ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਜਲਾਵਤਨ ਸਿੱਖ ਯੋਧੇ' ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ

ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਜਲਾਵਤਨ ਸਿੱਖ ਯੋਧੇ' ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿੱਖ ਕੌਮ ਦੇ ਸੰਘਰਸ਼ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲੇ ਦਲ ਖ਼ਾਲਸਾ ਦੇ ਮੋਢੀ ਮੈਂਬਰ ਅਤੇ ਸਾਬਕਾ ਪ੍ਰਧਾਨ ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਜਲਾਵਤਨ ਸਿੱਖ ਯੋਧੇ' ਦੇ ਸਨਮਾਨ ਨਾਮ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਜਾਵੇਗਾ, ਜਿਸ ਦੀ ਤਰੀਕਾ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ।

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਜਿੰਦਰ ਸਿੰਘ ਸਮੇਤ 10 ਹੋਰ ਅਹਿਮ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਜਿਹਨਾਂ ਨੂੰ ਪੰਥਕ ਸੇਵਾਵਾਂ ਬਦਲੇ ਵੱਖ-ਵੱਖ ਸਨਮਾਨ ਦਿੱਤੇ ਜਾਣਗੇ। ਇਹਨਾਂ ਸਖਸ਼ੀਅਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਸਨਮਾਨ ਹਾਸਲ ਕਰਨ ਲਈ ਪੱਤਰ ਭੇਜੇ ਗਏ ਹਨ। 

ਭਾਈ ਗਜਿੰਦਰ ਸਿੰਘ ਅਜ਼ਾਦ ਸਿੱਖ ਰਾਜ 'ਖਾਲਿਸਤਾਨ' ਦੇ ਸੰਘਰਸ਼ ਦੇ ਇਕ ਸਿਰਕੱਢ ਆਗੂ ਹਨ ਜੋ ਦਲ ਖ਼ਾਲਸਾ ਜਥੇਬੰਦੀ ਦੇ ਚਾਰ ਸਿੰਘਾਂ ਸਮੇਤ 29 ਸੰਤਬਰ 1981 ਨੂੰ ਸਿੱਖਾਂ ਦੀਆਂ ਰਾਜਸੀ ਮੰਗਾਂ ਵਿਸ਼ਵ ਪੱਧਰ ਤਕ ਚੁੱਕਣ ਲਈ ਅਤੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੇਲ੍ਹ ਤੋਂ ਰਿਹਾਈ ਲਈ ਇੰਡੀਅਨ ਏਅਰ ਲਾਈਨਜ਼ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ।ਲਾਹੌਰ ਹਵਾਈ ਅੱਡੇ 'ਤੇ ਪਾਕਿਸਤਾਨ ਫੌਜ ਨੇ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 1986 ਵਿਚ ਲਾਹੌਰ ਅਦਾਲਤ ਵੱਲੋਂ ਇਹਨਾਂ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 

ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਕੀਤੀ ਇਸ ਕਾਰਵਾਈ ਨਾਲ ਸਿੱਖ ਸੰਘਰਸ਼ ਦੁਨੀਆ ਦੀ ਸਟੇਜ 'ਤੇ ਆ ਗਿਆ ਸੀ। 1994 ਵਿੱਚ ਰਿਹਾਅ ਹੋਣ ਮਗਰੋਂ ਭਾਈ ਗਜਿੰਦਰ ਸਿੰਘ ਜਲਾਵਤਨੀ ਕੱਟਦਿਆਂ ਪਾਕਿਸਤਾਨ ਹੀ ਰਹਿ ਰਹੇ ਹਨ। ਭਾਰਤ ਸਰਕਾਰ ਨੇ ਉਹਨਾਂ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੋਇਆ ਹੈ ਜਿਸ ਦਾ ਸਿੱਖ ਜਥੇਬੰਦੀਆਂ ਲਗਾਤਾਰ ਵਿਰੋਧ ਕਰਦੀਆਂ ਆ ਰਹੀਆਂ ਹਨ। 

ਦਲ ਖ਼ਾਲਸਾ ਦੇ ਬੁਲਾਰੇ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ ਜਲਾਵਤਨੀ ਭੋਗ ਰਹੇ ਇਸ ਸਿੱਖ ਆਗੂ ਨੇ ਨਵੰਬਰ 2017 ਵਿਚ ਸੰਯੁਕਤ ਰਾਸ਼ਟਰ ਕੋਲੋਂ ਆਪਣੀ ਮਰਜ਼ੀ ਵਾਲੇ ਦੇਸ਼ ਵਿਚ ਰਹਿਣ ਦੀ ਮੰਗ ਕੀਤੀ ਸੀ। ਇਸ ਵਰ੍ਹੇ ਭਾਰਤ ਵਿਚ ਭਾਈ ਗਜਿੰਦਰ ਸਿੰਘ ਦੇ ਫੇਸਬੁੱਕ ਪੇਜ਼ ਨੂੰ ਦੋ ਵਾਰ ਬੰਦ ਕੀਤਾ ਜਾ ਚੁੱਕਾ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਜਿੰਦਰ ਸਿੰਘ ਦੀ ਇੰਗਲੈਂਡ ਵਾਸੀ ਧੀ ਬਿਕਰਮਜੀਤ ਕੌਰ ਅਤੇ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਪੱਤਰ ਭੇਜਿਆ ਗਿਆ ਹੈ, ਜਿਸ ਦੀ ਪੁਸ਼ਟੀ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਾਪਤ ਪੱਤਰ ਜਲਾਵਤਨ ਆਗੂ ਗਜਿੰਦਰ ਸਿੰਘ ਨੂੰ ਭੇਜ ਦਿੱਤਾ ਹੈ ਅਤੇ ਇਹ ਉਪਾਧੀ ਲੈਣ ਬਾਰੇ ਅੰਤਿਮ ਫ਼ੈਸਲਾ ਉਹੀ ਕਰਨਗੇ। 

ਸ੍ਰੀ ਅਕਾਲ ਤਖ਼ਤ ਵੱਲੋਂ ਸਨਮਾਨੀਆਂ ਜਾਣ ਵਾਲੀਆਂ 11 ਸ਼ਖ਼ਸੀਅਤਾਂ ਵਿੱਚ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ, ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਗਿਆਨੀ ਮੇਵਾ ਸਿੰਘ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ (ਸਾਰੇ ਅਕਾਲ ਚਲਾਣਾ ਕਰ ਚੁੱਕੇ ਹਨ), ਡਾ. ਗੁਰਨਾਮ ਸਿੰਘ ਸਾਬਕਾ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ’ਵਰਸਿਟੀ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ, ਡਾ. ਦਰਸ਼ਨ ਸਿੰਘ, ਗਿਆਨੀ ਗੁਰਬਚਨ ਸਿੰਘ ਮੁਕਤਸਰੀ ਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਨਾਂ ਸ਼ਾਮਲ ਹਨ।