ਜਦੋਂ ਕਸ਼ਮੀਰੀ ਘਰਾਂ ਵਿੱਚ ਬੰਦ ਸੀ ਉਸ ਸਮੇਂ ਅਜੀਤ ਡੋਵਾਲ ਦੀ ਕਸ਼ਮੀਰੀਆਂ ਨਾਲ ਮੁਲਾਕਾਤ ਦਾ ਕੱਚ-ਸੱਚ

ਜਦੋਂ ਕਸ਼ਮੀਰੀ ਘਰਾਂ ਵਿੱਚ ਬੰਦ ਸੀ ਉਸ ਸਮੇਂ ਅਜੀਤ ਡੋਵਾਲ ਦੀ ਕਸ਼ਮੀਰੀਆਂ ਨਾਲ ਮੁਲਾਕਾਤ ਦਾ ਕੱਚ-ਸੱਚ
ਡੋਵਾਲ ਵੱਲੋਂ ਕਸ਼ਮੀਰੀਆਂ ਨਾਲ ਮੁਲਾਕਾਤ ਮੌਕੇ ਦੀ ਤਸਵੀਰ

ਸ਼ੋਪੀਆਂ: ਭਾਰਤ ਸਰਕਾਰ ਵੱਲੋਂ ਸੰਵਿਧਾਨ ਵਿੱਚੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦੇ ਦੋ ਦਿਨਾਂ ਬਾਅਦ ਜਦੋਂ ਸਾਰਾ ਕਸ਼ਮੀਰ ਇੱਕ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਕਸ਼ਮੀਰ ਤੋਂ ਕੋਈ ਖਬਰ ਬਾਹਰ ਨਹੀਂ ਆ ਰਹੀ ਸੀ ਤਾਂ ਭਾਰਤੀ ਮੀਡੀਆ ਵਿੱਚ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਵਿੱਚ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਖਾੜਕੂਵਾਦ ਦੇ ਕੇਂਦਰ ਮੰਨੇ ਜਾਂਦੇ ਜ਼ਿਲ੍ਹਾ ਸ਼ੋਪੀਆਂ ਵਿੱਚ ਕੁੱਝ ਕਸ਼ਮੀਰੀਆਂ ਨਾਲ ਸੜਕ 'ਤੇ ਖੜ੍ਹ ਕੁੱਝ ਖਾਂਦਿਆਂ ਆਮ ਗੱਲਬਾਤ ਕਰਦੇ ਦਿਖਾਏ ਗਏ। ਇਸ ਵੀਡੀਓ ਤੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਕਸ਼ਮੀਰ ਵਿੱਚ ਸਭ ਠੀਕ ਹੈ। 

ਪਰ ਅਮਰੀਕਾ ਦੇ ਅਖਬਾਰ ਹਫਿੰਗਟਨ ਪੋਸਟ ਨੇ ਇਸ ਭਾਰਤੀ ਚਲਾਕੀ ਦਾ ਪਰਦਾ ਫਾਸ਼ ਕਰਦੀ ਇੱਕ ਰਿਪੋਰਟ ਛਾਪੀ ਹੈ। ਡੋਵਾਲ ਨਾਲ ਖੜ੍ਹ ਕੇ ਗੱਲਾਂ ਕਰ ਰਹੇ ਕਸ਼ਮੀਰੀਆਂ ਵਿੱਚੋਂ ਇੱਕ ਤੱਕ ਹਫਿੰਗਟਨ ਪੋਸਟ ਨੇ ਪਹੁੰਚ ਕੀਤੀ ਤੇ ਸਾਰਾ ਸੱਚ ਦੁਨੀਆ ਸਾਹਮਣੇ ਰੱਖਿਆ। 

ਹਫਿੰਗਟਨ ਪੋਸਟ ਦੀ ਰਿਪੋਰਟ ਮੁਤਾਬਿਕ ਇਹ ਕਸ਼ਮੀਰੀ ਸਖਸ਼ ਜੋ ਡੋਵਾਲ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਇਸ ਦਾ ਨਾਂ ਮੋਹੱਮਦ ਮਨਸੂਰ ਮਗਰੇ ਹੈ ਜਿਸਦੀ ਉਮਰ 62 ਸਾਲ ਦੀ ਹੈ। ਇਹ ਵਿਅਕਤੀ ਇਕ ਸੇਵਾਮੁਕਤ ਸਰਕਾਰੀ ਅਫਸਰ ਹੈ ਅਤੇ ਹੁਣ ਇੱਕ ਸਮਾਜ ਸੇਵਕ ਵਜੋਂ ਵਿਚਰਦਾ ਹੈ। ਉਸਨੇ ਹਫਿੰਗਟਨ ਪੋਸਟ ਨੂੰ ਦੱਸਿਆ ਕਿ ਉਸਨੂੰ ਪੁਲਿਸ ਉਸਦੇ ਘਰੋਂ ਝੂਠ ਬੋਲ ਕੇ ਲੈ ਗਈ ਸੀ ਅਤੇ ਜੇ ਉਸਨੂੰ ਪਤਾ ਹੁੰਦਾ ਕਿ ਉਸਨੂੰ ਡੋਵਾਲ ਨਾਲ ਇਸ ਤਰ੍ਹਾਂ ਮਿਲਾਉਣਾ ਹੈ ਤਾਂ ਉਹ ਕਦੇ ਵੀ ਨਹੀਂ ਜਾਂਦਾ। 

ਅਖਬਾਰ ਵੱਲੋਂ ਉਸ ਨਾਲ ਕੀਤੀ ਇੰਟਰਵਿਊ ਦਾ ਪੰਜਾਬੀ ਵਿੱਚ ਉਲੱਥਾ ਕਰਕੇ ਅਸੀਂ ਪਾਠਕਾਂ ਦੀ ਜਾਣਕਾਰੀ ਹਿੱਤ ਛਾਪ ਰਹੇ ਹਾਂ।

ਕੀ ਤਸੀਂ ਸਾਨੂੰ ਆਪਣੇ ਬਾਰੇ ਕੁੱਝ ਦੱਸੋਗੇ?

ਮੈਂ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜ ਸੇਵਾ ਕਰ ਰਿਹਾ ਹਾਂ। ਆਪਣੀ ਨੌਕਰੀ ਸਮੇਂ ਮੈਂ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਦਾ ਰਿਹਾ ਅਤੇ ਮੈਂ ਮੁਲਾਜ਼ਮ ਯੂਨੀਅਨ ਦਾ ਆਗੂ ਵੀ ਰਿਹਾ। 

ਮੈਂ ਅਫਜ਼ਲ ਗੁਰੂ ਦੀ ਫਾਂਸੀ ਦਾ ਵੀ ਵਿਰੋਧ ਕੀਤਾ। ਹੁਣੇ ਹੀ ਭਾਰਤੀ ਸੰਵਿਧਾਨ ਅਧੀਨ ਜੰਮੂ ਕਸ਼ਮੀਰ ਦੇ ਖਾਸ ਰੁਤਬੇ ਨੂੰ ਰੱਦ ਕਰਨ ਦਾ ਵੀ ਮੈਂ ਵਿਰੋਧ ਕੀਤਾ ਸੀ।

ਸੇਵਾਮੁਕਤੀ ਤੋਂ ਬਾਅਦ ਮੈਂ ਇਲਾਕੇ ਦੇ ਵਿਕਾਸ ਲਈ ਸਰਕਾਰ ਅਤੇ ਲੋਕਾਂ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਸੀ। 

