ਗੁਰੂ ਰਵਿਦਾਸ ਮੰਦਿਰ ਤੋੜਨ ਦੇ ਰੋਸ ਵਜੋਂ ਕੱਲ੍ਹ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ

ਗੁਰੂ ਰਵਿਦਾਸ ਮੰਦਿਰ ਤੋੜਨ ਦੇ ਰੋਸ ਵਜੋਂ ਕੱਲ੍ਹ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ

ਚੰਡੀਗੜ੍ਹ: ਦਿੱਲੀ ਦੇ ਤੁਗ਼ਲਕਾਬਾਦ ’ਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਸੂਬੇ ਦੀ ਦਲਿਤ ਸਿਆਸਤ ਵੀ ਭਖ਼ ਗਈ ਹੈ। ਗੁਰੂ ਰਵਿਦਾਸ ਸਭਾਵਾਂ ਅਤੇ ਹੋਰ ਜਥੇਬੰਦੀਆਂ ਨੇ 13 ਅਗਸਤ (ਬੁੱਧਵਾਰ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਮੀਡੀਆ ਨੂੰ ਦੱਸਿਆ ਕਿ 21 ਅਗਸਤ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਚ ਇਕ ਦਿਨਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲਾਂਕਿ ਕਈ ਦਲਿਤ ਜਥੇਬੰਦੀਆਂ ਵੱਲੋਂ 13 ਅਗਸਤ ਨੂੰ ਭਾਰਤ ਬੰਦ ਕੀਤੇ ਜਾਣ ਦਾ ਵੀ ਐਲਾਨ ਕੀਤਾ ਹੋਇਆ ਹੈ। ਸੰਤ ਸਤਵਿੰਦਰ ਹੀਰਾ ਨੇ ਸਪੱਸ਼ਟ ਕੀਤਾ ਕਿ 13 ਨੂੰ ਬੰਦ ਦੌਰਾਨ ਐਂਬੂਲੈਂਸਾਂ, ਸਸਕਾਰ ਲਈ ਜਾਣ ਵਾਲੀਆਂ ਗੱਡੀਆਂ ਅਤੇ ਮਰੀਜ਼ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਇਸ ਤੋਂ ਇਲਾਵਾ ਦਲਿਤ ਭਾਈਚਾਰੇ ਨੇ ਅੱਜ ਦੂਜੇ ਦਿਨ ਵੀ ਰੋਸ ਵਿਖਾਵੇ ਕੀਤੇ। ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।


ਉੁਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਤੇ ਹੋਰ ਸ਼ਰਧਾਲੂਆਂ ਨੂੰ ਜਬਰੀ ਹਿਰਾਸਤ ’ਚ ਲੈ ਲਿਆ ਸੀ। ਪੁਲੀਸ ਅਤੇ ਦਿੱਲੀ ਵਿਕਾਸ ਅਥਾਰਿਟੀ ਨੇ ਮੰਦਰ ਤੋੜਨ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ। ਇਸ ਮੌਕੇ ਸੰਤ ਸਰਵਣ ਦਾਸ, ਪ੍ਰਸ਼ੋਤਮ ਲਾਲ ਚੱਕ ਹਕੀਮ, ਪ੍ਰੇਮ ਪਾਲ ਸਿੰਘ ਖ਼ਾਲਸਾ, ਰਾਮ ਸਿੰਘ, ਗੁਰਦਿਆਲ ਚੰਦ, ਸੰਤ ਦਿਆਲਾ ਚੰਦ ਤੇ ਹੋਰ ਆਗੂ ਹਾਜ਼ਰ ਸਨ। ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਾਸੀ ਸੰਤ ਨਿਰੰਜਣ ਦਾਸ ਦੀ ਪ੍ਰਧਾਨਗੀ ਹੇਠ ਟਰੱਸਟ ਦੀ ਅੱਜ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ’ਚ ਸੰਤ ਨਿਰੰਜਣ ਦਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਿੱਲੀ ਵਿਕਾਸ ਅਥਾਰਿਟੀ ਨੂੰ ਹੁਕਮ ਦੇਣ ਤੇ ਢਾਹੇ ਗਏ ਮੰਦਰ ਨੂੰ ਬਿਨਾਂ ਦੇਰੀ ਦੇ ਮੁੜ ਉਸਾਰਿਆ ਜਾਵੇ। 

ਉਨ੍ਹਾਂ ਕਿਹਾ ਕਿ ਰਵਿਦਾਸੀਆ ਭਾਈਚਾਰੇ ਦੇ ਮਨਾਂ ਨੂੰ ਸੱਟ ਵੱਜੀ ਹੈ ਤੇ ਮੁਆਫ਼ੀ ਮੰਗੀ ਜਾਵੇ। ਮੀਟਿੰਗ ਵਿੱਚ ਇਹ ਮੰਗ ਵੀ ਕੀਤੀ ਗਈ ਕਿ ਮੰਦਰ ਦੀ ਜ਼ਮੀਨ ਵਾਪਸ ਕੀਤੀ ਜਾਵੇ। ਇਸ ਮੌਕੇ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਸੰਤ ਨਿਰੰਜਣ ਦਾਸ ਵੱਲੋਂ ਸਮੂਹ ਦੇਸ਼-ਵਿਦੇਸ਼ ਦੀ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।