ਦੀਪ ਸਿੱਧੂ ਦੀ ਗੱਲ ਮੰਨਣ ਨਾਲ ਕਿਸਾਨ ਜਥੇਬੰਦੀਆਂ ਦੀ ਤਰੀਫ ਹੋ ਰਹੀ ਹੈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਅਤੇ ਕਿਸਾਨਾਂ ਦਰਮਿਆਨ ਚੱਲ ਰਹੀ ਗੱਲਬਾਤ ਵਿਚ ਕਿਸਾਨਾਂ ਵੱਲੋਂ ਬੈਠਦੇ ਆਗੂਆਂ ਨੇ ਬੀਤੇ ਕੱਲ੍ਹ ਦੀ ਬੈਠਕ ਵਿਚ ਵੀ ਸਰਕਾਰ ਦਾ ਭੋਜਨ ਖਾਣ ਤੋਂ ਨਾਹ ਕਰ ਦਿੱਤੀ। ਕਿਸਾਨ ਆਗੂਆਂ ਦੇ ਇਸ ਵਿਹਾਰ ਦੀਆਂ ਪੂਰੀ ਦੁਨੀਆ ਵਿਚ ਸਿਫਤਾਂ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨਾਲ ਪਹਿਲੀ ਬੈਠਕ ਵਿਚ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਦਿੱਤਾ ਭੋਜਨ ਖਾ ਲਿਆ ਸੀ ਤੇ ਸਰਕਾਰ ਦੀ ਚਾਹ ਪੀਤੀ ਸੀ। ਇਸ ਵਿਹਾਰ ਦਾ ਬੜਾ ਮਜ਼ਾਕ ਵੀ ਉੱਡਿਆ ਸੀ। ਕਿਸਾਨ ਹੱਕਾਂ ਲਈ ਸ਼ੰਭੂ ਵਿਖੇ ਮੋਰਚਾ ਲਾਉਣ ਵਾਲੇ ਅਦਾਕਾਰ ਦੀਪ ਸਿੱਧੂ ਨੇ ਇਸ ਵਿਹਾਰ 'ਤੇ ਸਵਾਲ ਚੁੱਕਦਿਆਂ ਕਿਸਾਨ ਆਗੂਆਂ ਨੂੰ ਨਸੀਹਤ ਦਿੱਤੀ ਸੀ ਕਿ ਉਹ ਸਰਕਾਰ ਦਾ ਭੋਜਨ ਨਾ ਖਾਣ ਅਤੇ ਆਪਣਾ ਲੰਗਰ ਲੈ ਕੇ ਬੈਠਕ ਵਿਚ ਜਾਣ। ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਇਸ ਸਲਾਹ 'ਤੇ ਰੋਸ ਪ੍ਰਗਟਾਇਆ ਸੀ ਪਰ ਦੀਪ ਸਿੱਧੂ ਦੀ ਗੱਲ ਮੰਨਣੀ ਕਿਸਾਨ ਜਥੇਬੰਦੀਆਂ ਨੂੰ ਰਾਸ ਆਈ।
ਸਰਕਾਰ ਨਾਲ ਅੱਜ ਵਾਰਤਾ ਦੇ ਪੰਜਵੇਂ ਗੇੜ ਦੇ ਪਹਿਲੇ ਦੋ ਘੰਟਿਆਂ ਦੌਰਾਨ ਹੀ ਕਿਸਾਨਾਂ ਨੇ ਆਪਣੀ ਨਾਰਾਜ਼ਗੀ ਦਾ ਸਪੱਸ਼ਟ ਸੰਕੇਤ ਦੇ ਦਿੱਤਾ ਸੀ। ਉਨ੍ਹਾਂ ਇਕ ਵਾਰ ਫਿਰ ਸਰਕਾਰੀ ਭੋਜਨ ਦੇ ਸੱਦੇ ਨੂੰ ਠੁਕਰਾ ਕੇ ਆਪਣੇ ਨਾਲ ਲਿਆਂਦਾ ‘ਲੰਗਰ’ ਹੀ ਛਕਿਆ। ਜਿਵੇਂ ਹੀ ਸ਼ਾਮ ਦੇ ਚਾਰ ਵਜੇ ਵਾਰਤਾ ਰੁਕੀ ਤਾਂ ਉਹ ਆਪਣੇ ਹਮਾਇਤੀਆਂ ਵੱਲੋਂ ਲਿਆਂਦਾ ਗਿਆ ਲੰਗਰ ਛਕਿਆ। ਇਸ ਨਾਲ ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਹ ਸਰਕਾਰ ਦਾ ਅੰਨ-ਪਾਣੀ ਨਹੀਂ ਛਕਣਗੇ।
Comments (0)