ਪੁਲਿਸ ਅਤੇ ਸਰਕਾਰੀ ਅਫਸਰਾਂ ਨਾਲ ਮੇਰੇ ਚੰਗੇ ਸਬੰਧਾਂ ਕਾਰਨ, ਜਦੋਂ ਸੁਰੱਖਿਆ ਬਲ ਕਿਸੇ ਬੱਚੇ ਨੂੰ ਚੁੱਕ ਲੈਂਦੇ ਸਨ ਤਾਂ ਉਹਨਾਂ ਦੀ ਰਿਹਾਈ ਲਈ ਦੁਖੀ ਪਰਿਵਾਰ ਮੇਰੇ ਤੱਕ ਪਹੁੰਚ ਕਰਦੇ ਸਨ। ਉਹਨਾਂ ਨੂੰ ਮੇਰੇ 'ਤੇ ਬਹੁਤ ਵਿਸ਼ਵਾਸ ਹੈ ਅਤੇ ਹਰ ਰੋਜ਼, ਤੁਸੀਂ ਦੇਖ ਸਕਦੇ ਹੋ ਲੋਕ ਮੇਰੇ ਘਰ ਆਪਣੇ ਮਸਲੇ ਹੱਲ ਕਰਾਉਣ ਲਈ ਆਉਂਦੇ ਹਨ।

ਮੈਂ ਰਾਜਨੀਤੀ ਨੂੰ ਪਸੰਦ ਨਹੀਂ ਕਰਦਾ।

7 ਅਗਸਤ ਨੂੰ ਕੀ ਹੋਇਆ ਸੀ?

7 ਅਗਸਤ ਵਾਲੇ ਦਿਨ, ਮੈਂ ਆਪਣੇ ਘਰ ਵਿੱਚ ਦੁਪਹਿਰ ਦੀ ਨਮਾਜ਼ ਦੀ ਤਿਆਰੀ ਕਰ ਰਿਹਾ ਸੀ ਜਦੋਂ ਕੁੱਝ ਪੁਲਿਸ ਵਾਲੇ ਆਮ ਕੱਪੜਿਆਂ ਵਿੱਚ ਸੀਆਰਪੀਐਫ ਦੇ ਜਵਾਨਾਂ ਨਾਲ ਮੋਟਰਸਾਈਕਲਾਂ 'ਤੇ ਆਏ। ਉਹਨਾਂ ਮੈਨੂੰ ਸੋਪੀਆਂ ਪੁਲਿਸ ਥਾਣੇ ਚੱਲਣ ਲਈ ਕਿਹਾ। 

ਕਿਉਂਕਿ ਧਾਰਾ 370 ਹਟਾਉਣ ਦੇ ਐਲਾਨ ਮਗਰੋਂ ਪੁਲਿਸ ਰਾਜਨੀਤਕ ਆਗੂਆਂ ਅਤੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਰਹੀ ਸੀ ਮੈਂ ਸੋਚਿਆ ਕਿ ਸ਼ਾਇਦ ਇਸੇ ਲਈ ਮੈਨੂੰ ਬੁਲਾਇਆ ਗਿਆ ਹੈ।

ਪਰ ਉਹਨਾਂ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਸੋਪੀਆਂ ਦੌਰੇ 'ਤੇ ਆ ਰਹੇ ਹਨ। 

ਕਿਉਂਕਿ ਡੀਜੀਪੀ ਸਾਹਬ ਸਰਕਾਰ ਦੇ ਨੁਮਾਂਇੰਦੇ ਹਨ, ਤੇ ਮੈਂ ਇੱਕ ਸਮਾਜ ਸੇਵਕ ਹੋਣ ਨਾਤੇ ਪੁਲਿਸ ਥਾਣੇ ਜਾਣ ਦਾ ਫੈਂਸਲਾ ਕੀਤਾ। ਮੈਂ ਇੱਕ ਮੋਟਰਸਾਈਕਲ 'ਤੇ ਬੈਠਿਆ ਤੇ ਉਹਨਾਂ ਨਾਲ ਚਲੇ ਗਿਆ।

