ਅਠਖੇਲੀਆਂ ਕਰਦੀ ਰਾਜਨੀਤੀ ਦਾ ਮੈਦਾਨ ਬਣਿਆ ਪੰਜਾਬ

ਅਠਖੇਲੀਆਂ ਕਰਦੀ ਰਾਜਨੀਤੀ ਦਾ ਮੈਦਾਨ ਬਣਿਆ ਪੰਜਾਬ

ਗਗਨਦੀਪ ਸਿੰਘ, ਐਮ.ਏ. ਜੇਐਮਸੀ
(ਮੋ. 95923-98822)

ਪੰਜਾਬੀਆਂ ਨੂੰ ਸਿਆਸਤ ਚੱਬਣ ਚਿੱਥਣ ਦਾ ਬੜਾ ਸੁਆਦ ਆਉਂਦੈ। ਜਿਥੇ ਵੀ ਦੋ ਚਾਰ ਸਿਰ ਜੁੜਦੇ ਹਨ ਭਾਵੇਂ ਉਹ ਆਮ ਥਾਂ ਹੋਵੇ ਅਤੇ ਭਾਵੇਂ ਖਾਸ, ਜੇ ਹੋਰ ਕੁਝ ਨਹੀਂ ਤਾਂ ਭਾਵੇ ਦਫਤਰ ਹੀ ਹੋਵੇ ਜਾਂ ਫਿਰ ਘਰ ਦਾ ਡਰਾਇੰਗ ਰੂਮ, ਬਸ ਰਸਮੀ ਦੋ ਚਾਰ ਗੱਲਾਂ ਪਿੱਛੋਂ ਧਾਤ ਦੇ ਤਵਿਆਂ ਵਾਂਗ ਸੂਈ ਆਪਣੇ-ਆਪਣੇ ਰਿਕਾਰਡ 'ਤੇ ਅਟਕਦੀ ਹੈ। ਫਿਰ ਨਾ ਪੁੱਛੋਂ ਕੁਝ, ਬਸ ਜ਼ਮੀਨ-ਅਸਮਾਨ। ਉਂਝ ਤਾਂ ਕਹਿੰਦੇ ਹਨ ਕਦੀ ਮਿਲਣਾ ਨਹੀਂ ਪਰ ਇਹ ਕੁਝ ਗਪੌੜ ਸੰਖ ਪਲਾਂ ਘੜੀਆਂ 'ਚ ਜ਼ਮੀਨ ਅਸਮਾਨ ਇਕ ਕਰਕੇ ਸਮਝੋ ਹੱਥਾਂ 'ਤੇ ਸਰ੍ਹੋਂ ਜਮਾ ਦਿੰਦੇ ਹਨ। ਪੰਜਾਬ ਦੀ ਰਾਜਨੀਤੀ ਦਾ ਸੁਆਦ ਲੈਣ ਵਾਲੇ ਤਾਂ ਕਿਸੇ ਸੰਸਕਾਰ 'ਤੇ ਗਏ ਜਾਂ ਕਿਸੇ ਦੀ ਮੌਤ ਦਾ ਅਫਸੋਸ ਕਰਨ ਗਏ ਵੀ ਨਹੀਂ ਟਲਦੇ। ਕੋਈ ਅਕਾਲੀ ਦਲ ਦਾ ਉਪਾਸ਼ਕ ਹੁੰਦਾ ਹੈ ਤੇ ਕੋਈ ਕੱਟੜ ਕਾਂਗਰਸੀ ਅਤੇ ਹੁਣ ਤਾਂ ਆਮ ਆਦਮੀ ਪਾਰਟੀ ਤੇ ਹੁਣੇ-ਹੁਣੇ ਹੋਂਦ 'ਚ ਆਈ ਖਹਿਰਾ ਦੀ ਪਾਰਟੀ ਦੇ ਫੈਨ ਵੀ ਗੱਲਾਂ ਦਾ ਕੜਾਹ ਬਣਾਉਣੋਂ ਨਹੀਂ ਟਲਦੇ, ਜਦਕਿ ਖੁਦ ਨੂੰ ਪਾਰਟੀਆਂ ਦਾ ਕਰਤਾ-ਧਰਤਾ ਅਖਵਾਉਣ ਵਾਲੇ ਇਹ ਲੋਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਵੀ ਹੁੰਦੇ ਨੇ ਕਿ ਕਿਸੇ ਪਾਰਟੀ, ਕਿਸੇ ਲੀਡਰ ਦਾ ਭਰੋਸਾ ਕੋਈ ਨਹੀਂ ਕਿ ਕੱਲ੍ਹ ਨੂੰ ਉਹ ਕਿਸ ਪਾਰਟੀ 'ਚ ਜਾ ਬੈਠੇ, ਜਾਂ ਹੋ ਸਕਦਾ ਕੱਲ੍ਹ ਨੂੰ ਉਨ੍ਹਾਂ ਦਾ ਮਹਿਬੂਬ ਨੇਤਾ ਆਪਣੀ ਹੀ ਪਾਰਟੀ ਦੇ ਖਿਲਾਫ ਕੋਈ ਬਿਆਨ ਦੇ ਦੇਵੇ। ਇਹ ਗੱਲ ਪਿੱਛੇ ਜਿਹੇ ਕਾਂਗਰਸੀ ਵਿਧਾਇਕ ਜੀਰਾ ਨੇ ਅਤੇ ਪਿਛਲੀ ਸਰਕਾਰ ਵੇਲੇ ਨਵਜੋਤ ਕੌਰ ਸਿੱਧੂ ਨੇ ਸਾਬਿਤ ਕਰਕੇ ਵਿਖਾਈ ਹੈ। ਅਤੇ ਹੁਣ ਵੀ ਕਦੇ-ਕਦੇ ਕੈਪਟਨ ਸਾਹਿਬ ਦੀ ਵਜਾਰਤ 'ਚੋਂ ਵੀ ਅਜਿਹੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਕਿਤੇ ਬਾਜਵਾ ਜਾਂ ਸਿੱਧੂ ਕਿਸੇ ਸਟੇਜ 'ਤੇ ਕੈਪਟਨ ਸਾਹਿਬ ਬਾਰੇ ਜਾਂ ਪਾਰਟੀ ਦੀਆਂ ਨੀਤੀਆਂ ਬਾਰੇ ਕੋਈ ਟੀਕਾ ਟਿੱਪਣੀ ਕਰ ਦਿੰਦੇ ਨੇ। ਉਸ ਤੋਂ ਬਾਅਦ ਲੋਕਾਂ ਦੀ ਆਪਸੀ ਤਕਰਾਰਬਾਜ਼ੀ ਵੀ ਵੇਖਣ ਵਾਲੀ ਹੁੰਦੀ ਹੈ, ਹਾਲਾਂਕਿ ਕੁਝ ਦਿਨ ਬਾਅਦ ਫੇਰ ਇਹ ਰਾਜ ਨੇਤਾ ਆਪਸ ਵਿੱਚ ਜੱਫੀਆਂ ਪਾਉਂਦੇ ਵੀ ਵੇਖੇ ਜਾ ਸਕਦੇ ਨੇ। 
ਖੈਰ! ਜੇ ਅੱਜ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਨਾਜੁਕ ਦੌਰ 'ਚ ਪਹੁੰਚੀ ਹੋਈ ਕਹੀ ਜਾ ਸਕਦੀ ਹੈ। ਅੱਜ ਦੀ ਰਾਜਨੀਤੀ ਵਿੱਚੋਂ ਲੋਕਾਂ ਦੇ ਮਸਲੇ ਜਾਂ ਸਮੱਸਿਆਵਾਂ ਮਨਫੀ ਹੋ ਗਈਆਂ ਨੇ। ਅੱਜ ਦੀ ਰਾਜਨੀਤੀ ਵਿੱਚ ਆਪਸੀ ਦੂਸ਼ਣਬਾਜੀ ਦਾ ਬੋਲ-ਬਾਲਾ ਹੈ। ਹਰੇਕ ਨੇਤਾ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਸਹੀ ਅਤੇ ਦੂਜਿਆਂ ਨੂੰ ਗਲਤ ਕਰਨ ਦੀ ਦੌੜ 'ਚ ਲੱਗਿਆ ਹੋਇਆ ਹੈ। ਇਹੀ ਕਾਰਨ ਹੈ ਕਿ ਅੱਜ ਲੋਕ ਮੁੱਦੇ ਅੱਜ ਦੀ ਰਾਜਨੀਤੀ ਵਿੱਚੋਂ ਨਹੀਂ ਲੱਭਦੇ। ਨਾ ਕਿਸੇ ਨੇਤਾ ਦਾ ਕੋਈ ਸਟੈਂਡ ਹੈ ਅਤੇ ਨਾ ਹੀ ਕਿਸੇ ਪਾਰਟੀ ਦਾ। ਅਤੇ ਕਈਂ ਵਾਰ ਨੇਤਾਵਾਂ ਦੇ ਬਿਆਨ ਵੀ ਅਜਿਹੇ ਆਉਂਦੇ ਨੇ ਕਿ ਇੰਝ ਪ੍ਰਤੀਤ ਹੁੰਦੈ ਕਿ ਉਹ ਲੋਕਾਂ ਨੂੰ ਜਮਾਂ ਹੀ ਮੂਰਖ ਸਮਝ ਕੇ ਉਨ੍ਹਾਂ ਦਾ ਧਿਆਨ ਲੋਕ ਸਮੱਸਿਆਵਾਂ ਤੋਂ ਭਟਕਾ ਕੇ ਹੋਰ ਪਾਸੇ ਲਗਾਉਣ ਦੀ ਕੋਸਿਸ਼ ਕਰਦੇ ਹਨ। ਕੈਂਸਰ ਦੇ ਇਲਾਜ ਸਬੰਧੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨਵੀਂ ਦਿੱਲੀ, ਨੈਸ਼ਨਲ ਕੈਂਸਰ ਰਜਿਸਟਰੀ ਬੰਗਲੌਰ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ, ਜਿਪਮਰ ਪੁਡੂਚੇਰੀ ਤੇ ਭਾਰਤ ਦੀਆਂ ਹੋਰ ਸੰਸਥਾਵਾਂ ਸਮੇਤ ਪੂਰੀ ਦੁਨੀਆ ਵਿਚ, ਜਿਵੇਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸਵਿਟਜ਼ਰਲੈਂਡ, ਅਮਰੀਕਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮੱਧ ਪੂਰਬ ਆਦਿ ਮੁਲਕਾਂ ਵਿਚ ਖੋਜਾਂ ਹੋ ਰਹੀਆਂ ਹਨ ਜਿਸ 'ਤੇ ਅਰਬਾਂ-ਖਰਬਾਂ ਡਾਲਰ ਖ਼ਰਚ ਕੀਤੇ ਜਾ ਰਹੇ ਹਨ ਪਰ ਗੁਜਰਾਤ ਤੋਂ ਸਾਡੇ ਸੰਸਦ ਮੈਂਬਰ ਸ਼ੰਕਰ ਭਾਈ ਵੇਗਾਡ ਦਾ ਕਹਿਣਾ ਹੈ ਕਿ ਗਾਂ ਦੇ ਪਿਸ਼ਾਬ ਤੇ ਗੋਹੇ ਨਾਲ ਕੈਂਸਰ ਬਿਲਕੁਲ ਠੀਕ ਹੋ ਜਾਂਦਾ ਹੈ। ਉਨ੍ਹਾਂ ਨੇ ਪਤਾ ਨਹੀਂ ਕਿਹੜੀ ਖੋਜ ਦੇ ਆਧਾਰ 'ਤੇ ਇਹ ਬਿਆਨ ਦਿੱਤਾ ਹੈ? ਸਮਝ ਨਹੀਂ ਲਗਦੀ ਕਿ ਜਨਤਾ ਦੁਆਰਾ ਚੁਣੇ ਹੋਏ ਨੇਤਾ ਇਸ ਤਰ੍ਹਾਂ ਦੇ ਹਾਸੋ-ਹੀਣੇ ਬਿਆਨ ਦੇ ਕੇ ਸਾਰੀ ਦੁਨੀਆ 'ਚ ਭਾਰਤ ਦਾ ਮਖੌਲ ਕਿਉਂ ਉਡਾਉਂਦੇ ਹਨ? ਸਿਹਤ ਠੀਕ ਰੱਖਣ ਵਾਸਤੇ ਵਰਜ਼ਿਸ਼, ਯੋਗ, ਆਯੂਸ਼ ਵਗ਼ੈਰਾ ਪੂਰੀ ਦੁਨੀਆ ਵਿਚ ਪ੍ਰਚਲਤ ਹਨ। ਜਦ ਬਿਮਾਰੀ ਆਉਂਦੀ ਹੈ ਤਾਂ ਉਹ ਕਿਸੇ ਨੂੰ ਨਹੀਂ ਬਖ਼ਸ਼ਦੀ; ਅਰੁਣ ਜੇਤਲੀ ਹੋਣ, ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਵੇਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ। ਇਲਾਜ ਵਾਸਤੇ ਸਭ ਏਮਜ਼ ਨਵੀਂ ਦਿੱਲੀ ਜਾਂ ਅਮਰੀਕਾ ਦੇ ਹਸਪਤਾਲਾਂ 'ਚ ਹੀ ਜਾਂਦੇ ਹਨ, ਜਨਤਾ ਦੁਆਰਾ ਦਿੱਤੇ ਟੈਕਸਾਂ ਦੇ ਸਿਰ 'ਤੇ। ਇਹ ਕਦੀ ਨਹੀਂ ਸੁਣਿਆ ਕਿ ਕਿਸੇ ਨੇ ਗਾਂ ਦੇ ਗੋਹੇ ਜਾਂ ਪਿਸ਼ਾਬ ਨਾਲ ਜਾਂ ਬਾਬਾ ਰਾਮਦੇਵ ਦੇ ਫਾਰਮੂਲਿਆਂ ਨਾਲ ਇਲਾਜ ਕਰਵਾਇਆ ਹੋਵੇ। 
ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਸਟੈਂਡ ਨਜ਼ਰ ਨਹੀਂ ਆਉਂਦਾ, ਜਦੋਂ ਸਿੱਧੂ ਭਾਜਪਾ 'ਚ ਹੁੰਦਾ ਸੀ ਤਾਂ ਉਸ ਦੇ ਗੁਣ ਗਾਉਂਦਾ ਹੁੰਦਾ ਸੀ ਅਤੇ ਹੁਣ ਉਹ ਕਾਂਗਰਸ ਪਾਰਟੀ ਨੂੰ ਹੀ ਸਭ ਕੁਝ ਦੱਸਦੈ, ਅਜਿਹੇ ਵਰਤਾਰੇ ਵਿੱਚ ਤਾਂ ਸਾਫ ਹੀ ਹੈ ਕਿ ਲੋਕ ਹੀ ਬੁੱਧੂ ਨੇ ਜਿਹੜੇ ਇਨ੍ਹਾਂ ਦੇ ਮਗਰ ਲੱਗ ਆਪਸੀ ਭਾਈਚਾਰੇ ਨੂੰ ਦਾਅ 'ਤੇ ਲਾ ਛੱਡਦੇ ਨੇ। ਪੰਜਾਬ ਦੀ ਰਾਜਨੀਤੀ ਲੋਕਾਂ ਨਾਲ ਅਠਖੇਲੀਆਂ ਕਰਦੀ ਹੈ, ਪਰ ਲੋਕ ਇਨ੍ਹਾਂ ਅਠਖੇਲੀਆਂ ਨੂੰ ਬਹੁਤ ਛੇਤੀ ਭੁੱਲ ਜਾਂਦੇ ਨੇ। ਲੋਕ ਭਲਾਈ ਪਾਰਟੀ ਵਾਲੇ ਰਾਮੂੰਵਾਲੀਆਂ ਸਾਹਿਬ ਬਾਦਲਾਂ ਨੂੰ ਅੱਕ ਤੋਂ ਵੀ ਕੌੜੇ ਦੱਸਦੇ ਸਨ, ਪਰ ਬਾਅਦ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋ ਗÂ ਤੇ ਉਨ੍ਹਾਂ ਲਈ ਅਕਾਲੀ ਰੱਬ ਹੋ ਗਏ ਸਨ। ਅੱਜ ਉਨ੍ਹਾਂ ਦੀ ਪਾਰਟੀ ਦਾ ਨਾਮੋ-ਨਿਸ਼ਾਨ ਵੀ ਨਹੀਂ ਰਿਹਾ।
ਅੱਜ ਵੀ ਪੰਜਾਬ ਦੀ ਰਾਜਨੀਤੀ 'ਚ ਅਜਿਹੇ ਹੀ ਹਾਲਾਤ ਬਣੇ ਹੋਏ ਨੇ। ਕਾਂਗਰਸ ਅਕਾਲੀਆਂ ਤੋਂ ਬਾਅਦ ਇੱਕ ਵਾਰ ਮਨਪ੍ਰੀਤ ਬਾਦਲ ਦੀ ਪੀਪੀਪੀ ਵੇਲੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਪੰਜਾਬ ਵਿੱਚ ਕੋਈ ਤੀਜੀ ਧਿਰ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਵਾਏਗੀ ਪਰ ਬਰਸਾਤੀ ਮੌਸਮ ਵਾਂਗੂੰ ਉੱਘੇ ਘਾਹ ਵਾਂਗ ਉਹ ਕੁਝ ਮਹੀਨਿਆਂ 'ਚ ਹੀ ਖਤਮ ਹੋ ਗਈ ਅਤੇ ਜਿਹੜੇ ਲੋਕ ਉਸ ਪਾਰਟੀ ਨੂੰ ਆਪਣੀ ਹਰਮਨ-ਪਿਆਰੀ ਪਾਰਟੀ ਦੱਸਦੇ ਸਨ ਉਹ ਵਿਚਾਰੇ ਰੌਲਾ ਪਾ ਕੇ ਬੈਠ ਗਏ। ਆਮ ਆਦਮੀ ਪਾਰਟੀ ਦੇ ਵੇਲੇ ਵੀ ਪੰਜਾਬ 'ਚ ਇਹੀ ਹੋਇਆ ਸੀ ਪਰ ਹੁਣ ਉਹ ਵੀ ਦੋ ਧੜਿਆਂ 'ਚ ਵੰਡੀ ਗਈ ਹੈ ਅਤੇ ਉਸ ਦਾ ਭਵਿੱਖ ਪੰਜਾਬ 'ਚ ਕੋਈ ਜਿਆਦਾ ਵਧੀਆ ਵਿਖਾਈ ਨਹੀਂ ਦੇ ਰਿਹਾ। ਇਸ ਪਾਰਟੀ ਦੇ ਪਤਨ ਦਾ ਵੱਡਾ ਕਾਰਨ ਕੁਰਸੀ ਦੀ ਭੁੱਖ ਸੀ। ਆਪ ਦੇ ਨਵੇਂ ਬਣੇ ਸਾਰੇ ਹੀ ਨੇਤਾ ਕੁਰਸੀ ਦੀ ਲਾਲਸਾ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ ਅਤੇ ਇਸ ਦਾ ਹਸ਼ਰ ਸਭ ਨੇ ਵੇਖ ਲਿਆ ਹੈ। ਸਮਝਣ ਵਾਲੇ ਤਾਂ ਸਮਝ ਗਏ ਸਨ ਕਿ ਜੋ ਪਾਰਟੀ ਇੰਨੇ ਸਮੇਂ ਵਿੱਚ ਇਹ ਐਲਾਨ ਨਹੀਂ ਕਰ ਸਕੀ ਕਿ ਜੇ ਉਹ ਸੱਤਾ ਵਿੱਚ ਆਉਂਦੇ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ, ਉਸ ਪਾਰਟੀ ਦਾ ਹਸ਼ਰ ਅਜਿਹਾ ਹੀ ਹੋਣ ਵਾਲਾ ਹੈ।
ਇਸ ਕੋਝੀ ਰਾਜਨੀਤੀ ਵਿੱਚ ਲੋਕ ਆਪਸੀ ਉਲਝਣਬਾਜ਼ੀ ਵਿਚ ਫਸੇ ਪਏ ਨੇ ਜਦ ਕਿ ਇਹ ਸਭ ਨੂੰ ਪਤਾ ਹੁੰਦਾ ਕਿ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਨੇਤਾ ਦਾ ਭਰੋਸਾ ਕੋਈ ਨਹੀਂ ਹੈ ਕਿ ਉਹ ਪਾਰਟੀ ਪ੍ਰਤੀ ਅਤੇ ਲੋਕਾਂ ਪ੍ਰਤੀ ਕਿੰਨਾ ਕੁ ਵਫਾਦਾਰ ਹੈ। ਪੰਜਾਬ ਦੀ ਰਾਜਨੀਤੀ ਵਿੱਚ ਅੱਜ ਵੱਡੇ ਪੱਧਰ ਉੱਤੇ ਖਿੱਚੋ-ਤਾਣੀ ਚੱਲ ਰਹੀ ਹੈ। ਇਸ ਖਿੱਚੋ-ਤਾਣੀ ਵਿੱਚ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਹੈ, ਅਖਬਾਰਾਂ ਦੀਆਂ ਸੁਰਖੀਆਂ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਤੱਕ ਸੀਮਿਤ ਹੋ ਕੇ ਰਹਿ ਗਈਆਂ ਨੇ, ਵਿਕਾਸ ਦੇ ਸਿਰਫ ਨਾਅਰੇ ਹੀ ਰਹਿ ਗਏ ਹਨ। ਬੇਰੁਜਗਾਰੀ, ਨਸ਼ੇ ਵਰਗੀਆਂ ਲਾਹਣਤਾਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਨੇਤਾ ਇਹ ਨਹੀਂ ਸਮਝ ਸਕੇ ਕਿ ਇਹ ਚੀਜ਼ਾਂ ਤਾਂ ਕਦੇ ਖਤਮ ਹੋ ਨਹੀਂ ਸਕਦੀਆਂ, ਸਿਰਫ ਘੱਟ ਕੀਤੀਆਂ ਜਾ ਸਕਦੀਆਂ ਨੇ ਅਤੇ ਘੱਟ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਸਿਰਫ ਬਿਆਨਬਾਜੀ ਕਰਕੇ ਹੀ ਬੁੱਤਾ ਸਾਰਿਆ ਜਾਂਦਾ ਹੈ। ਜੇ ਭੁੱਲ-ਭੁਲੇਖੇ ਪੁਲਿਸ ਕਿਸੇ ਵੱਡੇ ਨਸ਼ੇ ਦੇ ਵਪਾਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਰਾਜੀਨਿਤਕ ਦਬਾਅ ਹੀ ਕੁਝ ਨਹੀਂ ਕਰਨ ਦਿੰਦਾ।
ਸਮੁੰਦਰ ਦੀਆਂ ਲਹਿਰਾਂ ਵਾਂਗ ਪਾਰਟੀਆਂ ਅਤੇ ਨੇਤਾਵਾਂ ਦਾ ਜਨਮ ਹੋਣਾ ਪੰਜਾਬ ਦੀ ਰਾਜਨੀਤੀ ਵਿਚ ਆਮ ਜਿਹੀ ਗੱਲ ਹੋ ਗਈ ਹੈ ਅਤੇ ਇਹ ਲਹਿਰਾਂ ਕੁਝ ਸਮੇਂ ਬਾਅਦ ਸ਼ਾਂਤ ਹੋ ਜਾਂਦੀਆਂ ਨੇ। ਚੰਗੇ ਦਿਨਾਂ ਦੀ ਆਸ ਲਾ ਕੇ ਬੈਠੇ ਲੋਕਾਂ ਨੂੰ ਫੇਰ ਕੋਈ ਪਾਰਟੀ ਦੀ ਉਡੀਕ ਲੱਗ ਜਾਂਦੀ ਹੈ। ਨਵੀਆਂ ਬਣੀਆਂ ਪਾਰਟੀਆਂ ਦੇ ਨੇਤਾਵਾਂ ਵਿੱਚ ਕੀ ਕੋਈ ਅਜਿਹਾ ਨੇਤਾ ਨਜ਼ਰ ਆਉਂਦਾ ਹੈ ਜਿਸ ਦਾ ਰਾਜਨੀਤਿਕ ਕੱਦ-ਕਾਠ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਦੇ ਬਰਾਬਰ ਹੋਵੇ? ਇਹ ਸਵਾਲ ਜੇ ਕਿਤੇ ਲੋਕ ਖੁਦ ਨੂੰ ਕਰਨ ਲੱਗ ਜਾਣ ਤਾਂ ਬਹੁਤ ਸਾਰੀਆਂ ਨਵੀ ਪਾਰਟੀਆਂ ਦਾ ਜਨਮ ਰੁਕ ਸਕਦਾ ਹੈ ਅਤੇ ਲੋਕਾਂ ਦੀ ਐਨਰਜੀ ਅਤੇ ਵਕਤ ਦੀ ਬੱਚਤ ਵੀ ਹੋ ਸਕਦੀ ਹੈ।
