ਪਿੰਡ ਠੂਠਿਆਂਵਾਲੀ ਵਿਚ ਪੁਲਸ ਅਤੇ ਪਿੰਡ ਦੇ ਲੋਕਾਂ ਦਰਮਿਆਨ ਝੜਪ

ਪਿੰਡ ਠੂਠਿਆਂਵਾਲੀ ਵਿਚ ਪੁਲਸ ਅਤੇ ਪਿੰਡ ਦੇ ਲੋਕਾਂ ਦਰਮਿਆਨ ਝੜਪ
ਹਸਪਤਾਲ ਵਿੱਚ ਜੇਰੇ ਇਲਾਜ ਥਾਣੇਦਾਰ ਗੁਰਤੇਜ ਸਿੰਘ

ਮਾਨਸਾ: ਪੰਜਾਬ ਵਿਚ ਲਾਕਡਾਊਨ ਦੌਰਾਨ ਪੁਲਸ ਅਤੇ ਲੋਕਾਂ ਦਰਮਿਆਨ ਝੜਪ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਬੀਤੇ ਕੱਲ੍ਹ ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲਸ ਦਰਮਿਆਨ ਹੋਈ ਝੜਪ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਵਿਚ ਵੀ ਪੁਲਸ ਅਤੇ ਪਿੰਡ ਦੇ ਲੋਕਾਂ ਦੀ ਲੜਾਈ ਹੋਈ। ਇਸ ਲੜਾਈ ਵਿਚ ਏਐੱਸਆਈ ਗੁਰਤੇਜ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲੀਸ ਵੱਲੋਂ ਇਸ ਮਾਮਲੇ 'ਚ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੁਲੀਸ ’ਤੇ ਹਮਲੇ ਦੌਰਾਨ ਵਰਤੇ ਹਥਿਆਰਾਂ ਨੂੰ ਬਰਾਮਦ ਕਰਵਾਇਆ ਜਾ ਸਕੇ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਭਾਰਗਵ ਨੇ ਦੱਸਿਆ ਕਿ ਪੁਲੀਸ ਦੀ ਕੁੱਟਮਾਰ ਕਰਨ ਵਾਲੇ 30-35 ਹੋਰ ਨਾਮੂਲਮ ਵਿਅਕਤੀਆਂ ਨੇ ਡਾਗਾਂ-ਸੋਟੀਆਂ ਨਾਲ ਲੈਸ ਹੋਕੇ ਪਿੰਡ ਦੇ ਨਾਕੇ ‘ਤੇ ਖੜ੍ਹੀ ਟਰਾਲੀ ਨੂੰ ਪਲਟਾ ਦਿੱਤਾ ਅਤੇ ਪੁਲੀਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਰ ਦੇਣ ਦੀ ਨੀਅਤ ਨਾਲ ਹੋਏ ਇਸ ਹਮਲੇ ਵਿੱਚ ਪੁਲੀਸ ਦੀ ਗੱਡੀ ਉਤੇ ਇੱਟਾਂ-ਰੋੜੇ ਵੀ ਮਾਰੇ ਗਏ ਪਰ ਕਿਸੇ ਰੂਪ ਵਿੱਚ ਪੁਲੀਸ ਪਾਰਟੀ ਉਥੋਂ ਬਚ ਨਿਕਲਣ ਵਿੱਚ ਸਫ਼ਲ ਹੋ ਗਈ ਅਤੇ ਬਾਅਦ ਪੁਲੀਸ ਨੇ ਰਾਤ ਨੂੰ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਲੋਕਾਂ ਨੂੰ ਪਿੰਡ ਤੋਂ ਬਾਹਰ ਨਾ ਨਿਕਲਣ ਦਿੱਤਾ ਅਤੇ ਸਵੇਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ। 

ਪੁਲੀਸ ਨੇ ਥਾਣੇਦਾਰ ਗੁਰਤੇਜ ਸਿੰਘ ਦੇ ਬਿਆਨ ‘ਤੇ ਦਰਸ਼ਨ ਸਿੰਘ, ਗੋਲਡੀ, ਸਿੱਪੀ, ਸੇਵਕ ਸਿੰਘ, ਗੁਗਨੀ, ਭਾਊ ਸਿੰਘ, ਜੈਲ ਸਿੰਘ, ਲਾਲੂ ਮਿਸਤਰੀ, ਪੰਨੂੰ, ਕੁਲਜੀਤ, ਜੀਤਾ, ਪੀਕਾ, ਤਰਸੇਮ ਸਿੰਘ ਅਤੇ 30-35 ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 307, 353, 186, 188, 269, 148, 149 ਤਹਿਤ ਥਾਣਾ ਸਦਰ ਮਾਨਸਾ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਅਣਪਛਾਤੇ 14 ਹੋਰ ਮੁਲਜ਼ਮਾਂ ਦੀ ਭਾਲ ਕਰਕੇ ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਕ੍ਰਿਸ਼ਨ ਸਿੰਘ, ਸਤਨਾਮ ਸਿੰਘ, ਰਾਜ ਕੁਮਾਰ, ਨਾਇਬ ਸਿੰਘ, ਰਿੰਕੂ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ, ਚਮਕੌਰ ਸਿੰਘ, ਦੁੱਲਾ ਸਿੰਘ, ਸੰਦੀਪ ਸਿੰਘ, ਸੇਵਕ ਸਿੰਘ ਵਾਸੀ ਠੂਠਿਆਵਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਕੁੱਲ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।