ਮੈਂ ਸੋਚਿਆ ਕਿ ਲੋਕ ਆਪਣੇ ਘਰਾਂ ਵਿੱਚ ਪਿਛਲੇ 72 ਘੰਟਿਆਂ ਤੋਂ ਬੰਦ ਹਨ, ਮੈਂ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਡੀਜੀਪੀ ਨੂੰ ਦੱਸਾਂਗਾ। ਜਦੋਂ ਮੈਂ ਪੁਲਿਸ ਸਟੇਸ਼ਨ ਪਹੁੰਚਿਆ, ਤਾਂ ਮੈਂ ਦੇਖਿਆ ਕਿ ਉੱਥੇ ਉਕਾਫ (ਮਸਜਿਦ ਪ੍ਰਬੰਧਕ) ਦੇ 5-6 ਲੋਕ ਹੋਰ ਮੋਜੂਦ ਸਨ। ਜਦੋਂ 5-10 ਮਿੰਟ ਉਡੀਕਣ ਮਗਰੋਂ ਕੋਈ ਨਹੀਂ ਆਇਆ ਤਾਂ ਮੈਂ ਉਹਨਾਂ ਨੂੰ ਕਿਹਾ, "ਤੁਸੀਂ ਮੈਨੂੰ ਕਿਹੜੀ ਕੋਠੜੀ ਵਿੱਚ ਸੁੱਟਣ ਵਾਲੇ ਹੋ? ਇੱਥੇ ਹੀ ਜਾਂ ਤਿਹਾੜ ਜੇਲ?"

ਕਿਉਂਕਿ ਪੁਲਿਸ ਥਾਣੇ ਵਿੱਚ ਕੋਈ ਉੱਚ ਅਫਸਰ ਨਹੀਂ ਆਇਆ ਸੀ, ਮੈਂ ਉੱਥੋਂ ਜਾਣ ਦਾ ਫੈਂਸਲਾ ਕੀਤਾ ਅਤੇ ਅਫਸਰਾਂ ਨੂੰ ਕਿਹਾ ਕਿ ਮੈਂ ਖਾਣਾ ਖਾ ਕੇ ਵਾਪਸ ਆ ਜਾਵਾਂਗਾ। ਮੈਂ ਉੱਥੇ ਮੋਜੂਦ ਹੋਰ ਸਥਾਨਕ ਲੋਕਾਂ ਨੂੰ ਵੀ ਘਰ ਜਾ ਕੇ ਬਾਅਦ ਵਿੱਚ ਵਾਪਸ ਆਉਣ ਲਈ ਕਿਹਾ। 

ਤੁਹਾਡੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਿਵੇਂ ਹੋਈ?

ਜਦੋਂ ਅਸੀਂ ਪੁਲਿਸ ਥਾਣੇ ਵਿੱਚੋਂ ਜਾਣ ਲਈ ਤੁਰਨ ਲੱਗੇ ਤਾਂ ਇੱਕ ਪੁਲਿਸ ਦੀ ਗੱਡੀ ਅਤੇ ਇੱਕ ਐਂਬੂਲੈਂਸ ਆ ਕੇ ਰੁਕੀ। ਸਾਨੂੰ ਸਾਰਿਆਂ ਨੂੰ ਐਂਬੂਲੈਂਸ ਵਿੱਚ ਬਿਠਾ ਦਿੱਤਾ ਗਿਆ ਅਤੇ ਉਹਨਾਂ ਸਾਨੂੰ ਜਾਨਵਰਾਂ ਵਾਂਗ ਸ਼ੋਪੀਆਂ ਦੇ ਸ੍ਰੀਨਗਰ ਬੱਸ ਅੱਡੇ 'ਤੇ ਸੁੱਟ ਦਿੱਤਾ। ਜਦੋਂ ਅਸੀਂ ਉੱਥੇ ਉਤਰੇ ਤਾਂ ਅਸੀਂ ਦੇਖਿਆ ਕਿ ਉੱਥੇ ਫੌਜ ਅਤੇ ਪੁਲਿਸ ਦੀਆਂ ਗੱਡੀਆਂ ਦੀ ਇੱਕ ਲੰਬੀ ਕਤਾਰ ਖੜ੍ਹੀ ਸੀ ਜਿਸਨੇ ਸਮੁੱਚੇ ਇਲਾਕੇ ਨੂੰ ਘੇਰਿਆ ਹੋਇਆ ਸੀ।

