ਵਾਢੀ ਸਿਰ 'ਤੇ ਆਈ, ਪਰ ਪੰਜਾਬ ਦੀਆਂ ਕੰਬਾਈਨਾਂ ਹੋਰ ਸੂਬਿਆਂ 'ਚ ਫਸੀਆਂ

ਵਾਢੀ ਸਿਰ 'ਤੇ ਆਈ, ਪਰ ਪੰਜਾਬ ਦੀਆਂ ਕੰਬਾਈਨਾਂ ਹੋਰ ਸੂਬਿਆਂ 'ਚ ਫਸੀਆਂ

ਕੋਰੋਨਾਵਾਇਰਸ ਕਾਰਨ ਲੱਗੇ ਹੋਏ ਲਾਕਡਾਊਨ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਜਿੱਥੇ ਕਈ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫਸਲ ਸਾਂਭਣ ਦਾ ਸਮਾਂ ਸਿਰ 'ਤੇ ਆ ਗਿਆ ਹੈ ਉੱਥੇ ਫਸਲ ਦੀ ਵਾਢੀ ਲਈ ਨਾ ਪੰਜਾਬ ਵਿਚ ਪ੍ਰਵਾਸੀ ਮਜ਼ਦੂਰ ਪਹੁੰਚ ਸਕੇ ਹਨ ਤੇ ਨਾ ਹੀ ਪੰਜਾਬ ਦੀਆਂ ਕੰਬਾਈਨਾਂ ਜੋ ਬਾਹਰਲੇ ਸੂਬਿਆਂ ਵਿਚ ਵਾਢੀ ਕਰਨ ਗਈਆਂ ਸਨ ਉਹ ਪੰਜਾਬ ਪਹੁੰਚ ਪਾ ਰਹੀਆਂ ਹਨ। 

ਪੰਜਾਬ ਦੇ ਬਹੁਤ ਸਾਰੇ ਕੰਬਾਈਨ ਡਰਾਈਵਰ, ਮਕੈਨਿਕ ਅਤੇ ਉਨ੍ਹਾਂ ਦੇ ਸਹਾਇਕ ਬਿਹਾਰ ਵਿੱਚ ਫਸੇ ਹੋਏ ਹਨ। ਇਸੇ ਤਰ੍ਹਾਂ ਹੋਰ ਵੀ ਸੂਬਿਆਂ ਵਿਚੋਂ ਲਗਾਤਾਰ ਕੰਬਾਈਨਾਂ ਵਾਲਿਆਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਹਨਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਉਹਨਾਂ ਨੂੰ ਪੰਜਾਬ ਆਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। 

ਬਿਹਾਰ ਵਿਚ ਫਸੇ ਕੰਬਾਈਨ ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਹਾਰ ਦੇ ਕਿਸਾਨਾਂ ਨੇ ਕੰਬਾਈਨਾਂ ਚਲਾਉਣ ਲਈ ਸੱਦਿਆ ਸੀ। ਬਿਹਾਰ ਦੇ ਮਾਲਕਾਂ ਨੇ ਉਨ੍ਹਾਂ ਲਈ ਬਕਾਇਦਾ ਕਰਫਿਊ ਪਾਸ ਲਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਵਿਚੋਂ ਆ ਕੇ ਲੈ ਕੇ ਗਏ ਸਨ ਪਰ ਬਿਹਾਰ ਵਿੱਚ ਦੋ-ਚਾਰ ਦਿਨ ਦਾ ਕੰਮ ਕਰਨ ਤੋਂ ਬਾਅਦ ਉਥੋਂ ਦੇ ਪ੍ਰਸ਼ਾਸਨ ਨੇ ਉਨ੍ਹਾਂ ਦਾ ਕਰੋਨਾ ਟੈਸਟ ਕਰਨ ਦੇ ਨਾਂ ‘ਤੇ ਲਿਆ ਕੇ ‘ਇਕਾਂਤਵਾਸ’ ਵਿੱਚ ਭੇਜ ਦਿੱਤਾ। ਹੁਣ ਇਕਾਂਤਵਾਸ ‘ਚ ਬੈਠੇ ਇਹ ਮਜ਼ਦੂਰ ਪੰਜਾਬ ਵਾਪਸੀ ਲਈ ਝੂਰ ਰਹੇ ਹਨ। 


