ਮਾਮਲਾ ਡੇਰਾ ਪ੍ਰੇਮੀ ਦੀ ਹਤਿਆ ਦਾ

ਮਾਮਲਾ ਡੇਰਾ ਪ੍ਰੇਮੀ ਦੀ ਹਤਿਆ ਦਾ

  * ਮੋਗਾ ਨੇੜਿਓਂਂ ਦੋ ਖ਼ਾਲਿਸਤਾਨੀ  ਅਸਲ੍ਹੇ ਸਮੇਤ ਫੜੇ ਇਕ ਦੀ ਭਾਲ ਜਾਰੀ,

  *ਤਿੰਨ ਸਹਿ-ਸਾਜਿਸ਼ਕਰਤਾ ਕੈਨੇਡਾ 'ਚ-ਡੀ.ਜੀ.ਪੀ.

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ-ਪੰਜਾਬ ਪੁਲਿਸ ਵਲੋਂ ਦੋ ਖ਼ਾਲਿਸਤਾਨੀ ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਦੀ ਹੱਤਿਆ ਤੇ ਫਿਲੌਰ 'ਚ ਇਕ ਪੁਜਾਰੀ 'ਤੇ ਗੋਲੀਆਂ ਚਲਾਉਣ ਸਮੇਤ ਪਿਛਲੇ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਕਈ ਵਾਰਦਾਤਾਂ 'ਚ ਸ਼ਾਮਿਲ ਸਨ ।ਇਹ ਦੋਵੇਂ ਕੈਨੇਡਾ ਆਧਾਰਿਤ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ, ਜਿਸ ਦਾ ਨਾ ਖ਼ਾਲਿਸਤਾਨੀ ਸੰਚਾਲਕਾਂ ਦੀ ਸੂਚੀ 'ਚ ਪਾਇਆ ਗਿਆ ਸੀ, ਜਿਹੜੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਲ 2018 ਵਿਚ ਉਨ੍ਹਾਂ ਦੇ ਭਾਰਤ ਦੌਰੇ ਸਮੇਂ ਸੌਂਪੀ ਸੀ । ਲਵਪ੍ਰੀਤ ਸਿੰਘ ਉਰਫ਼ ਰਵੀ ਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਬੀਤੇ ਦਿਨੀਂ  ਰੇਲਵੇ ਕਰਾਸਿੰਗ ਮਹਿਣਾ, ਜ਼ਿਲ੍ਹਾ ਮੋਗਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਤੋਂ ਗਿ੍ਫ਼ਤਾਰ ਕਰਕੇ ਪੁਲਿਸ ਵਲੋਂ ਇਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ, ਜਿਸ ਨੂੰ ਇਹ ਦੋਵੇਂ ਪਾਵਨ ਸਰੂਪਾਂ ਦੇ ਬੇਅਦਬੀ ਮਾਮਲਿਆਂ ਸਬੰਧੀ ਬਦਲਾ ਲੈਣ ਲਈ ਨਿਸ਼ਾਨਾ ਬਣਾਉਣ ਵਾਲੇ ਸਨ ।ਗਿ੍ਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਤਿੰਨ .32 ਬੋਰ ਪਿਸਤੌਲਾਂ ਤੇ ਇਸ ਦੇ 38 ਕਾਰਤੂਸਾਂ, ਇਕ .315 ਬੋਰ ਪਿਸਤੌਲ ਤੇ ਇਸ ਦੇ 10 ਕਾਰਤੂਸਾਂ ਤੋਂ ਇਲਾਵਾ ਦੋ ਮੈਗਜੀਨ ਬਰਾਮਦ ਕੀਤੇ ਗਏ ਹਨ ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਨਿੱਜਰ ਤੋਂ ਇਲਾਵਾ ਕੇ.ਟੀ.ਐਫ. ਦੇ ਤਿੰਨ ਹੋਰ  ਮਾਸਟਰਮਾਈਂਂਡ ਹਨ, ਜਿਨ੍ਹਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਤੇ ਚਰਨਜੀਤ ਉਰਫ਼ ਰਿੰਕੂ ਬੀਹਲਾ ਵਜੋਂ ਕੀਤੀ ਗਈ ਹੈ, ਇਹ ਸਰੀ  ਕੈਨੇਡਾ 'ਚ ਛੁਪੇ ਹੋਏ ਹਨ, ਜਦਕਿ ਕਮਲਜੀਤ ਸ਼ਰਮਾ ਹਾਲੇ ਫ਼ਰਾਰ ਹੈ । ਉਨ੍ਹਾਂ ਅੱਗੇ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼  ਪਿੰਡ ਡੱਲਾ (ਮੋਗਾ) ਅਤੇ ਰਮਨਦੀਪ ਸਿੰਘ ਉਰਫ਼ ਰਮਨ ਜੱਜ  ਫਿਰੋਜ਼ਪੁਰ ਕ੍ਰਮਵਾਰ 2019 ਅਤੇ 2017 ਵਿਚ ਕਾਨੂੰਨੀ ਤੌਰ 'ਤੇ ਕੈਨੇਡਾ ਗਏ ਸਨ, ਜਦਕਿ ਚਰਨਜੀਤ ਸਿੰਘ ਉਰਫ਼ ਰਿੰਕੂ ਵਾਸੀ ਪਿੰਡ ਬੀਹਲਾ, ਜ਼ਿਲ੍ਹਾ ਬਰਨਾਲਾ ਲਗਪਗ 2013-14 ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਗਿਆ ਸੀ ।ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ, ਜਿਸ ਦੀ ਅਗਵਾਈ ਐਸ.ਐਸ.ਪੀ. ਮੋਗਾ ਹਰਮਨਬੀਰ ਸਿੰਘ ਗਿਲ ਨੇ ਕੀਤੀ ਸੀ, ਦੌਰਾਨ ਪਤਾ ਲੱਗਾ ਕਿ ਲਵਪ੍ਰੀਤ ਉਰਫ਼ ਰਵੀ ਤੇ ਕਮਲਜੀਤ ਸ਼ਰਮਾ ਉਰਫ਼ ਕਮਲ, ਅਰਸ਼ਦੀਪ ਨੂੰ ਜਾਣਦੇ ਸਨ, ਕਿਉਂਕਿ ਇਹ ਸਾਰੇ ਬਚਪਨ ਤੋਂ ਹੀ ਇਕੋ ਪਿੰਡ ਨਾਲ ਸਬੰਧਤ ਸਨ । ਰਾਮ ਸਿੰਘ ਉਰਫ਼ ਸੋਨੂੰ ਵਾਸੀ ਘੱਲ ਖੁਰਦ, ਜੋ ਆਈ.ਟੀ.ਆਈ. ਮੋਗਾ ਦਾ ਵਿਦਿਆਰਥੀ ਸੀ, ਕਮਲ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦਾ ਸੀ । ਅਰਸ਼ਦੀਪ ਨੇ ਇਨ੍ਹਾਂ ਸਾਰਿਆਂ ਨੂੰ ਪੈਸੇ ਦਿੱਤੇ ਸਨ, ਜੋ ਉਸ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਜ਼ਰੀਏ ਭੇਜੇ ਸਨ। ਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਤੇ ਕਮਲ ਨੇ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕੀਤੀ ਸੀ ।ਉਨ੍ਹਾਂ ਦੱਸਿਆ ਕਿ ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਰ ਸਿੰਘਪੁਰਾ 'ਚ ਇਕ ਪੁਜਾਰੀ ਕਮਲਦੀਪ ਸ਼ਰਮਾ 'ਤੇ ਗੋਲੀਬਾਰੀ 'ਚ ਵੀ ਸੋਨੂੰ ਅਤੇ ਕਮਲ ਸ਼ਾਮਿਲ ਸਨ ।ਕਮਲ ਤੇ ਰਵੀ ਨੇ ਅਰਸ਼ਦੀਪ (ਜੋ ਉਸ ਸਮੇਂ ਭਾਰਤ ਆਇਆ ਸੀ) ਨਾਲ ਮਿਲ ਕੇ 27 ਜੂਨ, 2020 ਨੂੰ ਆਪਣੇ ਸਾਥੀ ਸੁੱਖਾ ਲੰਮਾ ਦੀ ਹੱਤਿਆ ਕਰ ਦਿੱਤੀ ਸੀ, ਜਦੋਂਕਿ ਇਸ ਤੋਂ ਪਹਿਲਾਂ 25 ਜੂਨ ਨੂੰ ਰਵੀ, ਕਮਲ ਤੇ ਸੁੱਖਾ ਨੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਲੰਮਾ ਜੱਟਪੁਰਾ ਵਿਖੇ ਮਾਨ ਦੀ ਰਿਹਾਇਸ 'ਤੇ ਗੋਲੀਬਾਰੀ ਵੀ ਕੀਤੀ ਸੀ । ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਬਾਅਦ, 14 ਜੁਲਾਈ, 2020 ਨੂੰ ਰਵੀ ਤੇ ਕਮਲ ਨੇ ਮੋਗਾ ਸ਼ਹਿਰ ਦੇ ਸੁਪਰ ਸਾਈਨ ਕੱਪੜੇ ਦੇ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਦੀ ਫਿਰੌਤੀ ਲਈ ਹੱਤਿਆ ਕਰ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਇਸ ਸਾਲ 9 ਫਰਵਰੀ ਨੂੰ , ਰਵੀ ਤੇ ਸੋਨੂੰ ਨੇ ਸ਼ਰਮਾ ਸਵੀਟਸ, ਮੋਗਾ ਦੇ ਮਾਲਕ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ।ਡੀ.ਜੀ.ਪੀ. ਨੇ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਬੰਧਾਂ ਤੇ ਪਹਿਲਾਂ ਕੀਤੇ ਹੋਰ ਅਪਰਾਧਾਂ ਦਾ ਪਤਾ ਲਗਾਉਣ ਸਬੰਧੀ ਜਾਂਚ ਜਾਰੀ ਹੈ, ਜਦੋਂਕਿ ਫ਼ਰਾਰ ਮੁਲਜ਼ਮ ਕਮਲ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।