ਐਂਬੂਲੈਂਸ ਵਿੱਚੋਂ ਨਿਕਲਦਿਆਂ ਸਾਰ ਸਾਨੂੰ ਸੋਪੀਆਂ ਦੇ ਐੱਸਐੱਸਪੀ ਸੰਦੀਪ ਚੌਧਰੀ ਨੇ ਸਲਾਮ ਕਹੀ। ਉਸ ਤੋਂ ਬਾਅਦ, ਮੈਂ ਡੀਜੀਪੀ ਸਾਹਬ ਨੂੰ ਮਿਲਿਆ ਅਤੇ ਉਹਨਾਂ ਨੂੰ 72 ਘੰਟਿਆਂ ਤੋਂ ਘਰਾਂ ਵਿੱਚ ਬੰਦ ਕਸ਼ਮੀਰੀਆਂ ਦੀਆਂ ਮੁਸ਼ਕਿਲਾਂ ਸਬੰਧੀ ਦੱਸਿਆ। 

ਜਦੋਂ ਮੈਂ ਉਹਨਾਂ ਨੂੰ ਆਪਣੀ ਗੱਲ ਦੱਸ ਰਿਹਾ ਸੀ ਤਾਂ ਉਹ ਮੈਂ ਇੱਕ ਜੈਕੇਟ ਪਾਈ ਖੜ੍ਹੇ ਆਦਮੀ ਕੋਲ ਲੈ ਗਏ ਅਤੇ ਕਿਹਾ ਕਿ ਇਹਨਾਂ ਨਾਲ ਗੱਲ ਕਰੋ। ਮੈਂ ਉਸ ਆਦਮੀ (ਡੋਵਾਲ) ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਮੈਂ ਸੋਚਿਆ ਕਿ ਇਹ ਸ਼ਾਇਦ ਡੀਜੀਪੀ ਸਾਹਬ ਦਾ ਨਿੱਜੀ ਸਕੱਤਰ ਹੋਵੇਗਾ। 

ਡੋਵਾਲ ਨੇ ਤੁਹਾਨੂੰ ਕੀ ਕਿਹਾ?

ਉਹਨੇ ਕਿਹਾ: 'ਦੇਖੋ, ਧਾਰਾ 370 ਖਤਮ ਹੋ ਗਈ ਹੈ।'

ਮੈਂ ਜਵਾਬ ਵਿੱਚ ਕੁੱਝ ਨਹੀਂ ਬੋਲਿਆ।

ਫੇਰ ਉਹਨੇ ਕਿਹਾ, 'ਲੋਕਾਂ ਨੂੰ ਇਸ ਨਾਲ ਫਾਇਦਾ ਹੋਵੇਗਾ ਅਤੇ ਭਗਵਾਨ ਸਭ ਕੁੱਝ ਚੰਗਾ ਕਰੇ।'

ਮੈਂ ਜਵਾਬ ਦਿੱਤਾ: ਇਨਸ਼ਾਅੱਲਾਹ।

ਉਹਨੇ ਫੇਰ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ ਅਤੇ ਹੋਰ ਫਾਇਦਿਆਂ ਬਾਰੇ ਗੱਲ ਕੀਤੀ। ਉਹ ਅਸਲ ਵਿੱਚ ਸਾਨੂੰ ਸਮਝਾਉਣਾ ਚਾਹੁੰਦਾ ਸੀ ਕਿ ਇਸ ਫੈਂਸਲੇ ਨਾਲ ਕਸ਼ਮੀਰ ਦਾ ਕਿਵੇਂ ਫਾਇਦਾ ਹੋਵੇਗਾ।

ਇਸ ਦੌਰਾਨ, ਉੱਥੇ ਮੋਜੂਦ 5-8 ਕੈਮਰੇ ਵਾਲਿਆਂ ਨੇ ਇਸ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ। ਇਹ ਗੱਲਬਾਤ ਤਕਰੀਬਨ 10-15 ਮਿੰਟ ਤੱਕ ਚੱਲੀ।

ਕੀ ਤੁਹਾਨੂੰ ਕੋਈ ਅੰਦਾਜ਼ਾ ਸੀ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ?