ਬਿਹਾਰ ਦੇ ਇਕਾਂਤਵਾਸ ’ਚ ਫਸੇ ਪੰਜਾਬੀ ਕੰਬਾਈਨ ਚਾਲਕ

ਮੁਕਤਸਰ ਦੇ ਪਿੰਡ ਸਮਾਘ ਤੋਂ ਗੁਰਮੀਤ ਸਿੰਘ ਅਤੇ ਨਿੱਕਾ ਸਿੰਘ ਨੇ ਫੋਨ ‘ਤੇ ਦੱਸਿਆ ਕਿ ਉਹ ਪਹਿਲਾਂ ਵੀ ਇਥੇ ਕੰਬਾਈਨਾਂ ਚਲਾਉਣ ਵਾਸਤੇ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਸਿਰਫ ਚਾਰ ਦਿਨ ਹੀ ਬਿਹਾਰ ਵਿੱਚ ਕੰਬਾਈਨ ਚਲਾਉਣ ਦਾ ਕੰਮ ਮਿਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ‘ਚ ਬੰਦ ਕਰ ਦਿੱਤਾ। ਬਿਹਾਰ ਦਾ ਸੀਜ਼ਨ ਤਾਂ ਲੰਘਿਆ ਹੀ ਹੈ ਜੇ ਉਹ ਜਲਦੀ ਇਥੋਂ ਨਾ ਨਿਕਲੇ ਤਾਂ ਪੰਜਾਬ ਵਿੱਚ ਹੀ ਹਾੜੀ ਦਾ ਸੀਜ਼ਨ ਖਤਮ ਹੋ ਜਾਵੇਗਾ। ਉਨ੍ਹਾਂ ਦਾ ਸਾਲ ਭਰ ਦਾ ਰੁਜ਼ਗਾਰ ਮਿੱਟੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ ਸੌ ਬੰਦਾ ਪੰਜਾਬ ਦਾ ਹੈ। 

ਫਿਰੋਜ਼ਪੁਰ ਦੇ ਕੰਬਾਈਨ ਚਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਦੋ-ਚਾਰ ਦਿਨਾਂ ਵਾਸਤੇ ਹੀ ਕੰਮ ਮਿਲਿਆ। ਫਿਰ ਟੈਸਟ ਵਾਸਤੇ ਸੱਦ ਲਿਆ ਤੇ ਕਿਹਾ ਕਿ ਪੰਦਰਾਂ ਮਿੰਟਾਂ ‘ਚ ਵਾਪਸ ਕਰ ਦਿਆਂਗੇ। ਪਰ ਹੁਣ ਚੌਥਾ ਦਿਨ ਹੋ ਗਿਆ ਨਹੀਂ ਛੱਡਿਆ ਤੇ ਨਾ ਹੀ ਟੈਸਟ ਦੀ ਕੋਈ ਰਿਪੋਰਟ ਦਿੱਤੀ ਜਾ ਰਹੀ ਹੈ। 14 ਦਿਨ ਰੱਖਣ ਦਾ ਕਹਿੰਦੇ ਹਨ। 14 ਦਿਨ ਦਾ ਤਾਂ ਸੀਜ਼ਨ ਨਹੀਂ। ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ ਖਾਣੇ ਦਾ ਬਹੁਤ ਮਾੜਾ ਪ੍ਰਬੰਧ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵਾਪਸੀ ਦਾ ਜਲਦ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਪੰਜਾਬ ਵਿੱਚ ਕੰਬਾਈਨਾਂ ਚਲਾ ਸਕਣ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।