ਪੰਜਾਬ ਦੀ ਅਜੋਕੀ ਰਾਜਨੀਤੀ ਦਾ ਸੇਕ ਬਾਹਰਲੇ ਮੁਲਕਾਂ ਦੀ ਰਾਜਨੀਤੀ 'ਤੇ ਪੈਣ ਲੱਗ ਪਿਆ ਹੈ। ਕੈਨੇਡਾ ਵਰਗੇ ਮੁਲਕ ਜਿਸ ਦੀ ਰਾਜਨੀਤੀ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਵੀ ਰਿਹਾ ਹੈ, ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ। ਉੱਥੇ ਦੇ ਨੇਤਾ ਲੋਕ ਵੀ ਅਜਿਹੀ ਰਾਜਨੀਤੀ ਵਿੱਚ ਵਿਸ਼ਵਾਸ਼ ਕਰਕੇ ਇਸੇ ਤਰ੍ਹਾਂ ਜੋੜ-ਤੋੜ ਕਰਨ ਲੱਗ ਲੱਗ ਪਏ ਹਨ ਜਿਸ ਨਾਲ ਉੱਥੇ ਵਸਦੇ ਆਮ ਲੋਕਾਂ ਨੂੰ ਆਪਣੇ ਭਵਿੱਖ ਬਾਰੇ ਚਿੰਤਾ ਹੈ। ਇਸ ਦੀ ਤਾਜ਼ਾ ਉਦਾਹਰਨ ਨਿਊਜ਼ੀਲੈਂਡ ਵਿੱਚ ਪਿੱਛੇ ਜਿਹੇ ਵੇਖਣ ਨੂੰ ਮਿਲੀ ਸੀ ਜਦੋਂ ਇੱਕ ਗੋਰੇ ਨੇਤਾ ਨੇ ਆਪਣੀ ਹੀ ਪਾਰਟੀ ਦੇ ਇੱਕ ਨੇਤਾ ਦੀ ਕਿਸੇ ਮਾਮਲੇ ਵਿੱਚ ਇੱਕ ਫੋਨ ਕਾਲ ਰਿਕਾਰਡਿੰਗ ਕਰਕੇ ਉਸ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।
ਵੈਸੇ ਤਾਂ ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਪਰ ਰਾਜਨੀਤੀ ਦੇ ਵੀ ਕਈਂ ਅਸੂਲ ਹੁੰਦੇ ਨੇ ਜਿਨ੍ਹਾਂ ਦੀ ਪਾਲਣਾ ਕਰਨਾ ਹਰੇਕ ਰਾਜੀਨਿਤਕ ਨੇਤਾ ਦਾ ਫਰਜ਼ ਹੈ, ਤਾਂ ਜੋ ਉਹ ਜਨਤਾ ਪ੍ਰਤੀ ਜਵਾਬਦੇਹ ਬਣਿਆ ਰਹੇ ਪਰ ਇਸ ਹਾਲਾਤ ਵਿੱਚ ਕੋਈ ਵੀ ਅਜਿਹਾ ਨੇਤਾ ਨਜ਼ਰ ਨਹੀਂ ਆ ਰਿਹਾ ਜੋ ਸੱਚਮੁੱਚ ਹੀ ਦੇਸ਼ ਅਤੇ ਜਨਤਾ ਪ੍ਰਤੀ ਵਫਾਦਾਰੀ ਨਾਲ ਖੜ੍ਹਾ ਹੋਵੇ। ਇਸ ਅਠਖੇਲੀਆਂ ਕਰਦੀ ਰਾਜਨੀਤੀ ਵਿੱਚ ਪੰਜਾਬੀਆਂ ਦੀ ਭਲਾਈ ਹੋ ਪਾਵੇਗੀ ਜਾਂ ਨਹੀਂ, ਇਸ ਸਵਾਲ ਦਾ ਜਵਾਬ ਫਿਲਹਾਲ ਹਵਾ ਵਿਚ ਹੀ ਲਟਕ ਰਿਹਾ ਹੈ।