ਬੇਅਦਬੀ ਮਾਮਲੇ 'ਚ ਕਲੀਨ-ਚਿੱਟਾਂ ਦੀ ਰਾਜਨੀਤੀ

ਬੇਅਦਬੀ ਮਾਮਲੇ 'ਚ ਕਲੀਨ-ਚਿੱਟਾਂ ਦੀ ਰਾਜਨੀਤੀ

ਮਨਜੀਤ ਸਿੰਘ ਟਿਵਾਣਾ

ਕਿਸੇ ਵੀ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਵਿਚ, ਵੋਟਾਂ ਰਾਹੀਂ ਸਹੀ ਮਾਅਨਿਆਂ ਦੇ ਕਿਸੇ ਇਨਕਲਾਬ ਦੇ ਆਉਣ ਦੀਆਂ ਸੰਭਾਵਨਾਵਾਂ ਭਾਵੇਂ ਆਮ ਕਰ ਕੇ ਨਾ-ਮਾਤਰ ਹੀ ਹੁੰਦੀਆਂ ਹਨ ਪਰ ਕੁਝ ਵਕਫੇ ਬਾਅਦ ਆਮ ਜਨਤਾ ਨੂੰ ਆਪਣੇ ਮਨ ਦਾ ਰੋਸ ਜ਼ਾਹਰ ਕਰਨ ਦਾ ਮੌਕਾ ਜ਼ਰੂਰ ਮਿਲ ਜਾਂਦਾ ਹੈ। ਇਸ ਸਮੇਂ ਲੋਕ ਸਭਾ ਚੋਣਾਂ ਲਈ ਪਰਚਾਰ ਦੌਰਾਨ ਪੰਜਾਬ ਵਿਚ ਕੁਝ ਅਜਿਹਾ ਹੀ ਵਾਪਰ ਰਿਹਾ ਹੈ। ਪੰਜਾਬ ਤੇ ਸਿੱਖ ਰਾਜਨੀਤੀ ਉਤੇ ਦਹਾਕਿਆਂ ਤੋਂ ਛਾਈ ਸਿਆਸੀ ਪਾਰਟੀ ਅਕਾਲੀ ਦਲ ਬਾਦਲ ਨੂੰ ਇਸ ਸਮੇਂ ਹਰ ਪਾਸਿਓਂ ਸਿੱਖ ਭਾਈਚਾਰੇ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਉਤੇ ਪੂਰੀ ਤਰ੍ਹਾਂ ਕਾਬਜ਼ ਅਤੇ ਘਾਗ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਸਿਆਸੀ ਆਰ-ਪਰਿਵਾਰ ਨੂੰ ਅੱਜ ਸਿੱਖ ਪੰਥ ਮੁੰਹ ਨਹੀਂ ਲਗਾ ਰਿਹਾ। ਇਸ ਸਿੱਖ ਪੰਥ ਦੇ ਸਿਰ ਉਤੇ ਹੀ ਇਨ੍ਹਾਂ ਨੇ ਹੁਣ ਤਕ ਪੰਜਾਬ ਤੇ ਭਾਰਤ ਦੀ ਰਾਜਨੀਤੀ ਵਿਚ ਉਚ ਰਾਜਸੀ ਰੁਤਬੇ ਮਾਣੇ ਹਨ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦਾ, ਇਨ੍ਹਾਂ ਦੇ ਗੜ੍ਹ ਮੰਨੇ ਜਾਂਦੇ ਹਲਕੇ ਬਠਿੰਡਾ ਵਿਚ, ਲੋਕ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰ ਰਹੇ ਹਨ। ਪਾਰਟੀ ਦੇ ਹੋਰ ਉਮੀਦਵਾਰਾਂ ਨੂੰ ਵੀ ਦੂਜੇ ਹਲਕਿਆਂ ਵਿਚ ਅਜਿਹੇ ਹੀ ਰੋਸ-ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਦੇ ਚੋਣ ਮੈਦਾਨ ਵਿਚ ਬਾਦਲਕਿਆਂ ਨਾਲ ਹੋ ਰਹੇ ਇਸ ਵਿਵਹਾਰ ਪਿੱਛੇ ਸਿੱਖ-ਪੰਥ ਦੇ ਮਨਾਂ ਵਿਚ ਬਾਦਲਾਂ ਦੇ ਰਾਜ-ਭਾਗ ਦੌਰਾਨ ਗੁਰੂ ਗੰ੍ਰਥ ਸਾਹਿਬ ਜੀ ਦੀ ਥਾਂ-ਥਾਂ ਹੋਈ ਬੇਅਦਬੀ ਦਾ ਰੋਸ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਸਾਢੇ ਕੁ ਤਿੰਨ ਸਾਲ ਪਹਿਲਾਂ ਅਕਾਲੀ-ਭਾਜਪਾ ਰਾਜ ਸਮੇਂ ਸਿੱਖ-ਪੰਥ ਦੇ ਜ਼ਾਹਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸੋਚੀ ਸਮਝੀ ਸਾਜ਼ਿਸ਼ ਨਾਲ ਅਪਮਾਨ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਆਈ ਇਕ ਤੀਜੀ ਰਾਜਸੀ ਧਿਰ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਸਿੱਖ ਪੰਥ ਨਾਲ ਟਕਰਾਅ ਵਿਚ ਆਏ ਡੇਰਾ ਸਿਰਸਾ ਦੇ ਸਾਧ ਨੂੰ ਮੂਹਰੇ ਲਗਾ ਕੇ ਇਹ ਕੁਕਰਮ ਕੀਤਾ ਗਿਆ। ਇਸ ਕਾਂਡ ਵਿਚ ਡੇਰਾ ਸਿਰਸਾ ਦੇ ਚੇਲਿਆਂ ਦਾ ਹੱਥ ਸਾਬਿਤ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਪੂਰੀ ਢੀਠਤਾਈ ਨਾਲ ਉਨ੍ਹਾਂ ਦੀ ਪਿੱਠ ਠੋਕੀ ਗਈ। ਗੁਰੂ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ਉਤੇ ਗੋਲੀਆਂ ਵਰ੍ਹਾਈਆਂ ਗਈਆਂ ਤੇ ਹਰ ਤਰ੍ਹਾਂ ਦੇ ਜ਼ੋਰ-ਜਬਰ ਨਾਲ ਇਨਸਾਫ ਦੀ ਮੰਗ ਕਰ ਰਹੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਪੰਜਾਬ ਦਾ ਇਹ 'ਘਾਗ ਸਿਆਸਤਦਾਨ' ਸੱਤਾ ਦੇ ਲਾਲਚ ਵਿਚ ਆਪਣੇ ਸਿਆਸੀ ਜੀਵਨ ਦੀ ਸਭ ਤੋਂ ਵੱਡੀ ਭੁੱਲ ਕਰ ਬੈਠਾ।
ਤਾਕਤ ਦੇ ਨਸ਼ੇ ਵਿਚ ਚੂਰ ਇਨ੍ਹਾਂ ਲੋਕਾਂ ਨੂੰ ਹਾਲਾਂ ਤਕ ਵੀ ਇਹ ਸਮਝ ਨਹੀਂ ਆਇਆ ਕਿ ਉਹ ਗਲਤੀ ਉਤੇ ਗਲਤੀ ਕਰਦੇ ਜਾ ਰਹੇ ਹਨ। ਸਿੱਖਾਂ ਨਾਲ ਧ੍ਰੋਹ ਕਮਾਉਣ ਦੇ ਮਾਮਲੇ ਵਿਚ ਬਾਦਲਕਿਆਂ ਦੇ ਪਾਪਾਂ ਦੀ ਲਿਸਟ ਬਹੁਤ ਲੰਮੀ ਹੈ ਤੇ ਹੋਰ ਵਧਦੀ ਜਾ ਰਹੀ ਹੈ। ਇਸ ਲਿਸਟ ਵਿਚ ਸਿੱਖ ਕੌਮ ਦੀਆਂ ਸ਼ਾਨਾਮੱਤੀਆਂ ਸੰਸਥਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਬਿਪਰਵਾਦੀ ਜਮਾਤ ਆਰਐਸਐਸ ਕੋਲ ਗਹਿਣੇ ਪਾਉਣ ਦਾ ਗੁਨਾਹ ਵੀ ਸ਼ਾਮਿਲ ਹੈ। ਆਪਣੇ ਸਿਆਸੀ ਹਿੱਤ ਸਾਧਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਚਾਲ ਇਨ੍ਹਾਂ ਨੂੰ ਹੀ ਪੁੱਠੀ ਪੈ ਗਈ ਹੈ। ਹੁਣ ਬਾਦਲਕੇ ਭਾਵੇਂ ਲੱਖ ਸਫਾਈਆਂ ਦੇਣ ਪਰ ਤੱਥ ਗਵਾਹੀਆਂ ਦੇ ਰਹੇ ਹਨ ਕਿ ਇਹ ਗੁਰੂ ਘਰ ਤੇ ਸਿੱਖ ਪੰਥ ਦੇ ਦੋਖੀ ਹਨ। ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਪੈੜਾਂ ਸਿੱਧੀਆਂ ਇਨ੍ਹਾਂ ਅਖੌਤੀ ਅਕਾਲੀਆਂ ਦੇ ਵਿਹੜੇ ਵਿਚ ਜਾ ਰਹੀਆਂ ਹਨ।
ਪਰਕਾਸ਼ ਸਿੰਘ ਬਾਦਲ ਬਾਰੇ ਮਿੱਥ ਬਣੀ ਹੋਈ ਹੈ ਕਿ ਉਹ ਹਵਾ ਦਾ ਰੁਖ ਭਾਂਪ ਕੇ ਆਪਣੀ ਸਿਆਸੀ ਖੇਡ ਦੀਆਂ ਗੋਟੀਆਂ ਫਿੱਟ ਕਰਨ ਵਿਚ ਮਾਹਿਰ ਹੈ। ਇਸੇ ਕਾਰਨ ਸ਼ਾਇਦ ਉਹ ਅੱਧੀ ਸਦੀ ਤਕ ਸਿੱਖ ਸਿਆਸਤ ਉਤੇ ਛਾਇਆ ਰਿਹਾ। ਹੁਣ ਵੀ ਪੰਜਾਬ ਵਿਚ ਉਸ ਦੇ ਸਾਥੀ ਇਹ ਮੰਨ ਰਹੇ ਹਨ ਕਿ ਜੇ ਕੋਈ ਬਾਦਲ ਦਲ ਦੀ ਡੁੱਬਦੀ ਬੇੜੀ ਨੂੰ ਬਚਾਅ ਸਕਦਾ ਹੈ, ਤਾਂ ਉਹ ਸਿਰਫ਼ ਵੱਡਾ ਬਾਦਲ ਹੈ। ਹੋ ਸਕਦਾ ਹੈ ਕਿ ਸਿੱਖ ਪੰਥ ਦੀਆਂ ਦੁਸ਼ਮਣ ਜਮਾਤਾਂ ਦੀ ਅੰਦਰਖਾਤੇ ਮਦਦ ਲੈ ਕੇ, ਪੈਸੇ ਤੇ ਬਾਹੂਬਲ ਦੇ ਜ਼ੋਰ ਨਾਲ ਇਸ ਹਾਲਾਤ ਵਿਚ ਵੀ ਉਹ ਕੋਈ ਮਾੜੀ ਮੋਟੀ ਸਿਆਸੀ ਮੱਲ ਮਾਰ ਜਾਵੇ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗਾ ਮਹਾਂਪਾਪ ਬਾਦਲ ਦਲ ਦੀ ਪੰਜਾਬ ਵਿਚ ਭਵਿੱਖੀ ਰਾਜਨੀਤੀ ਨੂੰ ਕਦੇ ਵੀ ਪੈਰਾਂ ਸਿਰ ਨਹੀਂ ਹੋਣ ਦੇ ਸਕਦਾ। ਸਿੱਖਾਂ ਦੇ ਦੁਸ਼ਮਣਾਂ ਦੀ ਸ਼ਹਿ ਉਤੇ ਪੈਸੇ ਅਤੇ ਰਾਜਸੀ ਤਾਕਤ ਦੇ ਹੰਕਾਰ ਵਿਚ ਗਲਤਾਨ ਇਨ੍ਹਾਂ ਲੋਕਾਂ ਨੂੰ ਇਤਿਹਾਸ ਨੇ ਕਦੇ ਮੁਆਫ ਨਹੀਂ ਕਰਨਾ। ਜਿਹੜੇ ਸਿੱਖ ਅੱਜ ਵੀ ਆਪਣੇ ਥੋੜ੍ਹ-ਚਿਰੇ ਸਿਆਸੀ ਤੇ ਨਿੱਜੀ ਮੁਫਾਦਾਂ ਲਈ ਅਜਿਹੇ ਲੋਕਾਂ ਦਾ ਸਾਥ ਦੇ ਰਹੇ ਹਨ, ਉਹ ਵੀ ਇਹ ਹਕੀਕਤ ਜਿੰਨੀ ਛੇਤੀ ਸਮਝ ਜਾਣਗੇ, ਚੰਗਾ ਹੋਵੇਗਾ।
