ਵਿਦੇਸ਼ਾਂ ਵਲ ਉੱਡੇ  ਪੰਜਾਬੀ ਪੰਜਾਬ ’ਚ ਕਰੀਬ 55 ਲੱਖ ਘਰ, ਸਤ ਵਰਿਆਂ ਵਿਚ ਬਣੇ  54 ਲੱਖ ਪਾਸਪੋਰਟ

ਵਿਦੇਸ਼ਾਂ ਵਲ ਉੱਡੇ  ਪੰਜਾਬੀ ਪੰਜਾਬ ’ਚ ਕਰੀਬ 55 ਲੱਖ ਘਰ, ਸਤ ਵਰਿਆਂ ਵਿਚ ਬਣੇ  54 ਲੱਖ ਪਾਸਪੋਰਟ

* ਕਰੋਨਾ ਦੇ ਪਰਛਾਵੇਂ ਨੇ ਪਾਸਪੋਰਟਾਂ ਦੀ ਹਨੇਰੀ ਠੱਲ੍ਹੀ

* ਪਾਸਪੋਰਟ ਬਣਾਉਣ ਵਿੱਚ ਪੰਜਾਬ ਪੰਜਵੇਂ ਨੰਬਰ ’ਤੇ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਚੰਡੀਗੜ੍ਹ:ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਕੇ ਲੱਗਦਾ ਹੈ ਕਿ ਇਸ ਮਾਮਲੇ ’ਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਹੈ। ਪੰਜਾਬ ’ਚ ਕਰੀਬ 55 ਲੱਖ ਘਰ ਹਨ ਜਦਕਿ ਲੰਘੇ ਸੱਤ ਵਰ੍ਹਿਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ, ਭਾਵ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ੍ਹ ਨੂੰ ਠੱਲ੍ਹ ਪਾਈ ਹੈ।ਦੱਸਣਯੋਗ ਹੈ ਕਿ ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣ ਰਹੇ ਹਨ। ਉੱਤਰੀ ਭਾਰਤ ’ਚੋਂ ਪੰਜਾਬ ਨੇ ਇਸ ਮਾਮਲੇ ’ਚ ਪਹਿਲਾ ਨੰਬਰ ਹਾਸਲ ਕੀਤਾ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਲੰਘੇ ਵਰ੍ਹੇ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ ਜਦਕਿ ਸਾਲ 2019 ਵਿੱਚ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿੱਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ ਪੰਜਾਹ ਫ਼ੀਸਦੀ ਥੱਲੇ ਆਈ ਹੈ। ਸਾਲ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਸਨ ਜਦਕਿ ਸਾਲ 2020 (ਮਹਾਮਾਰੀ ਵਾਲਾ ਸਾਲ) ਦੌਰਾਨ ਰੋਜ਼ਾਨਾ ਔਸਤਨ 1321 ਪਾਸਪੋਰਟ ਬਣੇ ਹਨ।

ਚਾਲੂ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿੱਚ ਨਵੇਂ ਪਾਸਪੋਰਟ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪਰ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿੱਚ ਜੁਟਿਆ ਰਿਹਾ ਹੈ। ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜ਼ਾਰ ਰੁਪਏ ਤੋਂ ਵੱਧ ਖਰਚ ਆਉਂਦਾ ਹੈ ਅਤੇ ਲੰਘੇ ਸੱਤ ਸਾਲਾਂ ਵਿੱਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ।ਕੈਨੇਡਾ ਵਸਦੇ ਪਰਵਾਸੀ ਭਾਰਤੀ ਕਮਲਜੀਤ ਸਿੱਧੂ (ਰਾਈਆ) ਦਾ ਕਹਿਣਾ ਸੀ ਕਿ ਸਮੁੱਚਾ ਵਿਸ਼ਵ ਕਰੋਨਾ ਦੀ ਲਪੇਟ ਵਿੱਚ ਆਇਆ ਹੈ ਜਿਸ ਕਰਕੇ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਸਾਲ 2017 ਤੋਂ ਪਾਸਪੋਰਟ ਬਣਾਉਣ ਲਈ ਰਫ਼ਤਾਰ ਫੜੀ ਹੈ ਅਤੇ ਇਸ ਵਰ੍ਹੇ ਦੌਰਾਨ 9.73 ਲੱਖ ਪਾਸਪੋਰਟ ਬਣੇ, ਜਦਕਿ ਸਾਲ 2018 ਵਿੱਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।

ਪੰਜਾਬ ਵਿੱਚ ਸਾਲ 2014 ਵਿੱਚ 5.48 ਲੱਖ, 2015 ਵਿੱਚ 6.65 ਲੱਖ ਅਤੇ ਸਾਲ 2016 ਵਿੱਚ 6.59 ਲੱਖ ਪਾਸਪੋਰਟ ਬਣੇ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ।ਪੰਜਾਬ ਵਿੱਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿੱਥੇ ਮਹਾਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉੱਥੇ ਹੀ ਵਿਦੇਸ਼ ਜਾਣ ਵਾਲੇ ਮੁੰਡੇ-ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ।

ਪਾਸਪੋਰਟ ਬਣਾਉਣ ਵਿੱਚ ਪੰਜਾਬ ਪੰਜਵੇਂ ਨੰਬਰ ’ਤੇ

ਅੰਦਾਜ਼ੇ ਅਨੁਸਾਰ ਦੇਸ਼ ਭਰ ਵਿੱਚੋਂ ਕਰੀਬ 9 ਤੋਂ 10 ਫ਼ੀਸਦੀ ਪਾਸਪੋਰਟ ਇਕੱਲੇ ਪੰਜਾਬ ’ਚ ਬਣਦੇ ਹਨ। ਮੁਲਕ ਭਰ ’ਚੋਂ ਪੰਜਾਬ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਪੰਜਵੇਂ ਨੰਬਰ ’ਤੇ ਹੈ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲੀਸ ਨੂੰ ਵੀ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਹੁੰਦੀ ਹੈ।