ਕੋਰੋਨਾ ਕਾਰਣ  ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ  ਸਮਾਗਮ  ਸੰਕੇਤਕ ਹੋਣਗੇ

ਕੋਰੋਨਾ ਕਾਰਣ  ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ  ਸਮਾਗਮ  ਸੰਕੇਤਕ ਹੋਣਗੇ

ਪ੍ਰੋਗਰਾਮਾਂ ਦਾ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਚੈਨਲਾਂ ਰਹੀ ਸਿੱਧਾ ਪ੍ਰਸਾਰਨ

ਬੀਬੀ ਜਗੀਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ  ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਦਿਤਾ ਸੱਦਾ ਅੰਮਿ੍ਤਸਰ-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ 1 ਮਈ ਨੂੰ ਮਨਾਇਆ ਜਾ ਰਿਹਾ ਹੈ ।ਇਹ ਪਵਿੱਤਰ ਦਿਹਾੜਾ ਮਨਾਉਣ ਲਈ ਪਿਛਲੀਆਂ ਲੰਘੀਆਂ ਸ਼ਤਾਬਦੀਆਂ ਦੀ ਤਰ੍ਹਾਂ ਵੱਡੇ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋ ਗਈਆਂ ਸਨ ਅਤੇ ਪ੍ਰੋਗਰਾਮਾਂ ਦੀਆਂ ਰੂਪ ਰੇਖਾ ਤਿਆਰ ਕਰਨ ਲਈ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਕੇ ਸਮਾਗਮਾਂ ਸਬੰਧੀ ਪ੍ਰੋਗਰਾਮ ਵੀ ਉਲੀਕੇ ਗਏ ਸਨ ਪਰ ਕੋਰੋਨਾ ਨੇ ਇਨ੍ਹਾਂ ਕੀਤੀਆਂ ਤਿਆਰੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ । ਪੰਜਾਬ ਸਰਕਾਰ ਵਲੋਂ ਇਸ ਸਬੰਧੀ ਪਟਿਆਲਾ ਵਿਖੇ ਸਮਾਗਮ ਕਰਨ ਦੀਆਂ ਤਿਆਰੀਆਂ ਕੀਤੀਆਂ ਸਨ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਵਲੋਂ ਹੋਰ ਵੱਖ-ਵੱਖ ਸਿੱਖ ਸੰਪਰਦਾਵਾਂ, ਧਾਰਮਿਕ ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸ਼ਹਿਰ ਦੇ ਬਾਹਰਵਾਰ ਪੈਂਦੇ ਭਾਈ ਗੁਰਦਾਸ ਜੀ ਨਗਰ ਵਿਖੇ ਵਿਸ਼ਾਲ ਸਮਾਗਮ ਕਰਨ ਲਈਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਹੁਣ ਪੰਜਾਬ ਸਰਕਾਰ ਵਲੋਂ ਜਿੱਥੇ ਇਹ ਸਾਰੇ ਸਮਾਗਮ ਵਰਚੂਅਲ ਢੰਗ ਨਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉੱਥੇ ਸ਼ੋ੍ਰਮਣੀ ਕਮੇਟੀ ਵਲੋਂ ਇਹ ਸ਼ਤਾਬਦੀ ਸਮਾਗਮ ਸੰਕੋਚ ਕੇ ਕੀਤੇ ਜਾ ਰਹੇ ਹਨ । ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਹਾਲਾਤ ਨੂੰ ਧਿਆਨ 'ਚ ਰੱਖ ਕੇ ਸੰਗਤਾਂ ਦਾ ਵਧੇਰੇ ਇਕੱਠ ਹੋਣ ਤੋਂ ਰੋਕਣ ਲਈ ਆਪਣੇ ਪ੍ਰੋਗਰਾਮਾਂ ਦਾ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਚੈਨਲਾਂ ਰਹੀ ਸਿੱਧਾ ਪ੍ਰਸਾਰਨ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਆਪਣੇ ਘਰਾਂ 'ਚ ਬੈਠ ਕੇ ਹੀ ਸ਼ਤਾਬਦੀ ਸਮਾਗਮਾਂ ਦਾ ਅਨੰਦ ਮਾਣ ਸਕਣ।