ਹਾਲ ਹੀ ਵਿਚ ਬਾਦਲਕਿਆਂ ਦੇ ਹਰ ਪੈਂਤੜੇ ਵਿਚ ਸਿੱਧੇ-ਅਸਿੱਧੇ ਤੌਰ 'ਤੇ ਭਾਗੀਦਾਰ ਰਹਿੰਦੇ ਆ ਰਹੇ ਮੀਡੀਆ ਦੇ ਇਕ ਹਿੱਸੇ ਨੇ ਇਹ ਪਰਚਾਰ ਕਰ ਕੇ ਸਿੱਖ-ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਅਦਬੀ ਕਾਂਡ ਦੀ ਜਾਂਚ ਲਈ ਬਣੇ ਪੰਜਾਬ ਪੁਲਿਸ ਦੇ ਵਿਸ਼ੇਸ਼ ਜਾਂਚ ਦਲ (ਸਿੱਟ) ਨੇ ਬਾਦਲਾਂ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਭਾਵੇਂ 'ਸਿੱਟ' ਨੇ ਇਹ ਸਾਫ਼ ਕੀਤਾ ਹੈ ਕਿ ਉਸ ਨੇ ਜਿਹੜਾ 794 ਪੰਨਿਆਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਹੈ, ਉਹ ਅਧੂਰਾ ਹੈ ਅਤੇ ਪੂਰਾ ਚਲਾਨ ਜਾਂਚ ਮੁਕੰਮਲ ਹੋਣ ਉਤੇ ਪੇਸ਼ ਕੀਤਾ ਜਾਵੇਗਾ ਪਰ ਬਾਦਲ-ਜੁੰਡਲੀ ਅਜੇ ਵੀ 'ਕੰਧ ਉਤੇ ਲਿਖਿਆ' ਪੜ੍ਹਨ ਤੋਂ ਇਨਕਾਰੀ ਹੈ ਕਿ ਦੁਨੀਆ ਭਰ ਵਿਚ ਵਸਦਾ ਸਿੱਖ-ਪੰਥ ਉਨ੍ਹਾਂ ਨੂੰ ਗੁਰੂ ਦੀ ਬੇਹੁਰਮਤੀ ਕਰਨ ਦਾ ਦੋਸ਼ੀ ਮੰਨ ਚੁੱਕਿਆ ਹੈ। ਇਸ ਕਰ ਕੇ ਦੁਨਿਆਵੀ ਅਦਾਲਤਾਂ ਵਿਚ ਦੋਸ਼ੀ ਸਾਬਿਤ ਹੋਣ ਜਾਂ ਕਲੀਨ ਚਿੱਟਾਂ ਮਿਲਣ ਦੇ ਹੁਣ ਕੋਈ ਮਾਅਨੇ ਹੀ ਨਹੀਂ ਹਨ। ਸਿਆਸੀ ਸਮਝੌਤਿਆਂ ਦੇ ਸਹਾਰੇ ਉਹ ਰਾਜ ਸੱਤਾ ਤਾਂ ਮਾਣ ਸਕਦੇ ਹਨ ਪਰ ਸਿੱਖ ਕੌਮ ਨਾਲ ਕੀਤੇ ਧੋਖਿਆਂ ਅਤੇ ਗੁਰੂ ਗ੍ਰੰਥ ਦੀ ਬੇਅਦਬੀ ਦੇ ਦਾਗ ਨਹੀਂ ਧੋਤੇ ਜਾ ਸਕਦੇ। ਬਾਦਲਾਂ ਦੀਆਂ ਇਨ੍ਹਾਂ ਚਲਾਕੀਆਂ ਨਾਲ ਸਗੋਂ ਸਿੱਖ ਸੰਗਤ ਦੇ ਪੈਰੀਂ ਪੈ ਕੇ ਮਾਫ਼ੀ ਮੰਗਣ ਅਤੇ ਸਿੱਖ ਰਾਜਨੀਤੀ ਤੋਂ ਹਮੇਸ਼ਾ ਲਈ ਕਿਨਾਰਾ ਕਰ ਜਾਣ ਦਾ ਇਕੋ-ਇਕ ਰਾਹ ਵੀ ਦਿਨੋਂ-ਦਿਨ ਭੀੜਾ ਹੁੰਦਾ ਜਾ ਰਿਹਾ ਹੈ।