ਸਿੱਖ ਕਿਸਾਨਾਂ 'ਤੇ ਕਾਬਜ਼ ਸਿੱਖੀ ਪ੍ਰਤੀ ਨਫਰਤ ਨਾਲ ਭਰੇ ਖੱਬੇਪੱਖੀ ਆਗੂ ਕੀ ਲਹਿਰ ਨੂੰ ਕਿਸੇ ਕੰਢੇ ਪਹੁੰਚਾ ਸਕਣਗੇ?

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਕਿਸੇ ਸਮੇਂ ਖੱਬੇਪੱਖੀ ਵਿਚਾਰਧਾਰਾ ਨਾਲ ਸਬੰਧਤ ਨਕਸਲੀ ਲਹਿਰ ਨੇ ਤਕੜਾ ਜ਼ੋਰ ਫੜ੍ਹਿਆ ਸੀ, ਪਰ ਇਸ ਲਹਿਰ ਦੇ ਆਗੂ ਕਾਮਰੇਡੀ ਪ੍ਰਭਾਵ ਵਿਚ ਇਸ ਕਦਰ ਅੰਨ੍ਹੇ ਹੋਏ ਕਿ ਉਹਨਾਂ ਇਸ ਖਿੱਤੇ 'ਤੇ ਪ੍ਰਗਟ ਹੋਏ ਸਿੱਖੀ ਦੇ ਇਨਕਲਾਬੀ ਵਿਚਾਰ ਨੂੰ ਵਿਚਾਰਕ ਸੰਕੀਰਣਤਾ ਅਧੀਨ ਭੰਡਣਾ ਸ਼ੁਰੂ ਕਰ ਦਿੱਤਾ। ਇਸ ਦਾ ਸਿੱਟਾ ਇਹ ਨਿੱਕਲਿਆ ਕਿ ਇਹ ਲਹਿਰ ਪੰਜਾਬ ਵਿਚ ਵੱਡੇ ਪੱਧਰ 'ਤੇ ਪਸਰ ਕਰਨ ਦੇ ਬਾਵਜੂਦ ਕੋਈ ਅਹਿਮ ਸਿਆਸੀ ਤਬਦੀਲੀ ਨਾ ਲਿਆ ਸਕੀ। ਇਸ ਲਹਿਰ ਨਾਲ ਜੁੜੇ ਵੱਡੀ ਗਿਣਤੀ ਲੋਕ ਭਾਰਤ ਦੀ ਬਿਪਰਵਾਦੀ ਹਕੂਮਤ ਦੇ ਸਿਆਸੀ, ਸਮਾਜਿਕ ਪ੍ਰਬੰਧ ਦਾ ਹਿੱਸਾ ਹੀ ਬਣਦੇ ਗਏ। ਇਸ ਤੋਂ ਵੀ ਅਗਾਂਹ ਜਾ ਕੇ ਇਸ ਲਹਿਰ ਦੇ ਵੱਡੇ ਹਿੱਸੇ ਨੇ 1980ਵਿਆਂ ਵਿਚ ਜਾਗੀ ਸਿੱਖ ਚੇਤਨਾ ਨੂੰ ਖਤਮ ਕਰਨ ਲਈ ਸਾਹਿਤਕ ਪੱਧਰ ਤੋਂ ਲੈ ਕੇ ਸਿਆਸੀ ਟਾਊਟਗਿਰੀ ਵਰਗੀਆਂ ਘਟੀਆ ਹਰਕਤਾਂ ਕੀਤੀਆਂ। 

