ਮਾਲੀ ਵਿਚ ਫੌਜ ਨੇ ਤਖਤਾ ਪਲਟਿਆ; ਰਾਸ਼ਟਰਪਤੀ ਦੀ ਪੁੜਪੜੀ 'ਤੇ ਪਿਸਤੌਲ ਰੱਖ ਕੇ ਲਿਆ ਅਸਤੀਫਾ

ਮਾਲੀ ਵਿਚ ਫੌਜ ਨੇ ਤਖਤਾ ਪਲਟਿਆ; ਰਾਸ਼ਟਰਪਤੀ ਦੀ ਪੁੜਪੜੀ 'ਤੇ ਪਿਸਤੌਲ ਰੱਖ ਕੇ ਲਿਆ ਅਸਤੀਫਾ

ਅਮ੍ਰਿਤਸਰ ਟਾਈਮਜ਼ ਬਿਊਰੋ

ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਵਿਚ ਬਾਗੀਆਂ ਨੇ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ ਹੈ। ਬਾਗੀਆਂ ਨੇ ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬਾਉਬਕਰ ਕੀਤਾ ਦੇ ਘਰ 'ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦੀ ਪੁੜਪੜੀ 'ਤੇ ਪਿਸਤੌਲ ਰੱਖ ਕੇ ਅਸਤੀਫੇ 'ਤੇ ਦਸਤਖਤ ਕਰਵਾਏ। 

ਦੱਸ ਦਈਏ ਕਿ ਮਾਲੀ ਵਿਚ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਘਪਲੇਬਾਜ਼ੀ ਅਤੇ ਰਿਸ਼ਤਵਖੋਰੀ ਖਿਲਾਫ ਲੋਕ ਲਹਿਰ ਚੱਲ ਰਹੀ ਸੀ। ਇਸ ਵਿਰੋਧ ਦੇ ਸਮਰਥਨ ਵਿਚ ਹੀ ਮਾਲੀ ਦੀ ਫੌਜ ਦੇ ਇਕ ਹਿੱਸੇ ਨੇ ਸਰਕਾਰ ਖਿਲਾਫ ਹਥਿਆਰਬੰਦ ਬਗਾਵਤ ਕਰ ਦਿੱਤੀ।

ਬਾਗੀਆਂ ਨੇ ਆਪਣੀ ਜਥੇਬੰਦੀ ਨੂੰ ਲੋਕਾਂ ਦੀ ਮੁਕਤੀ ਲਈ ਕੌਮੀ ਕਮੇਟੀ ਦਾ ਨਾਂ ਦਿੱਤਾ ਹੈ। ਦੇਸ਼ ਦੇ ਸਰਕਾਰੀ ਟੀਵੀ ਚੈਨਲ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਗੀ ਆਗੂਆਂ ਨੇ ਦੇਸ਼ ਵਿਚ ਸਥਿਰਤਾ ਲਿਆਉਣ ਦਾ ਵਾਅਦਾ ਕੀਤਾ।

ਮਾਲੀ ਦੀ ਹਵਾਈ ਫੌਜ ਦੇ ਡਿਪਟੀ ਚੀਫ ਇਸਮਾਈਲ ਵੇਗ ਨੇ ਕਿਹਾ ਕਿ ਉਹਨਾਂ ਨੇ ਇਹ ਤਖਤਾ ਪਲਟ ਸੱਤਾ ਹਥਿਆਉਣ ਲਈ ਨਹੀਂ ਕੀਤਾ ਬਲਕਿ ਦੇਸ਼ ਵਿਚ ਸਥਿਰਤਾ ਲਿਆਉਣ ਲਈ ਕੀਤਾ ਹੈ। ਉਹਨਾਂ ਦੇਸ਼ਾਂ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰਨ ਦਾ ਐਲਾਨ ਕਰਦਿਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦਾ ਐਲਾਨ ਕਰ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ ਮਾਲੀ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਸੱਦੀ ਹੈ। ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਰਾਸ਼ਟਰਪਤੀ ਕੀਤਾ ਨੇ ਸਰਕਾਰੀ ਟੈਲੀਵਿਜ਼ਨ ਓਆਰਟੀਐੱਮ 'ਤੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਤੁਰੰਤ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਸੱਤਾ ਵਿੱਚ ਰੱਖਣ ਲਈ ਕੋਈ ਖੂਨ ਵਹਾਇਆ ਨਹੀਂ ਜਾਵੇ। ਮੈਂ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਨੈਸ਼ਨਲ ਅਸੈਂਬਲੀ ਭੰਗ ਹੋ ਗਈ ਹੈ।