ਬੀਬੀ ਜਗੀਰ ਕੌਰ ਵਲੋਂ ਕੈਪਟਨ ਨਾਲ ਮੁਲਾਕਾਤ- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਕੁਝ ਜ਼ਰੂਰੀ ਮਸਲਿਆਂ ਦੇ ਹੱਲ ਲਈ ਮੰਗ-ਪੱਤਰ ਦਿੱਤਾ । ਮੁਲਾਕਾਤ ਦੌਰਾਨ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਦਾ ਮਾਮਲਾ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਸੋਲਰ ਸਿਸਟਮ ਲਗਾਉਣ ਦੇ ਨਾਲ-ਨਾਲ ਸਰਾਵਾਂ ਲਈ ਨਕਸ਼ਿਆਂ ਨੂੰ ਮਨਜ਼ੂਰੀ ਦੇਣ ਸਮੇਤ ਹੋਰ ਅਹਿਮ ਮਸਲਿਆਂ ਵਿਚ ਦਖ਼ਲ ਦੇ ਕੇ ਹੱਲ ਦੀ ਅਪੀਲ ਕੀਤੀ । ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਕਰੀਬ 12 ਏਕੜ ਜ਼ਮੀਨ ਨੂੰ ਗਮਾਡਾ ਐਕਵਾਇਰ ਕਰਨੀ ਚਾਹੁੰਦਾ ਹੈ, ਜਿਸ ਨੂੰ ਰੋਕਣ ਲਈ ਮੁੱਖ ਮੰਤਰੀ ਨੂੰ ਆਖਿਆ ਗਿਆ ਹੈ ।ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਏ ਜਾ ਰਹੇ ਸੋਲਰ ਸਿਸਟਮ ਦਾ ਮਸਲਾ ਵੀ ਉਠਾਇਆ ਗਿਆ ਹੈ ।ਸ਼੍ਰੋਮਣੀ ਕਮੇਟੀ 2.2 ਮੈਗਾਵਾਟ ਦਾ ਸੋਲਰ ਸਿਸਟਮ ਸੰਗਤ ਦੇ ਸਹਿਯੋਗ ਨਾਲ ਲਗਾਉਣਾ ਚਾਹੁੰਦੀ ਹੈ ।ਇਸ ਲਈ ਨੇੜੇ ਜਗ੍ਹਾ ਨਾ ਹੋਣ ਕਾਰਨ ਗੁਰਦੁਆਰਾ ਸਤਲਾਣੀ ਸਾਹਿਬ ਦੀ ਜ਼ਮੀਨ ਵਿਚ ਲਗਾਉਣ ਦੀ ਯੋਜਨਾ ਹੈ, ਜਿਸ ਸਬੰਧ ਵਿਚ ਮਨਜ਼ੂਰੀ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ । ਮੁੱਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਐਸ.ਸੀ. ਕੋਟੇ ਦੀ ਸਕਾਰਲਸ਼ਿਪ ਜੋ 43 ਕਰੋੜ ਰੁਪਏ ਦੇ ਕਰੀਬ ਹੈ, ਤੁਰੰਤ ਜਾਰੀ ਕਰਨ ਲਈ ਵੀ ਕਿਹਾ ਗਿਆ । ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਸੀ ਪਠਾਣਾ ਜੇਲ੍ਹ ਨੂੰ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰਨ ਅਤੇ ਦੀਵਾਨ ਟੋਡਰ ਮੱਲ ਦੀ ਹਵੇਲੀ ਲਈ ਕਾਰਜ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਗਈ ਹੈ । ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਾਰੇ ਮਾਮਲਿਆਂ ਬਾਰੇ ਹਾਂ ਪੱਖੀ ਹੁੰਗਾਰਾ ਦਿੰਦਿਆਂ ਜਲਦ ਹੱਲ ਦਾ ਭਰੋਸਾ ਦਿੱਤਾ ਹੈ । ਬੀਬੀ ਜਗੀਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ । ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਾਂਮਾਰੀ ਕਾਰਨ ਸ਼ਤਾਬਦੀ ਸਮਾਗਮ ਸੰਕੇਤਕ ਰੂਪ ਵਿਚ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ 29 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਗੁਰੂ ਸਾਹਿਬ ਦੀ ਪ੍ਰਕਾਸ਼ ਨਗਰੀ  ਅੰਮਿ੍ਤਸਰ ਵਿਖੇ ਸਮਾਗਮ ਕੀਤੇ ਜਾਣੇ ਹਨ ।