ਨਹੀਂ। ਜਦੋਂ ਮੈਂ ਡੀਜੀਪੀ ਅਤੇ ਐੱਸਪੀ ਨੂੰ ਉਸ ਅੱਗੇ ਪੂਰੀ ਸਾਵਧਾਨ ਸਥਿਤੀ 'ਚ ਖੜ੍ਹੇ ਦੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਡੀਜੀਪੀ ਦਾ ਨਿਜੀ ਸਕੱਤਰ ਨਹੀਂ ਹੋ ਸਕਦਾ। 

ਉਸ ਤੋਂ ਬਾਅਦ ਮੈਂ ਕਿਹਾ, "ਸਰ, ਕਿਰਪਾ ਕਰਕੇ ਮੈਨੂੰ ਆਪਣੇ ਬਾਰੇ ਦੱਸੋਗੇ?"

ਉਸਨੇ ਜਵਾਬ ਦਿੱਤਾ: ਮੈਂ ਮੋਦੀ ਜੀ ਦਾ ਕੌਮੀ ਸੁਰੱਖਿਆ ਸਲਾਹਕਾਰ ਹਾਂ।

ਫੇਰ ਮੈਂ ਆਪਣੇ ਬਾਰੇ ਦੱਸਿਆ।

ਉਹਨਾਂ ਮੇਰੇ ਨਾਲ ਹੱਥ ਮਿਲਾਇਆ ਅਤੇ ਮੈਨੂੰ ਉਹਨਾਂ ਨਾਲ ਇੱਕ ਤਸਵੀਰ ਖਿਚਾਉਣ ਲਈ ਕਿਹਾ। ਮੈਂ ਸਮਝ ਗਿਆ ਸੀ ਕਿ ਇਹ ਇੱਕ ਜਾਲ ਬੁਣਿਆ ਗਿਆ ਸੀ।

ਮਤਲਬ, ਤੁਸੀਂ ਕਹਿ ਰਹੇ ਹੋ ਕਿ ਜਿਸ ਬੰਦੇ ਨੂੰ ਤੁਸੀਂ ਮਿਲ ਰਹੇ ਸੀ ਤੁਹਾਨੂੰ ਉਸਦੀ ਅਸਲੀਅਤ ਬਾਰੇ ਨਹੀਂ ਦੱਸਿਆ ਗਿਆ ਸੀ?

ਨਹੀਂ। ਜੇ ਮੈਨੂੰ ਪਤਾ ਹੁੰਦਾ ਕਿ ਉਹ ਡੋਵਾਲ ਹੋਵੇਗਾ ਤਾਂ ਮੈਂ ਕਦੇ ਨਾ ਜਾਂਦਾ। ਭਾਵੇਂ ਉਹ ਮੈਨੂੰ ਧੂਹ ਕੇ ਲਿਜਾਉਂਦੇ।

ਤੁਸੀਂ ਉਹਨਾਂ ਨਾਲ ਬਿਰਿਆਨੀ ਵੀ ਸਾਂਝੀ ਕੀਤੀ?

ਜਦੋਂ ਗੱਲਬਾਤ ਖਤਮ ਹੋ ਗਈ, ਤਾਂ ਡੀਜੀਪੀ ਸਾਹਬ ਨੇ ਮੈਨੂੰ ਉਹਨਾਂ ਨਾਲ ਖਾਣਾ ਖਾਣ ਲਈ ਕਿਹਾ। 


ਚੌਲ ਖਾਂਦਿਆਂ ਦੀ ਤਸਵੀਰ

ਉਹ ਬਿਰਿਆਨੀ ਨਹੀਂ ਸੀ। ਜਦੋਂ ਮੈਂ ਡੋਵਾਲ ਨਾਲ ਗੱਲ ਕਰ ਰਿਹਾ ਸੀ ਤਾਂ ਇੱਕ ਅਫਸਰ ਨੇ ਮੇਰੇ ਹੱਥ ਵਿੱਚ ਚੌਲਾਂ ਦੀ ਥਾਲ ਫੜ੍ਹਾ ਦਿੱਤੀ। ਉਸ ਵਿੱਚ ਚੌਲਾਂ ਤੋਂ ਇਲਾਵਾ ਮੀਟ ਦਾ ਪੀਸ ਵੀ ਸੀ ਤੇ ਥੋੜੀ ਤਰੀ ਵੀ ਸੀ। ਡੋਵਾਲ ਉਸ ਨੂੰ ਸਵਾਦ ਨਾਲ ਖਾ ਰਹੇ ਸੀ।

ਇਸ ਮੁਲਾਕਾਤ ਤੋਂ ਬਾਅਦ ਤੁਹਾਡੇ ਪਰਿਵਾਰ ਦਾ ਕੀ ਵਤੀਰਾ ਸੀ?

