ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਸ਼੍ਰੋਮਣੀ  ਕਮੇਟੀ ਵਲੋਂ ਸਖ਼ਤ ਨੋਟਿਸ 

ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਸ਼੍ਰੋਮਣੀ  ਕਮੇਟੀ ਵਲੋਂ ਸਖ਼ਤ ਨੋਟਿਸ 

 ਅੰਮ੍ਰਿਤਸਰ ਟਾਈਮਜ਼ ਬਿਉਰੋ 

 

ਅੰਮ੍ਰਿਤਸਰ: ਐਮਾਜ਼ੋਨ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਅਤੇ ਗੁਟਕਾ ਸਾਹਿਬ ਵੇਚਣ ਦਾ ਸ਼੍ਰੋਮਣੀ  ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਕੰਪਨੀ ਦੀ ਕਾਰਵਾਈ ਨੂੰ ਸਿੱਖ ਸਿਧਾਂਤਾਂ ਦੇ ਵਿਰੁੱਧ ਦੱਸਦਿਆਂ ਕਾਨੂੰਨੀ ਨੋਟਿਸ ਭੇਜਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਸਿੱਖ ਜਥੇਬੰਦੀ ‘ਸਿੱਖ ਯੂਥ ਪਾਵਰ ਆਫ ਪੰਜਾਬ’ ਨੇ ਐਮਾਜ਼ੋਨ ਦੇ ਦਫ਼ਤਰਾਂ ਬਾਹਰ ਪ੍ਰਦਰਸ਼ਨ ਵੀ ਕੀਤਾ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਟਕਾ ਸਾਹਿਬਾਨ ਦੀ ਆਨਲਾਈਨ ਵਿਕਰੀ ਕਰਨਾ ਠੀਕ ਨਹੀਂ। ਇਸ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।

ਉਨ੍ਹਾਂ ਕੰਪਨੀ ਨੂੰ ਆਪਣੀ ਵੈੱਬਸਾਈਟ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਅਤੇ ਗੁਟਕਿਆਂ ਦੀ ਵਿਕਰੀ ਦਾ ਪ੍ਰਚਾਰ ਤੁਰੰਤ ਹਟਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਤੁਰੰਤ ਸਪੱਸ਼ਟੀਕਰਨ ਨਾ ਭੇਜਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਪਰਮਜੀਤ ਸਿੰਘ ਅਕਾਲੀ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਕੰਪਨੀ ਨੇ ਸੈਂਚੀਆਂ, ਪੋਥੀਆਂ ਅਤੇ ਗੁਟਕਾ ਸਾਹਿਬ ਆਦਿ ਆਨਲਾਈਨ ਵੇਚਣਾ ਬੰਦ ਨਾ ਕੀਤਾ ਤਾਂ ਜਥੇਬੰਦੀ ਸੰਗਤ ਦੇ ਸਹਿਯੋਗ ਨਾਲ ਇਹ ਦਫ਼ਤਰ ਬੰਦ ਕਰਵਾਏਗੀ।ਇਸੇ ਤਰ੍ਹਾਂ ਕੇਸ ਰਹਿਤ ਨੌਜਵਾਨ ਦੀ ਕਿਰਪਾਨ ਪਾ ਕੇ ਭੰਗੜਾ ਪਾਉਣ ਦੀ ਵਾਇਰਲ ਹੋਈ ਵੀਡੀਓ ਸਬੰਧੀ ਵੀ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਮੁੱਖ ਸਕੱਤਰ ਧਾਮੀ ਨੇ ਕਿਹਾ ਕਿ ਇਸ ਸਬੰਧੀ ਸਾਈਬਰ ਕਰਾਈਮ ਸੈੱਲ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।