ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਰਾਤ ਦੇ ਵਿਸ਼ੇਸ਼ ਦੀਵਾਨ ਦੌਰਾਨ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਮੋਤੀ ਨਗਰ ਦੇ ਸਮੂਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ "ਕੌਮੀ ਪ੍ਰਚਾਰਕ" ਵਜੋਂ ਪੰਥਕ ਸਟੇਜਾਂ ਉਤੇ ਨਿਰੋਲ ਗੁਰਮਤਿ ਵਿਚਾਰਾਂ ਕਰਨ ਲਈ ਕੀਤਾ ਗਿਆ। ਇਸ ਮੌਕੇ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰ ਦੀ ਬੱਚੀ ਖੁਸ਼ਬੂ ਓਬਰਾਏ ਨੂੰ ਯੂ.ਪੀ.ਐਸ.ਸੀ. ਪ੍ਰੀਖਿਆ ਦੌਰਾਨ ਆਲ ਇੰਡੀਆ 139 ਰੈਂਕ ਲੈਕੇ ਭਾਰਤੀ ਮਾਲੀਆ ਸੇਵਾ (ਆਈ.ਆਰ.ਐਸ.) ਅਫਸਰ ਬਣਨ ਉਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਤੇਲੰਗਾਨਾ ਸਟੇਟ ਦੀ ਜੁਡੀਸ਼ਲ ਪ੍ਰੀਖਿਆ ਪਾਸ ਕਰਕੇ ਮੈਜਿਸਟਰੇਟ ਲਗਣ ਜਾ ਰਹੀ ਦਿਲਪ੍ਰੀਤ ਕੌਰ ਦਾ ਵੀ ਸਨਮਾਨ ਹੋਇਆ। ਖੁਸ਼ਬੂ ਓਬਰਾਏ ਅਤੇ ਦਿਲਪ੍ਰੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਆਪਣੀ ਕਾਮਯਾਬੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਅਤੇ ਪਰਿਵਾਰ ਦੇ ਸਹਿਯੋਗ ਨੂੰ ਮੁੱਖ ਕਾਰਨ ਵਜੋਂ ਗਿਣਾਇਆ। ਤਕਰੀਬਨ 50 ਬੱਚਿਆਂ ਨੂੰ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੌਰਾਨ 80 ਫੀਸਦੀ ਤੋਂ ਵੱਧ ਨੰਬਰ ਲਿਆਉਣ, 4 ਬੱਚਿਆਂ ਵੱਲੋਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 'ਚ ਅਤੇ 1 ਬੱਚੇ ਵੱਲੋਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਉਤੇ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਵਲੰਟੀਅਰ ਦੀ ਸੇਵਾ ਦੇਣ ਵਾਲੇ ਸਮੂਹ ਸੇਵਕਾਂ ਦਾ ਸਨਮਾਨ ਵੀ ਹੋਇਆ। 

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਬਿੱਟੂ ਨੇ ਦਸਿਆ ਕਿ ਬੱਚਿਆਂ 'ਚ ਵਿੱਦਿਆ ਦੇ ਖੇਤਰ ਵਿਚ ਤਰੱਕੀਆਂ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ। ਤਾਂਕਿ ਬੱਚਿਆਂ ਨੂੰ ਇਹ ਸਮਝਾਇਆ ਜਾ ਸਕੇ ਕਿ ਪੜ੍ਹਨ ਨਾਲ ਹੀ ਮਾਨਸਿਕ ਅਤੇ ਆਰਥਿਕ ਤਰੱਕੀ ਦੇ ਰਾਹ ਖੁੱਲਦੇ ਹਨ। ਜੀਵਨ ਵਿਚ ਤਰੱਕੀ ਪ੍ਰਾਪਤ ਕਰਨ ਲਈ ਮਿਹਨਤ ਕਰਨਾ ਜ਼ਰੂਰੀ ਹੈ। ਜੇਕਰ ਅੱਜ ਸਾਡੇ ਮੋਤੀ ਨਗਰ ਦੇ ਬੱਚੇ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀ ਅਤੇ ਮੈਜਿਸਟਰੇਟ ਬਣ ਰਹੇ ਹਨ, ਤਾਂ ਇਸ ਪਿੱਛੇ ਬੜੀ ਲਗਨ, ਮਿਹਨਤ ਅਤੇ ਪਰਿਵਾਰ ਦਾ ਸਹਿਯੋਗ ਮੁੱਖ ਕਾਰਨ ਹੈਂ। ਇਸ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਦਲਪ੍ਰੀਤ ਸਿੰਘ ਨੇ ਨਿਭਾਈ। ਜਦਕਿ ਇਨਾਮ ਵੰਡ ਜਤਿੰਦਰ ਸਿੰਘ ਸਾਹਨੀ, ਡਾਕਟਰ ਪਰਮਿੰਦਰ ਪਾਲ ਸਿੰਘ, ਭੁਪਿੰਦਰ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ, ਗੁਰਕੰਵਰ ਸਿੰਘ ਸਾਹਨੀ, ਸਰਬਜੀਤ ਸਿੰਘ, ਮਨਿੰਦਰ ਸਿੰਘ, ਜਗਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਭਾਟੀਆ ਆਦਿਕ ਵੱਲੋਂ ਕੀਤੀ ਗਈ।