ਜਦੋਂ ਮੈਂ ਆਪਣੇ ਪੁੱਤਰ ਨੂੰ ਦੱਸਿਆ ਕਿ ਮੈਂ ਅਜੀਤ ਡੋਵਾਲ ਨੂੰ ਮਿਲ ਕੇ ਆਇਆ ਹਾਂ, ਉਹ ਆਪਣੇ ਮੰਜੇ ਤੋਂ ਇਕ ਦਮ ਉੱੋਿਠਆ। ਉਸਨੇ ਮੈਨੂੰ ਕਿਹਾ, "ਡੈਡੀ, ਤੁਸੀਂ ਛੇਤੀ ਹੀ ਟੀਵੀ 'ਤੇ ਨਜ਼ਰ ਆਓਂਗੇ।' ਉਸੇ ਤਰ੍ਹਾਂ ਹੀ ਹੋਇਆ।

ਜਦੋਂ ਵੀਡੀਓ ਵਾਇਰਲ ਹੋ ਗਈ ਤਾਂ ਉਹ ਡਰ ਗਏ। ਮੇਰੇ ਪੁੱਤਰ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਆਪਣਾ ਸਮਾਨ ਬੰਨ੍ਹੇ ਅਤੇ ਸ਼੍ਰੀਨਗਰ ਚਲੇ ਜਾਣ।

ਤੁਸੀਂ ਕਹਿ ਰਹੇ ਹੋ ਕਿ ਡੋਵਾਲ ਨਾਲ ਮੁਲਾਕਾਤ ਲਈ ਤੁਹਾਨੂੰ ਗੁਮਰਾਹ ਕੀਤਾ ਗਿਆ?

ਮੈਂ ਇਸ ਨੂੰ ਗੁਮਰਾਹ ਕਰਨਾ ਤਾਂ ਨਹੀਂ ਕਹਾਂਗਾ। ਪਰ ਹਾਂ, ਪਰ ਉਹਨਾਂ ਮੈਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਮੈਂ ਇੱਕ ਸਮਾਜ ਸੇਵਕ ਹੋਣ ਨਾਤੇ ਡੀਜੀਪੀ ਸਾਹਬ ਨੂੰ ਮਿਲਣ ਗਿਆ ਸੀ। 

ਹਾਲਾਤ ਨੂੰ ਜ਼ਿਆਦਾ ਖਰਾਬ ਕਾਂਗਰਸੀ ਆਗੂ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਦੇ ਬਿਆਨ ਨੇ ਕੀਤਾ ਹੈ। ਉਹਨਾਂ ਸਾਨੂੰ "ਭਾੜੇ ਦੇ ਏਜੰਟ" ਕਹਿ ਦਿੱਤਾ। ਇਸ ਬਿਆਨ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਮੈਂ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਾਵਾਂਗਾ।

ਵੀਡੀਓ ਵਿੱਚ ਨਜ਼ਰ ਆ ਰਹੇ ਹੋਰ ਸਥਾਨਕ ਲੋਕ ਕੌਣ ਸਨ?

ਉਹ ਸਭ ਸ਼ੋਪੀਆਂ ਦੀ ਮਸਜਿਦ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਉਹਨਾਂ ਵਿੱਚੋਂ ਇੱਕ ਜੇਲ੍ਹ ਵਿੱਚ ਬੰਦ ਪੁੱਤ ਦਾ ਪਿਓ ਸੀ ਅਤੇ ਇੱਕ ਹੋਰ ਡਰਾਈਵਰ ਸੀ।