ਪੰਜਾਬ ਦੀ ਕਾਮਰੇਡੀ ਲਹਿਰ ਦੀ ਰਹਿੰਦ-ਖੂਹੰਦ ਅੱਜ ਕਲ੍ਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 'ਤੇ ਕਾਬਜ਼ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇਹਨਾਂ ਦੀ ਅਗਵਾਈ ਵਿਚ ਪੰਜਾਬ ਦੀ ਸਿੱਖ ਕਿਸਾਨੀ ਹਰ ਮੁਹਾਜ਼ 'ਤੇ ਫੇਲ੍ਹ ਹੋ ਰਹੀ ਹੈ। ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਜਿੱਥੇ ਲੱਕ ਤੋੜ ਚੁੱਕੀ ਹੈ, ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਜਦੋਂ ਭਾਰਤ ਦੀ ਕੇਂਦਰੀ ਹਕੂਮਤ ਨੇ ਪੰਜਾਬ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਵਾਲੇ ਨਵੇਂ ਬਿੱਲ ਪਾਸ ਕਰ ਦਿੱਤੇ ਹਨ ਤਾਂ ਵੀ ਇਹਨਾਂ ਆਗੂਆਂ ਦੀ ਅਗਵਾਈ ਵਿਚ ਪੰਜਾਬ ਦਾ ਕਿਸਾਨ ਸੰਘਰਸ਼ ਸੜਕਾਂ 'ਤੇ ਹੋਣ ਦੇ ਬਾਵਜੂਦ ਦਿੱਲੀ ਦੀ ਹਕੂਮਤ ਨੂੰ ਕੋਈ ਵੱਡੀ ਵੰਗਾਰ ਨਹੀਂ ਦੇ ਪਾ ਰਿਹਾ। 

ਪੰਜਾਬ ਦੀ ਕਿਸਾਨੀ ਜੋ ਮੂਲ ਸਰੂਪ ਵਿਚ ਸਿੱਖੀ ਨਾਲ ਜੁੜੀ ਹੋਈ ਹੈ ਪਰ ਇਹਨਾਂ ਜਥੇਬੰਦੀਆਂ ਦੇ ਆਗੂ ਸਿੱਖੀ ਪ੍ਰਤੀ ਅੰਦਰੋ-ਅੰਦਰੀ ਵੱਡੀ ਨਫਰਤ ਪਾਲੀ ਬੈਠੇ ਹਨ। ਇਸ ਦੀ ਪ੍ਰਤੱਖ ਮਿਸਾਲ ਕਿਸਾਨਾਂ ਦੇ ਮੋਰਚੇ ਤੋਂ ਮਿਲੀ। ਇਕ ਥਾਂ ਲੱਗੇ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਖੱਬੇਪੱਖੀ) ਦਾ ਆਗੂ ਜੋਗਿੰਦਰ ਉਗਰਾਹਾਂ ਉਸ ਸਮੇਂ ਖਿੱਝ ਗਿਆ ਜਦੋਂ ਉਸ ਦੇ ਭਾਸ਼ਣ ਦਰਮਿਆਨ ਇਕੱਠ ਵਿਚੋਂ ਕਿਸਾਨਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਗੁੰਜਾ ਦਿੱਤਾ। ਇਸ 'ਤੇ ਖਿੱਝੇ ਉਗਰਾਹਾਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇਹ ਗੁਰਦੁਆਰਾ ਨਹੀਂ ਹੈ, ਜੈਕਾਰੇ ਗੁਰਦੁਆਰੇ ਬੁਲਾਇਆ ਕਰੋ, ਐਥੇ ਨਹੀਂ। 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਭਾਰਤੀ ਬਿੱਲਾਂ ਖਿਲਾਫ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦਿੱਤਾ ਹੈ। ਭਾਰਤ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਇਹ ਨਵੇਂ ਕਾਨੂੰਨ ਕਿਸਾਨ ਵਿਰੋਧੀ ਹੋਣ ਦੇ ਨਾਲ-ਨਾਲ ਸਿੱਖ ਸਮਾਜ ਦੀ ਨਵੀਂ ਨਸਲਕੁਸ਼ੀ ਦਾ ਰਾਹ ਪੱਧਰਾ ਕਰ ਰਹੇ ਹਨ। ਹੁਣ ਜਦੋਂ ਪੰਜਾਬ ਦੀ ਸਮੁੱਚੀ ਸਿੱਖ ਕਿਸਾਨੀ ਭਾਰਤ ਸਰਕਾਰ ਦੇ ਇਹਨਾਂ ਕਾਨੂੰਨਾਂ ਖਿਲਾਫ ਸੜਕਾਂ 'ਤੇ ਆ ਉਤਰੀ ਹੈ ਤਾਂ ਲੋੜ ਹੈ ਕਿ ਸਿੱਖੀ ਪਰੰਪਰਾਵਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਕੋਈ ਚੰਗੀ, ਇਮਾਨਦਾਰ ਲੀਡਰਸ਼ਿਪ ਇਸ ਲਹਿਰ ਦੀ ਅਗਵਾਈ ਕਰੇ।