ਪੰਜਾਬ ਨੇ ਭਾਰਤੀ ਕਾਨੂੰਨ ਰੱਦ ਕਰਕੇ ਕੇਂਦਰ ਅੱਗੇ ਹਿੱਕ ਡਾਹੀ; ਮੋਦੀ ਵੱਲੋਂ 6 ਵਜੇ ਕੋਈ ਵੱਡਾ ਐਲਾਨ ਕਰਨ ਦੀ ਤਿਆਰੀ

ਪੰਜਾਬ ਨੇ ਭਾਰਤੀ ਕਾਨੂੰਨ ਰੱਦ ਕਰਕੇ ਕੇਂਦਰ ਅੱਗੇ ਹਿੱਕ ਡਾਹੀ; ਮੋਦੀ ਵੱਲੋਂ 6 ਵਜੇ ਕੋਈ ਵੱਡਾ ਐਲਾਨ ਕਰਨ ਦੀ ਤਿਆਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਬਿੱਲ ਪੇਸ਼ ਕਰ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਨਾਲ ਬਿਜਲੀ ਪੈਦਾਵਾਰ ਤੇ ਵੰਡ ਦੇ ਅਧਿਕਾਰ ਕੇਂਦਰ ਵਲੋਂ ਆਪਣੇ ਹੱਥਾਂ ਵਿਚ ਲੈ ਲਏ ਸਨ।

ਪੰਜਾਬ ਵਿਧਾਨ ਸਭਾ ਵਿਚ ਹੋਈ ਅੱਜ ਦੀ ਕਾਰਵਾਈ ਭਾਰਤ ਦੀ ਕੇਂਦਰੀ ਹਕੂਮਤ ਦੀ ਸਿੱਧੀ ਮੁਖਾਲਫਤ ਹੈ ਅਤੇ ਇਸ ਨਾਲ ਹੁਣ ਪੰਜਾਬ ਅਤੇ ਭਾਰਤ ਸਰਕਾਰ ਦਰਿਮਆਨ ਟਕਰਾਅ ਤਿੱਖਾ ਹੋਣ ਦੀ ਵੀ ਸੰਭਾਵਨਾ ਹੈ। 

ਇਸ ਦੇ ਨਾਲ ਹੀ ਵਿਧਾਨ ਸਭਾ ਦੀ ਕਾਰਵਾਈ ਤੋਂ ਕੁੱਝ ਸਮਾਂ ਬਾਅਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਅੱਜ ਸ਼ਾਮ 6 ਵਜੇ ਦੇਸ਼ ਦੇ ਨਾਂ ਸੰਦੇਸ਼ ਜਾਰੀ ਕਰਨਗੇ। ਭਾਵੇਂ ਕਿ ਉਹਨਾਂ ਆਪਣੇ ਸੁਨੇਹੇ ਵਿਚ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਸੰਦੇਸ਼ ਕਿਸ ਮਸਲੇ ਸਬੰਧੀ ਹੋਵੇਗਾ ਪਰ ਇਸ ਸੁਨੇਹੇ ਨੇ ਪੰਜਾਬ ਦੀ ਸਿਆਸਤ ਵਿਚ ਹਿਲਜੁਲ ਵਧਾ ਦਿੱਤੀ ਹੈ। 

ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਬਿੱਲ, ""ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਜ਼ਰੂਰੀ ਵਸਤੂਆਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020" ਪੇਸ਼ ਕੀਤੇ। 

ਪਹਿਲੇ ਸੋਧ ਬਿਲ ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਰੇਟ ਦੇਣ ਵਾਲੇ ਨੂੰ ਜੁਰਮਾਨਾ ਤੇ ਤਿੰਨ ਸਾਲ ਦੀ ਕੈਦ ਹੋਵੇਗੀ। ਦੂਜੇ ਬਿਲ ਤਹਿਤ ਕੰਨਟਰੈਕਟ ਖੇਤੀ ਕਰਨ ਵਾਲੇ ਖਰੀਦਦਾਰ ਜੇਕਰ ਘੱਟੋ ਘੱਟ ਸਮਰਥਨ ਮੁੱਲ ਨਹੀਂ ਦਿੰਦੇ ਤਾਂ ਉਹ ਤਿੰਨ ਸਾਲ ਤੱਕ ਦੀ ਕੈਦ ਦੇ ਹੱਕਦਾਰ ਹੋਣਗੇ। ਤੀਜੇ ਬਿਲ ਤਹਿਤ ਕੋਈ ਵੀ ਵਪਾਰੀ ਇਕ ਤੈਅ ਹੱਦ ਤੋਂ ਵੱਧ ਜਮਾਖੋਰੀ ਕਰਨ ਤੇ ਤਿੰਨ ਸਾਲ ਕੈਦ ਦਾ ਹੱਕਦਾਰ ਹੋਵੇਗਾ।

ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਸੀ ਕਿ ਭਾਵੇਂ ਭਾਰਤ ਦੀ ਕੇਂਦਰ ਸਰਕਾਰ ਉਹਨਾਂ ਦੀ ਸੂਬਾ ਸਰਕਾਰ ਨੂੰ ਬਰਖਾਸਤ ਕਰ ਦਵੇ ਪਰ ਉਹ ਕਿਸਾਨਾਂ ਦੇ ਹੱਕ ਵਿਚ ਡਟੇ ਰਹਿਣਗੇ।