ਘਾਟੇ ਵਾਲੇ ਪੰਜਾਬ ਬਜਟ ਵਿਚ ਕਿਹਨੂੰ ਕੀ ਮਿਲਿਆ?

ਘਾਟੇ ਵਾਲੇ ਪੰਜਾਬ ਬਜਟ ਵਿਚ ਕਿਹਨੂੰ ਕੀ ਮਿਲਿਆ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੋਮਵਾਰ ਨੂੰ ਪੰਜਾਬ ਰਾਜ ਦਾ ਬਜਟ 2021-2022 ਐਲਾਨਿਆ ਗਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਇਹ ਬਜਟ ਇਸ ਸਰਕਾਰ ਦਾ ਆਖਰੀ ਬਜਟ ਹੋਵੇਗਾ। 2022 ਦੀਆਂ ਚੋਣਾਂ ਨੂੰ ਦੇਖਦਿਆਂ ਕੈਪਟਨ ਸਰਕਾਰ ਇਸ ਬਜਟ ਵਿੱਚੋਂ ਲੋਕਾਂ ਨੂੰ ਲੁਭਾਉਣ ਲਈ ਵਸੀਲੇ ਕਰਦੀ ਦਿਖੀ।

ਬਜਟ ਕੌਮਾਂਤਰੀ ਔਰਤ ਦਿਵਸ ਵਾਲੇ ਦਿਨ ਪੇਸ਼ ਕੀਤਾ ਗਿਆ, ਇਸ ਲਈ ਔਰਤਾਂ ਦੀ ਭਲਾਈ ਪ੍ਰਤੀ ਸਰਕਾਰ ਦੇ ਯਤਨ ਵੀ ਇਸ ਬਜਟ ਰਾਹੀਂ ਉਭਾਰਨ ਦੇ ਯਤਨ ਕੀਤੇ ਗਏ।

*ਔਰਤਾਂ ਅਤੇ ਸਰਕਾਰੀ ਵਿਦਿਆਰਥੀਆਂ ਨੂੰ ਮੁਫਤ ਸਰਕਾਰੀ ਬੱਸ ਦਾ ਸਫਰ  ਮੁਹੱਈਆ ਕਰਵਾਉਣਾ,ਇਸ ਬੱਜਟ ਦਾ ਸਭ ਤੋਂ ਚਰਚਿਤ ਪੱਖ ਹੈ।

*ਨੌਕਰੀ ਪੇਸ਼ਾ ਔਰਤਾਂ ਲਈ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਮਾਨਸਾ ਅਤੇ ਬਠਿੰਡਾ ਵਿੱਚ ਨਵੇਂ ਸਰਕਾਰੀ ਹੋਸਟਲ ਬਣਾਏ ਜਾਣ ਦੀ ਯੋਜਨਾ ਹੈ।

*ਸ਼ਗਨ ਸਕੀਮ ਨੂੰ 21000 ਤੋਂ  ਵਧਾ ਕੇ 51000 ਕਰ ਦਿੱਤਾ ਗਿਆ।

*ਬਜ਼ੁਰਗਾਂ, ਵਿਧਵਾਵਾਂ ਅਤੇ ਕਮਜ਼ੋਰ ਵਰਗਾਂ ਦੀ ਪੈਨਸ਼ਨ 750 ਤੋਂ 1500 ਕੀਤੀ ਗਈ ਹੈ।

*ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਨਵੀਂ ਤਕਨਾਲੋਜੀ ਦੇ ਪ੍ਰਬੰਧ ਕੀਤੇ ਜਾਣਗੇ 

ਸਿੱਖਿਆ ਸੁਧਾਰਾਂ ਲਈ ਵੀ ਮਹੱਤਵਪੂਰਣ ਐਲਾਨ ਕੀਤੇ ਗਏ।

*90 ਕਰੋੜ ਰੁਪਏ ਪੰਜਾਬੀ ਯੂਨੀਵਰਸਿਟੀ ਦੇ ਕਰਜ਼ੇ ਦੇ ਨਿਪਟਾਰੇ ਲਈ ਜ਼ਾਰੀ ਕੀਤੇ ਜਾਣ ਦਾ ਐਲਾਨ ਹੋਇਆ।

*250 ਸਕੂਲ ਅਪਗ੍ਰੇਡ ਕਰਨ ਅਤੇ 100 ਕਰੋੜ ਰੁਪਏ ਬਾਰਵੀਂ ਦੇ ਜਮਾਤੀਆਂ ਲਈ ਸਮਾਰਟਫੋਨਾਂ ਲਈ ਦੇਣ ਦੀ ਗੱਲ ਵੀ ਕੀਤੀ ਗਈ।

*1068 ਕਰੋੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨੂੰ ਅਲਾਟ ਹੋਏ

*750 ਕਰੋੜ ਰੁਪਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਜਾਰੀ

*ਦੋ ਤਕਨੀਕੀ ਕਾਲਜਾਂ ਨੂੰ ਯੂਨੀਵਰਸਿਟੀਆਂ ਵਿੱਚ ਬਦਲਣ ਦੇ ਆਦੇਸ਼

*100 ਕਰੋੜ ਰੁਪਏ ਸਰਕਾਰੀ ਕਾਲਜਾਂ ਨੂੰ ਅਪਗ੍ਰੇਡ ਕਰਨ ਲਈ ਦਿੱਤੇ ਜਾਣਗੇ।

ਇਹ ਬਜਟ ਕਿਸਾਨਾਂ ਨੂੰ ਸਮਰਪਿਤ ਆਖਿਆ ਗਿਆ, ਸੋ ਕਿਸਾਨਾਂ ਲਈ ਜ਼ਾਰੀ ਫੈਂਸਲੇ ਇਸ ਪ੍ਰਕਾਰ ਹਨ-

*1.13 ਲੱਖ ਕਿਸਾਨਾਂ ਦਾ 1186 ਕਰੋੜ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਗਈ, ਜਿਸ ਵਿੱਚ 526 ਕਰੋੜ ਰੁਪਏ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਦੂਜੇ ਗੇੜ ਵਿੱਚ ਜ਼ਾਰੀ ਕਰੇ ਜਾਣਗੇ

*1513 ਕਰੋੜ ਰੁਪਏ ਘਰੇਲੂ ਖਪਤਕਾਰਾਂ ਦੀ ਬਿਜਲੀ ਸਬਸਿਡੀ ਲਈ ਮਨਜ਼ੂਰ ਹੋਏ

*897 ਕਰੋੜ ਨਹਿਰੀ ਸਿੰਚਾਈ ਦੇ ਸੁਧਾਰ ਲਈ ਜ਼ਾਰੀ ਕਰਨੇ ਮੰਨੇ ਗਏ

*ਪੰਜਾਬ ਗੰਨਾ ਖੋਜ਼ ਵਿਕਾਸ ਇੰਸਟੀਚਿਊਟ ਕਲਾਨੌਰ ਵਿਖੇ ਸਥਾਪਿਤ ਕਰਨ ਦੀ ਯੋਜਨਾ ਹੈ, ਗੁਰਦਾਸਪੁਰ ਅਤੇ ਬਟਾਲਾ ਦੀਆਂ ਸ਼ੂਗਰ ਮਿੱਲਾਂ ਅਪਗ੍ਰੇਡ ਕਰਕੇ ਤਿੰਨ ਸੌ ਕਰੋੜ ਰੁਪਏ ਗੰਨੇ ਦੀ ਖਰੀਦ ਲਈ ਜ਼ਾਰੀ ਕਰਨੇ

ਹੋਰ ਖੇਤਰਾਂ ਵਿੱਚ ਕੀਤੇ ਗਏ ਜ਼ਿਕਰਯੋਗ ਮਹੱਤਵਪੂਰਨ ਫੈਂਸਲੇ ਇਸ ਤਰਾਂ ਹਨ।

*ਇੱਕ ਜੁਲਾਈ ਤੋਂ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦੀ ਸਿਫਾਰਸ਼

*ਇੱਕ ਲੱਖ ਖਾਲੀ ਅਸਾਮੀਆਂ ਨੂੰ ਭਰਨ ਲਈ ਪਹਿਲੇ ਗੇੜ ਵਿੱਚ ੪੮੯੮੯ ਅਸਾਮੀਆਂ ਦੀ ਮਨਜ਼ੂਰੀ

*ਬਜ਼ੁਰਗ ਲੇਖਕਾਂ ਦੀ ਪੈਨਸ਼ਨ ਵੀ ੫੦੦੦ ਤੋਂ ਵਧਾ ਕੇ ੧੫੦੦੦ ਕੀਤੀ ਗਈ

*ਫਾਜ਼ਿਲਕਾ ਵਿੱਚ ਮਲਟੀ-ਸਪੈਸਲਿਟੀ ਵੈਟਰਨਰੀ ਹਸਪਤਾਲ ਦਾ ਐਲਾਨ ਕੀਤਾ ਗਿਆ

1 ਲੱਖ 68 ਹਜ਼ਾਰ 15 ਕਰੋੜ ਰੁਪਏ ਦਾ ਸਾਲ ੨੦੨੧-੨੨ ਲਈ ਪੇਸ਼ ਹੋਇਆ ਬੱਜਟ ਘਾਟੇ ਵਾਲਾ ਹੀ ਹੈ, ਜਿਸ ਵਿੱਚ ਹਰ ਵਿੱਤੀ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਸਿਰ ਕਰਜੇ ਦਾ ਭਾਰ ਵੱਧ ਗਿਆ ਹੈ। 

ਹਾਲਾਂਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਜੇਕਰ ਕਰੋਨਾ ਕਾਲ ਨਾ ਹੁੰਦਾ ਤਾਂ ਬੱਜਟ ਸਰਪਲੱਸ ਰਹਿਣਾ ਸੀ। ਇਸੇ ਨੁਕਤੇ ਤੇ ਧਿਆਨ ਕੇਂਦਰਤ ਕਰਦੇ ਹੋਏ ਪੰਜਾਬ ਵਿੱਚ ਦੁਕਾਨਾਂ ਤੇ ਹੋਰ ਵਪਾਰਕ ਕੇਂਦਰ ਹਫਤੇ ਦੇ ਸਾਰੇ ਦਿਨ,ਚੌਵੀ ਘੰਟਿਆਂ ਲਈ ਖੁੱਲੇ ਰੱਖਣ ਦੀ ਗੱਲ ਕਹੀ ਗਈ।