਾਂ ਨਾਂਹ’ ’ਚ ਜਵਾਬ ਦੇਣ ਲਈ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਲੈ ਰਹੇ ਹਨ ਜਾਂ ਨਹੀਂ। ਕਿਸਾਨਾਂ ਨੇ ਸਰਕਾਰ ਵੱਲੋਂ ਕਾਨੂੰਨਾਂ ’ਚ ਤਰਮੀਮਾਂ ਕਰਨ ਦੇ ਸੁਝਾਅ ਨੂੰ ਸਿਰੇ ਤੋਂ ਨਕਾਰ ਦਿੱਤਾ। ਕੁਝ ਕਿਸਾਨਾਂ ਨੇ ਆਪਣੇ ਮੂੰਹ ’ਤੇ ਉਂਗਲਾਂ ਰੱਖੀਆਂ ਹੋਈਆਂ ਸਨ ਅਤੇ ਹੱਥ ’ਚ ਕਾਗਜ਼ ਫੜਿਆ ਹੋਇਆ ਸੀ ਜਿਸ ’ਤੇ ‘ਹਾਂ ਜਾਂ ਨਾਂਹ’ ਲਿਖਿਆ ਹੋਇਆ ਸੀ।

ਸਰਕਾਰ ਨੇ 9 ਦਸੰਬਰ ਨੂੰ ਅਗਲੀ ਬੈਠਕ ਦੀ ਤਜਵੀਜ਼ ਰੱਖੀ ਹੈ ਅਤੇ ਅੱਗੇ ਵਿਚਾਰ ਵਟਾਂਦਰੇ ਮਗਰੋਂ ਪੁਖ਼ਤਾ ਪ੍ਰਸਤਾਵ ਪੇਸ਼ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਸਮਾਂ ਮੰਗਿਆ ਹੈ। ਉਂਜ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਕਾਇਮ ਹੈ ਅਤੇ ਇਹ ਸ਼ਾਂਤਮਈ ਹੋਵੇਗਾ। ਕਿਸਾਨ ਜਥੇਬੰਦੀਆਂ ਰਣਨੀਤੀ ਬਣਾਉਣ ਲਈ ਭਲਕੇ ਬੈਠਕ ਕਰਨਗੀਆਂ। ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੀਟਿੰਗ ਦੌਰਾਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਹਾਜ਼ਰ ਸਨ। ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਿੱਧੇ ਤੌਰ ’ਤੇ ਕੋਈ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਮੌਨ ਵਰਤ ਧਾਰਨ ਕਰ ਲਿਆ। ਬੈਠਕ ਮਗਰੋਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕੇਂਦਰੀ ਮੰਤਰੀਆਂ ਵੱਲੋਂ ਮੁੜ ਪਹਿਲਾਂ ਵਾਲੇ ਮੁੱਦੇ ਉਠਾਏ ਜਾਣ ’ਤੇ ਬਲਬੀਰ ਸਿੰਘ ਰਾਜੇਵਾਲ ਤੇ ਹੋਰਾਂ ਨੇ ਭਾਵੁਕਤਾ ਨਾਲ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਕੀ ਅੰਦੋਲਨਕਾਰੀਆਂ ’ਤੇ ਲਾਠੀਚਾਰਜ ਅਤੇ ਹੋਰ ਜਬਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ,‘‘ਜਦੋਂ ਮੰਤਰੀ ਸਾਡੇ ਅਸਲ ਮੁੱਦੇ ’ਤੇ ਨਹੀਂ ਆਏ ਤਾਂ ਅਸੀਂ ਕੁਰਸੀਆਂ ਪਿੱਛੇ ਕਰਦਿਆਂ ਮੌਨ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਜੋ ਕਰੀਬ ਅੱਧਾ ਘੰਟਾ ਜਾਰੀ ਰਿਹਾ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ‘ਹਾਂ ਜਾਂ ਨਾਂਹ’ ਕਾਗਜ਼ਾਂ ਉਪਰ ਲਿਖਣ ਦਾ ਮਕਸਦ ਇਹ ਸੀ ਕਿ ਜੇਕਰ ਹਾਂ ਨਹੀਂ ਹੈ ਤਾਂ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਬੈਠਕ ਵਿੱਚੋਂ ਬਾਹਰ ਆਉਂਦੇ-ਜਾਂਦੇ ਰਹੇ। ਬੈਠਕ ਦੌਰਾਨ ਕਈ ਵਾਰ ਤਣਾਅ ਭਰੇ ਪਲ ਵੀ ਆਏ। ਕਿਸਾਨ ਆਗੂਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਵੱਲ ਵੀ ਧਿਆਨ ਦਿਵਾਇਆ।