ਕੈਪਟਨ ਅਮਰਿੰਦਰ ਸਿੰਘ 4 ਵਜੇ ਰਾਜਪਾਲ ਨੂੰ ਮਿਲਣ ਜਾਣਗੇ

ਕੈਪਟਨ ਅਮਰਿੰਦਰ ਸਿੰਘ 4 ਵਜੇ ਰਾਜਪਾਲ ਨੂੰ ਮਿਲਣ ਜਾਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮ 4 ਵਜੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਣ ਜਾਣਗੇ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ ਜਾਣਗੇ। 

ਪ੍ਰਾਪਤ ਜਾਣਕਾਰੀ ਮੁਤਾਬਕ ਉਹ ਇਸ ਮੁਲਾਕਾਤ ਵਿਚ ਅੱਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲ ਰਾਸ਼ਟਰਪਤੀ ਦੇ ਦਸਤਖਤਾਂ ਲਈ ਰਾਜਪਾਲ ਨੂੰ ਸੌਂਪਣਗੇ। 

ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਬਿੱਲ ਪੰਜਾਬ ਦੀ ਵਿਧਾਨ ਸਭਾ ਵਿਚ ਪੇਸ਼ ਕੀਤੇ ਸਨ। 

ਪੰਜਾਬ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਬਿੱਲ, ""ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਜ਼ਰੂਰੀ ਵਸਤੂਆਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020" ਪੇਸ਼ ਕੀਤੇ। 

ਪਹਿਲੇ ਸੋਧ ਬਿਲ ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਰੇਟ ਦੇਣ ਵਾਲੇ ਨੂੰ ਜੁਰਮਾਨਾ ਤੇ ਤਿੰਨ ਸਾਲ ਦੀ ਕੈਦ ਹੋਵੇਗੀ। ਦੂਜੇ ਬਿਲ ਤਹਿਤ ਕੰਨਟਰੈਕਟ ਖੇਤੀ ਕਰਨ ਵਾਲੇ ਖਰੀਦਦਾਰ ਜੇਕਰ ਘੱਟੋ ਘੱਟ ਸਮਰਥਨ ਮੁੱਲ ਨਹੀਂ ਦਿੰਦੇ ਤਾਂ ਉਹ ਤਿੰਨ ਸਾਲ ਤੱਕ ਦੀ ਕੈਦ ਦੇ ਹੱਕਦਾਰ ਹੋਣਗੇ। ਤੀਜੇ ਬਿਲ ਤਹਿਤ ਕੋਈ ਵੀ ਵਪਾਰੀ ਇਕ ਤੈਅ ਹੱਦ ਤੋਂ ਵੱਧ ਜਮਾਖੋਰੀ ਕਰਨ ਤੇ ਤਿੰਨ ਸਾਲ ਕੈਦ ਦਾ ਹੱਕਦਾਰ ਹੋਵੇਗਾ।