400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਕਮੇਟੀ ਵਲੋਂ ਜਾਰੀ ਚਾਂਦੀ ਦਾ ਸਿੱਕਾ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਕਮੇਟੀ ਵਲੋਂ ਜਾਰੀ ਚਾਂਦੀ ਦਾ ਸਿੱਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ ਗਿਆ । ਇਸ ਸਿੱਕੇ 'ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਤੇ ਸ਼ਹੀਦੀ ਅਸਥਾਨ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ ।

ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਸਿੱਕੇ 10 ਅਤੇ 20 ਗ੍ਰਾਮ ਦੋ ਤਰ੍ਹਾਂ ਦੇ ਤਿਆਰ ਕੀਤੇ ਗਏ ਹਨ ਤੇ ਪਹਿਲੇ ਲਾਟ ਵਿਚ 1200 ਸਿੱਕੇ ਤਿਆਰ ਕੀਤੇ ਗਏ ਹਨ । ਉਕਤ ਆਗੂਆਂ ਨੇ ਦੱਸਿਆ ਕਿ 10 ਗ੍ਰਾਮ ਦੇ ਸਿੱਕੇ ਦੀ ਭੇਟਾ 1100 ਰੁਪਏ ਅਤੇ 20 ਗ੍ਰਾਮ ਦੇ ਸਿੱਕੇ ਦੀ ਭੇਟਾ 2100 ਰੁਪਏ ਰੱਖੀ ਗਈ ਹੈ । ਉਨ੍ਹਾਂ ਦੱਸਿਆ ਕਿ ਇਹ ਸਿੱਕਾ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸਮੇਤ ਸਾਰੇ ਗੁਰਦੁਆਰਾ ਸਾਹਿਬਾਨ ਵਿਚ ਉਪਲਬਧ ਹੋਵੇਗਾ ।ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸਮਾਗਮ 1 ਮਈ ਨੂੰ ਹੋਣਗੇ ਪਰ ਬਾਕੀ ਸਮਾਗਮ ਲਗਾਤਾਰ ਜਾਰੀ ਰਹਿਣਗੇ ।